ਵਿਦਿਆਰਥੀਆਂ ਸੰਬੰਧੀ ਕੈਪਟਨ ਦਾ ਐਲਾਨ ਕਿਤੇ ਮੌੜ ਨਾ ਲਿਆਵੇ 25 ਸਾਲ ਪੁਰਾਣਾ ਲੜਾਈਆਂ ਵਾਲਾ ਦੌਰ

03/29/2018 11:14:49 AM

ਗੁਰਦਾਸਪੁਰ (ਹਰਮਨਪ੍ਰੀਤ ਸਿੰਘ)-ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਅੰਦਰ 25 ਸਾਲਾਂ ਬਾਅਦ ਮੁੜ ਵੱਖ-ਵੱਖ ਕਾਲਜਾਂ 'ਚ ਵਿਦਿਆਰਥੀ ਚੋਣਾਂ ਕਰਵਾਉਣ ਸਬੰਧੀ ਹਰੀ ਝੰਡੀ ਦੇ ਦਿੱਤੇ ਜਾਣ ਕਾਰਨ ਜਿਥੇ ਕੁਝ ਨੌਜਵਾਨਾਂ ਵੱਲੋਂ ਇਸ ਫ਼ੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ, ਉਸ ਦੇ ਨਾਲ ਹੀ ਕੁਝ ਨੌਜਵਾਨ ਵਿਦਿਆਰਥੀਆਂ ਦੇ ਮਾਪੇ ਅਤੇ ਕਾਲਜਾਂ ਦੇ ਪ੍ਰਬੰਧਕ ਇਸ ਫ਼ੈਸਲੇ ਨੂੰ ਲੈ ਕੇ ਚਿੰਤਾ ਵਿਚ ਪੈ ਗਏ ਹਨ। 'ਜਗ ਬਾਣੀ' ਵੱਲੋਂ ਅੱਜ ਵਿਦਿਆਰਥੀਆਂ ਦੇ ਮਾਪਿਆਂ, ਕਾਲਜਾਂ ਦੇ ਪ੍ਰਬੰਧਕਾਂ ਅਤੇ ਕੁਝ ਨੌਜਵਾਨਾਂ ਨਾਲ ਗੱਲਬਾਤ ਕਰਨ ਮੌਕੇ ਇਹ ਗੱਲ ਸਾਹਮਣੇ ਆਈ ਹੈ ਕਿ ਹਰ ਕੋਈ ਨੌਜਵਾਨਾਂ ਵਿਚ ਲੀਡਰਸ਼ਿਪ ਵਾਲੇ ਗੁਣ ਤਾਂ ਪੈਦਾ ਕਰਨਾ ਚਾਹੁੰਦਾ ਹੈ ਪਰ ਵਿਦਿਆਰਥੀਆਂ ਦੇ ਮਾਪੇ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਵਿਦਿਆਰਥੀ ਸੰਗਠਨਾਂ ਦੀ ਦੁਰਵਰਤੋਂ ਹੋਣ ਦਾ ਚੱਲਦਾ ਆ ਰਿਹਾ ਰੁਝਾਨ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਨੂੰ ਦਾਅ 'ਤੇ ਲਾ ਸਕਦਾ ਹੈ। 
ਉਸਾਰੂ ਕੰਮਾਂ 'ਤੇ ਲੱਗੇ ਵਿਦਿਆਰਥੀਆਂ ਦੀ ਏਕਤਾ-ਬਾਜਵਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੌੜਾ ਛੱਤਰਾਂ ਦੇ ਪਿੰ੍ਰਸੀਪਲ ਕੁਲਦੀਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਵਿਦਿਆਰਥੀ ਚੋਣਾਂ ਨੌਜਵਾਨ ਵਰਗ ਵਿਚ ਕਈ ਗੁਣ ਪੈਦਾ ਕਰਦੀਆਂ ਹਨ ਅਤੇ ਇਸ ਨਾਲ ਨੌਜਵਾਨਾਂ ਨੂੰ ਆਪਣੇ ਗੁਣਾ ਅਤੇ ਔਗੁਣਾ ਬਾਰੇ ਵੀ ਜਾਣਕਾਰੀ ਮਿਲਦੀ ਹੈ ਪਰ ਜੇਕਰ ਪਿਛੋਕੜ 'ਤੇ ਝਾਤ ਮਾਰੀਏ ਤਾਂ ਇਹ ਗੱਲ ਸਾਹਮਣੇ ਆਉਂਦੀ ਰਹੀ ਹੈ ਕਿ ਵਿਦਿਆਰਥੀ ਸੰਗਠਨ ਆਪਣੀਆਂ ਅਸਲੀ ਜ਼ਿੰਮੇਵਾਰੀਆਂ ਤੋਂ ਭੱਜ ਕੇ ਸਿਰਫ਼ ਸਿਆਸੀ ਆਗੂਆਂ ਦੇ ਹੱਥਾਂ ਵਿਚ ਖੇਡਣ ਲੱਗ ਪੈਂਦੇ ਹਨ, ਜੋ ਸਿੱਧੇ ਤੌਰ 'ਤੇ ਆਪਣੇ ਭਵਿੱਖ ਨਾਲ ਖਿਲਵਾੜ ਕਰਦੇ ਹੋਏ ਆਪਣੇ ਮਾਤਾ-ਪਿਤਾ ਦੀਆਂ ਉਮੀਦਾਂ 'ਤੇ ਵੀ ਪਾਣੀ ਫੇਰ ਦਿੰਦੇ ਹਨ। ਇਸ ਲਈ ਜੇਕਰ ਸਰਕਾਰ ਵਿਦਿਆਰਥੀ ਚੋਣਾਂ ਕਰਵਾਉਣਾ ਚਾਹੁੰਦੀ ਹੈ ਤਾਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਵਿਦਿਆਰਥੀਆਂ ਦੀ ਏਕਤਾ ਕਿਸੇ ਉਸਾਰੂ ਕੰਮ ਲਈ ਹੀ ਵਰਤੀ ਜਾਵੇ। 
ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ ਭਟਕੇ ਹੋਏ ਵਿਦਿਆਰਥੀ ਸੰਗਠਨ-ਮੋਹਿਤ ਮਹਾਜਨ
ਗੋਲਡਨ ਗਰੁੱਪ ਆਫ਼ ਇੰਸਟੀਚਿਊਟਸ ਗੁਰਦਾਸਪੁਰ ਦੇ ਮੈਨੇਜਿੰਗ ਡਾਇਰੈਕਟਰ ਮੋਹਿਤ ਮਹਾਜਨ ਨੇ ਕਿਹਾ ਕਿ ਉਹ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਨ ਕਿਉਂਕਿ ਇਸ ਨਾਲ ਵਿਦਿਆਰਥੀਆਂ ਵਿਚ ਲੀਡਰਸ਼ਿਪ ਵਾਲੇ ਗੁਣ ਵੀ ਪੈਦਾ ਹੁੰਦੇ ਹਨ ਪਰ ਬਤੌਰ ਸਿੱਖਿਆ ਸੰਸਥਾਵਾਂ ਦੇ ਪ੍ਰਬੰਧਕ ਇਸ ਗੱਲ ਨੂੰ ਲੈ ਕੇ ਚਿੰਤਤ ਵੀ ਹਨ ਕਿ ਜਦੋਂ ਵਿਦਿਆਰਥੀ ਵੱਡੀਆਂ ਯੂਨੀਅਨਾਂ ਬਣਾ ਲੈਂਦੇ ਹਨ ਤਾਂ ਕੁਝ ਸਿਆਸੀ ਲੋਕ ਉਨ੍ਹਾਂ ਨੂੰ ਨਿੱਜੀ ਹਿੱਤਾਂ ਲਈ ਵਰਤਣਾ ਸ਼ੁਰੂ ਕਰ ਦਿੰਦੇ ਹਨ ਅਤੇ ਅਕਸਰ ਇਹ ਵੀ ਹੁੰਦਾ ਹੈ ਕਿ ਅਜਿਹੇ ਵਿਦਿਆਰਥੀ ਸੰਗਠਨ ਆਪਣੀਆਂ ਸੰਸਥਾਵਾਂ ਦਾ ਮਾਹੌਲ ਖ਼ਰਾਬ ਕਰ ਦਿੰਦੇ ਹਨ। 
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਵਿਚ ਸਖ਼ਤ ਹੋਣ ਦੀ ਜ਼ਰੂਰਤ ਹੈ ਕਿ ਵਿਦਿਆਰਥੀਆਂ ਦੇ ਸੰਗਠਨ ਹੋਰ ਵਿਦਿਆਰਥੀਆਂ 'ਤੇ ਆਪਣੇ ਫ਼ੈਸਲੇ ਜ਼ਬਰਦਸਤੀ ਨਾ ਥੋਪਣ ਅਤੇ ਨਾ ਹੀ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਪ੍ਰੇਸ਼ਾਨ ਕਰਨ। 
ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡ ਰਹੀ ਹੈ ਸਰਕਾਰ-ਖੁੰਡਾ
ਉੱਘੇ ਅਧਿਆਪਕ ਆਗੂ ਅਤੇ ਬੁੱਧੀਜੀਵੀ ਦੇਵ ਰਾਜ ਖੁੰਡਾ ਨੇ ਕਿਹਾ ਕਿ ਜਦੋਂ 25 ਸਾਲ ਪਹਿਲਾਂ ਕਾਲਜਾਂ ਵਿਚ ਵਿਦਿਆਰਥੀ ਚੋਣਾਂ ਹੁੰਦੀਆਂ ਸਨ ਤਾਂ ਉਦੋਂ ਇਸ ਦੇ ਕਈ ਭਿਆਨਕ ਨਤੀਜੇ ਵੀ ਸਾਹਮਣੇ ਆਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਗੰਦੀ ਰਾਜਨੀਤੀ ਨੇ ਸਾਡੀ ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਦਾਅ 'ਤੇ ਲਾਇਆ ਹੋਇਆ ਹੈ ਅਤੇ ਹੁਣ ਸਰਕਾਰ ਨੌਜਵਾਨਾਂ ਨੂੰ ਕੋਈ ਰੋਜ਼ਗਾਰ ਦੇਣ ਦੀ ਬਜਾਏ, ਉਨ੍ਹਾਂ ਨੂੰ ਮੁੜ ਬਰਬਾਦੀ ਦੀ ਦਿਸ਼ਾ ਤੋਰਨ ਦੇ ਰਾਹ ਪੈ ਗਈ ਹੈ।