ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲ੍ਹਾ ਮੋਗਾ ਦੇ ਪਿੰਡ ਸਾਫੂਵਾਲਾ ਦੀ ਪ੍ਰਸ਼ੰਸਾ

04/17/2021 10:55:50 PM

ਡਰੋਲੀ ਭਾਈ / ਮੋਗਾ (ਬਲਵਿੰਦਰ ਬਿੰਦਾ) - ਵਿਸ਼ਵ ਭਰ ’ਚ ਫੈਲੀ ਕੋਰੋਨਾ ਲਾਗ ਦੀ ਬੀਮਾਰੀ ਤੋਂ ਬਚਾਅ ਲਈ ਕੀਤੇ ਜਾ ਰਹੇ ਟੀਕਾਕਰਨ ਵਿੱਚ ਭਾਰੀ ਉਤਸ਼ਾਹ ਨਾਲ ਹਿੱਸਾ ਲੈ ਰਹੇ ਜ਼ਿਲ੍ਹਾ ਮੋਗਾ ਦੇ ਪਿੰਡ ਸਾਫੂਵਾਲਾ ਦੇ ਲੋਕਾਂ ਅਤੇ ਇਸ ਕੰਮ ਵਿੱਚ ਮੋਹਰੀ ਭੂਮਿਕਾ ਅਦਾ ਕਰਨ ਵਾਲੀ ਪੰਚਾਇਤ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਤੌਰ ਉੱਤੇ ਪ੍ਰਸ਼ੰਸਾ ਕੀਤੀ ਹੈ। ਇਸ ਸਬੰਧੀ ਆਪਣੇ ਨਿੱਜੀ ਟਵਿੱਟਰ ਹੈਂਡਲ ਤੋਂ ਪਾਈ ਪੋਸਟ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਸਾਫੂਵਾਲਾ ਦੇ ਲੋਕਾਂ ਨੇ ਕੋਰੋਨਾ ਦੀ ਬਿਮਾਰੀ ਤੋਂ ਬਚਣ ਲਈ ਵੱਧ ਤੋਂ ਵੱਧ ਟੀਕਾਕਰਨ ਕਰਵਾ ਕੇ ਇਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਆਪੋ ਆਪਣੇ ਪਿੰਡਾਂ ਵਿੱਚ 100 ਫੀਸਦੀ ਯੋਗ ਆਬਾਦੀ ਦਾ ਟੀਕਾਕਰਨ ਕਰਾਉਣ ਵਾਲੀਆਂ ਪੰਚਾਇਤਾਂ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮਾਣ ਭੱਤਾ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ :  ਪੰਜਾਬ ’ਚ ਵਿਦਿਆਰਥੀਆਂ ਨੂੰ ਅਗਲੀ ਜਮਾਤ ’ਚ ਪ੍ਰਮੋਟ ਕਰਨ ਨੂੰ ਲੈ ਕੇ ਹੁਣ ਉੱਠਿਆ ਨਵਾਂ ਵਿਵਾਦ

ਦੱਸਣਯੋਗ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਟੀਕਾਕਰਨ ਦੀ ਮੁਹਿੰਮ ਪੂਰੇ ਜ਼ੋਰਾਂ ਉੱਤੇ ਜਾਰੀ ਹੈ। ਭਾਰਤ ਸਰਕਾਰ ਦੀਆਂ ਹਦਾਇਤਾਂ ਉੱਤੇ ਪੰਜਾਬ ਵਿੱਚ ਵੀ 45 ਸਾਲ ਤੋਂ ਉਪਰ ਉਮਰ ਵਾਲੇ ਹਰੇਕ ਵਿਅਕਤੀ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਟੀਕਾਕਰਨ ਨੂੰ ਜਿੱਥੇ ਪੜ੍ਹੇ ਲਿਖੇ ਅਤੇ ਸੂਝਵਾਨ ਲੋਕਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ, ਉਥੇ ਹੀ ਅਗਿਆਨਤਾ ਦੇ ਪ੍ਰਭਾਵ ਹੇਠ ਕੁਝ ਲੋਕ ਇਸ ਟੀਕਾਕਰਨ ਬਾਰੇ ਵਹਿਮ ਭਰਮ ਅਤੇ ਭੁਲੇਖ਼ੇ ਪੈਦਾ ਕਰ ਰਹੇ ਹਨ। ਅਜਿਹੇ ਮੌਕੇ ਉੱਤੇ ਪਿੰਡ ਸਾਫੂਵਾਲਾ ਦੇ ਲੋਕ ਕਰੋਨਾ ਨੂੰ ਹਰਾਉਣ ਵਿੱਚ ਮਿਸਾਲ ਬਣ ਕੇ ਉਭਰ ਰਹੇ ਹਨ। 

