ਕੇਂਦਰ ਸਰਕਾਰ ਪੰਜਾਬ ਦੀ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਵਾਲੀਆਂ ਸ਼ਕਤੀਆਂ ਦੇ ਚਿਹਰੇ ਬੇਨਕਾਬ ਕਰੇ : ਪ੍ਰੋ. ਬਡੂੰਗਰ

07/16/2017 6:50:42 AM

ਫਤਿਹਗੜ੍ਹ ਸਾਹਿਬ(ਜਗਦੇਵ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਬਣਨ 'ਤੇ ਪ੍ਰਗਟ ਕਰਦਿਆਂ ਕਿਹਾ ਕਿ ਸ. ਸਰਨਾ ਦੇ ਕੱਦ ਮੁਤਾਬਕ ਇਹ ਅਹੁਦਾ ਬਹੁਤ ਹੀ ਛੋਟਾ ਹੈ ਤੇ ਉਨ੍ਹਾਂ ਕਾਂਗਰਸ ਪਾਰਟੀ ਦੀ ਅਧੀਨਗੀ ਸਵਿਕਾਰ ਕਰ ਲਈ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸ. ਸਰਨਾ ਨੇ ਕਾਂਗਰਸ ਪਾਰਟੀ 'ਚ ਅਹੁਦਾ ਸਵਿਕਾਰ ਕਰ ਕੇ ਆਪਣਾ ਅਸਲੀ ਕਾਂਗਰਸੀ ਹੋਣ ਦਾ ਸਬੂਤ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗੰ੍ਰਥਾਂ ਦੀ ਬੇਅਦਬੀ ਦੀਆਂ ਵੱਧ ਰਹੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ-ਸ਼ਾਂਤੀ ਨੂੰ ਕੁਝ ਸ਼ਕਤੀਆਂ ਲਾਂਬੂ ਲਾਉਣਾ ਚਾਹੁੰਦੀਆਂ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਘਟਨਾਵਾਂ ਪਿੱਛੇ ਜਿਨ੍ਹਾਂ ਰਾਜ ਸ਼ਕਤੀਆਂ ਦਾ ਹੱਥ ਹੈ, ਉਨ੍ਹਾਂ ਨੂੰ ਬੇਨਕਾਬ ਕਰ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਜੀ. ਐੱਸ. ਟੀ. ਮੁੱਦੇ ਸਬੰਧੀ ਬੋਲਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਕੇਂਦਰ ਸਰਕਾਰ ਨੂੰ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਸਰਕਾਰ ਨੇ ਗੁਰਦੁਆਰਿਆਂ 'ਚ ਲੰਗਰ ਅਤੇ ਹੋਰ ਵਸਤਾਂ ਉਪਰ ਲੱਗਣ ਵਾਲੇ ਜੀ. ਐੱਸ. ਟੀ. ਨੂੰ ਖ਼ਤਮ ਨਹੀਂ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਗਰੇਵਾਲ ਅਤ੍ਰਿੰਗ ਕਮੇਟੀ ਮੈਂਬਰ, ਸੰਤਾ ਸਿੰਘ ਉਮੈਦਪੁਰੀ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਰਵਿੰਦਰ ਸਿੰਘ ਖਾਲਸਾ, ਗੁਰਦੀਪ ਸਿੰਘ ਕੰਗ ਮੈਨੇਜਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਸੁਖਦੇਵ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਰਾਣਵਾਂ ਤੇ ਹੋਰ ਪਤਵੰਤੇ ਹਾਜ਼ਰ ਸਨ