ਸ਼ਹੀਦਾਂ ਨੇ ਆਪਣਾ ਨਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ''ਚ ਦਰਜ ਕੀਤੈ : ਅਮਰਿੰਦਰ ਸਿੰਘ

09/13/2018 2:30:43 PM

ਫਿਰੋਜ਼ਪੁਰ/ਜ਼ੀਰਾ/ਮੱਖੂ (ਕੁਮਾਰ, ਮਨਦੀਪ, ਪਰਮਜੀਤ, ਕੁਲਦੀਪ, ਸ਼ੈਰੀ,  ਮਲਹਤੋਰਾ ਗੁਰਮੇਲ, ਅਕਾਲੀਆਂ ਵਾਲਾ, ਵਾਹੀ) – ਸਾਰਾਗੜ੍ਹੀ ਜੰਗ ਦੀ 121ਵੀਂ ਵਰ੍ਹੇਗੰਢ 'ਤੇ 36ਵੀਂ ਸਿੱਖ ਬਟਾਲੀਅਨ ਦੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਹੀਦਾਂ ਨੇ 36ਵੀਂ ਸਿੱਖ ਬਟਾਲੀਅਨ ਦਾ ਨਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ ਦਰਜ ਕੀਤਾ ਹੈ ਅਤੇ ਸਮੁੱਚੇ ਦੇਸ਼ ਨੂੰ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ 'ਪਠਾਣਾਂ ਵੱਲੋਂ 36ਵੀਂ ਸਿੱਖ ਬਟਾਲੀਅਨ ਦੇ ਇਨ੍ਹਾਂ ਜਵਾਨਾਂ ਨੂੰ ਜੰਗ ਦਾ ਮੈਦਾਨ ਛੱਡ ਕੇ ਚਲੇ ਜਾਣ ਲਈ ਕਿਹਾ ਗਿਆ ਸੀ ਪਰ ਇਨ੍ਹਾਂ ਜਵਾਨਾਂ ਨੇ ਕਿਹਾ ਕਿ ਉਹ ਮੈਦਾਨ ਛੱਡ ਕੇ ਨਹੀਂ ਭੱਜਣਗੇ ਤੇ ਲੜਦੇ ਹੋਏ ਸ਼ਹਾਦਤ ਦੇਣਾ ਉਨ੍ਹਾਂ ਨੂੰ ਮਨਜ਼ੂਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਨਾਲ ਅਸੀਂ ਹਮੇਸ਼ਾ ਖੜ੍ਹੇ ਹਾਂ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

ਸਾਰਾਗੜ੍ਹੀ ਜੰਗ ਦੀ 121ਵੀਂ ਵਰ੍ਹੇਗੰਢ 'ਤੇ ਪੰਜਾਬ ਸਰਕਾਰ ਅਤੇ ਭਾਰਤੀ ਸੈਨਾ ਵੱਲੋਂ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਫਿਰੋਜ਼ਪੁਰ ਛਾਉਣੀ 'ਚ ਸੂਬਾ ਪੱਧਰੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਸਮਾਰੋਹ ਦੀ ਅਗਵਾਈ ਖੇਡ ਮੰਤਰੀ ਪੰਜਾਬ, ਫਿਰੋਜ਼ਪੁਰ ਸ਼ਹਿਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਕੀਤੀ ਗਈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਗੁਰਦੁਆਰਾ ਸਾਰਾਗੜ੍ਹੀ ਸਾਹਿਬ 'ਚ ਮੱਥਾ ਟੇਕਿਆ ਤੇ ਫਿਰ ਬਰਕੀ ਮੈਮੋਰੀਅਲ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ 36ਵੀਂ ਸਿੱਖ ਬਟਾਲੀਅਨ ਦੇ ਬਹਾਦਰ ਸੈਨਿਕ ਹੌਲਦਾਰ ਈਸ਼ਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਇਸ ਬਟਾਲੀਅਨ ਦੇ 21 ਜਵਾਨਾਂ ਨੇ ਦਲੇਰੀ  ਨਾਲ 10 ਹਜ਼ਾਰ ਪਠਾਣਾਂ ਦਾ ਮੁਕਾਬਲਾ ਕੀਤਾ ਤੇ ਆਪਣੀ ਸ਼ਹਾਦਤ ਦੇ ਕੇ ਜਿੱਤ ਹਾਸਲ ਕੀਤੀ।

ਵਿਧਾਇਕ ਪਿੰਕੀ ਨੇ ਇਸ ਮੌਕੇ ਉਨ੍ਹਾਂ ਨੂੰ ਸਾਰਾਗੜ੍ਹੀ ਮੈਮੋਰੀਅਲ, ਸਾਰਾਗੜ੍ਹੀ ਕਲੱਬ ਅਤੇ ਡੀ-ਐਡੀਕਸ਼ਨ ਸੈਂਟਰ ਬਣਾਉਣ ਲਈ ਪ੍ਰਾਜੈਕਟ ਮਨਜ਼ੂਰ ਕਰਨ ਤੇ ਇਨ੍ਹਾਂ ਦੀ ਸਥਾਪਨਾ ਕਰਨ ਦੀ ਮੰਗ ਕਰਦੇ ਹੋਏ ਇਕ ਪੱਤਰ ਦਿੱਤਾ ਹੈ। ਇਸ ਮੌਕੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ ਐੱਸ. ਐੱਸ. ਗੁਰਜਰ, ਆਈ. ਜੀ. ਫਿਰੋਜ਼ਪੁਰ ਰੇਂਜ ਮੁਖਵਿੰਦਰ ਸਿੰਘ ਛੀਨਾ, ਮੇਜਰ ਜਨਰਲ ਜੇ. ਐੱਸ. ਸੰਧੂ (ਜੀ. ਓ. ਸੀ.) ਇਨਫੈਂਟਰੀ ਡਵੀਜ਼ਨ ਚੇਅਰਮੈਨ ਸਾਰਾਗੜ੍ਹੀ ਮੈਨੇਜਮੈਂਟ ਕਮੇਟੀ, ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਅਤੇ ਐੱਸ. ਐੱਸ. ਪੀ. ਪ੍ਰੀਤਮ ਸਿੰਘ, ਸੀਨੀਅਰ ਆਗੂ ਸੁਰਿੰਦਰ ਸਿੰਘ ਜੋੜਾ ਆਦਿ ਮੌਜੂਦ ਸਨ।