ਕਮਿਊਨਿਟੀ ਹੈਲਥ ਸੈਂਟਰ ਡਰੋਲੀ ਭਾਈ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਇੰਦਰਵੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੀ ਸੂਝਵਾਨ ਪੰਚਾਇਤ ਦੇ ਉੱਦਮ ਕਾਰਨ ਪਿੰਡ ਸਾਫੂਵਾਲਾ ਵਿਖੇ ਸਿਹਤ ਮਹਿਕਮੇ ਵੱਲੋਂ ਟੀਕਾਕਰਨ ਦਾ ਕੈਂਪ ਲਗਾਇਆ ਗਿਆ, ਜਿਸ ਵਿੱਚ ਇੱਕੋ ਦਿਨ ਪਿੰਡ ਦੇ 45 ਸਾਲ ਤੋਂ ਉਪਰ ਉਮਰ ਦੇ 250 ਵਿਅਕਤੀਆਂ ਨੇ ਟੀਕਾਕਰਨ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਪਿੰਡ ਦੇ 120 ਵਿਅਕਤੀਆਂ ਨੇ ਟੀਕਾਕਰਨ ਕਰਵਾਇਆ ਸੀ। ਡਾ. ਗਿੱਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੋਰੋਨਾ ਦੇ ਸੈਂਪਲ ਲੈਣ ਦੀ ਮੁਹਿੰਮ ਦੌਰਾਨ ਵੀ ਪਿੰਡ ਵਾਸੀਆਂ ਨੇ ਬਹੁਤ ਉਤਸਾਹ ਨਾਲ ਸਿਹਤ ਮਹਿਕਮੇ ਦਾ ਸਹਿਯੋਗ ਕੀਤਾ ਸੀ। 

ਇਹ ਵੀ ਪੜ੍ਹੋ :  ਅਮਰੀਕਾ ’ਚ ਗੋਲ਼ੀਬਾਰੀ ਦੌਰਾਨ ਜ਼ਖਮੀ ਹੋਏ ਜਗਦੇਵ ਕਲਾਂ ਦੇ ਹਰਪ੍ਰੀਤ ਨੇ ਬਿਆਨ ਕੀਤੀ ਪੂਰੀ ਘਟਨਾ    

ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਪਿੰਡ ਸਾਫੂਵਾਲਾ ਦੇ ਸਰਪੰਚ ਲਖਵੰਤ ਸਿੰਘ ਅਤੇ ਪੰਚਾਇਤ ਦੀ ਸ਼ਲਾਘਾ ਕਰਦਿਆਂ ਹੋਰਾਂ ਪੰਚਾਇਤਾਂ ਨੂੰ ਵੱਧ ਤੋਂ ਵੱਧ ਸੈਂਪਲ ਕਰਾਉਣ ਅਤੇ ਟੀਕਾਕਰਨ ਕਰਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਟੀਕਾਕਰਨ ਵਿੱਚ ਵਧੀਆ ਕੰਮ ਕਰਨ ਵਾਲੀਆਂ ਪੰਚਾਇਤਾਂ ਦਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਢੁੱਕਵਾਂ ਸਨਮਾਨ ਕੀਤਾ ਜਾਵੇਗਾ। ਹੰਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਸਫ਼ਲ ਕਰਨ ਲਈ ਸਿਹਤ ਮਹਿਕਮੇ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ।

ਇਹ ਵੀ ਪੜ੍ਹੋ :  ਧੂੜ ਭਰੀ ਹਨ੍ਹੇਰੀ ਤੇ ਬਾਰਿਸ਼ ਨਾਲ ਲੁਧਿਆਣਾ ’ਚ ਜਨ ਜੀਵਨ ਪ੍ਰਭਾਵਿਤ

ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

Anuradha

This news is Content Editor Anuradha