ਨਵੀਂ ਬੋਤਲ ''ਚ ਪੁਰਾਣੀ ਸ਼ਰਾਬ ਵਰਗਾ ਹੋਵੇਗਾ ਕੈਪਟਨ ਦਾ ਪਹਿਲਾ ਮਹਾਨਗਰ ਦੌਰਾ

Monday, Sep 04, 2017 - 04:30 PM (IST)

ਲੁਧਿਆਣਾ (ਹਿਤੇਸ਼)-ਦੂਜੀ ਵਾਰ ਸੀ. ਐੱਮ. ਬਣਨ ਤੋਂ ਬਾਅਦ 6 ਸਤੰਬਰ ਨੂੰ ਰੱਖੇ ਗਏ ਕੈਟਪਨ ਅਮਰਿੰਦਰ ਸਿੰਘ ਦੇ ਪਹਿਲੇ ਦੌਰੇ ਦੌਰਾਨ ਹੋਣ ਵਾਲੇ ਪ੍ਰੋਗਰਾਮ ਨੂੰ ਲੈ ਕੇ ਇਕ ਤੋਂ ਬਾਅਦ ਇਕ ਨਵੇਂ ਸਵਾਲ ਖੜ੍ਹੇ ਹੋ ਰਹੇ ਹਨ। ਇਸ ਤਹਿਤ ਜਿਥੇ ਨੀਂਹ ਪੱਥਰ ਰੱਖਣ ਨਾਲ ਸਬੰਧਿਤ ਜਗਰਾਓਂ ਪੁਲ ਦੇ ਅਣਸੇਫ ਹਿੱਸਿਆਂ ਨੂੰ ਦੁਬਾਰਾ ਬਣਾਉਣ ਅਤੇ ਪੱਖੋਵਾਲ ਰੋਡ ਰੇਲਵੇ ਕਰਾਸਿੰਗ 'ਤੇ ਪੁਲ ਬਣਾਉਣ ਦੇ ਪ੍ਰੋਜੈਕਟਾਂ ਲਈ ਹੁਣ ਟੈਂਡਰ ਤਾਂ ਕੀ ਲੱਗਣੇ ਹਨ, ਹੁਣ ਡਿਜ਼ਾਈਨ ਹੀ ਨਹੀਂ ਬਣ ਸਕਿਆ। 
ਇਸੇ ਤਰ੍ਹਾਂ ਸੀ. ਐੱਮ. ਵੱਲੋਂ ਜੋ ਪੈਕੇਜ ਦਾ ਐਲਾਨ ਕਰਨ ਦੀ ਗੱਲ ਕਹੀ ਜਾ ਰਹੀ ਹੈ, ਉਸ 'ਚ ਵੀ ਜ਼ਿਆਦਾਤਰ ਓਹੀ ਪ੍ਰੋਜੈਕਟ ਸ਼ਾਮਲ ਹਨ, ਜੋ ਦਹਾਕਿਆਂ ਤੋਂ ਅੱਧ-ਵਿਚਾਲੇ ਲਟਕੇ ਹੋਏ ਹਨ। ਇਸ ਹਾਲਾਤ ਦੌਰਾਨ ਕੈਪਟਨ ਦਾ ਦੌਰਾ ਨਵੀਂ ਬੋਤਲ 'ਚ ਪੁਰਾਣੀ ਸ਼ਰਾਬ ਤੋਂ ਜ਼ਿਆਦਾ ਕੁਝ ਨਜ਼ਰ ਨਹੀਂ ਆ ਰਿਹਾ। 

ਬੁੱਢੇ ਨਾਲੇ ਨਾਲ ਦੋਵੇਂ ਪਾਸੇ ਬਣੇਗੀ ਸੜਕ
ਟ੍ਰੈਫਿਕ ਸਮੱਸਿਆ ਦੇ ਹੱਲ ਲਈ ਬੁੱਢਾ ਨਾਲਾ ਦੇ ਨਾਲ ਸੜਕ ਬਣਾਉਣ ਦਾ ਕੰਮ 1999 'ਚ ਸ਼ੁਰੂ ਹੋਇਆ ਸੀ, ਜਿਸ ਲਈ ਜ਼ਮੀਨ ਇਕਵਾਇਰ ਕੀਤੇ ਜਾਣ ਤੋਂ ਇਲਾਵਾ ਕਬਜ਼ੇ ਹਟਾਉਣ ਲਈ ਵੀ ਸਖਤ ਮੁਹਿੰਮ ਚਲਾਈ ਗਈ ਸੀ ਪਰ ਹੁਣ ਵੀ ਕਈ ਜਗ੍ਹਾ ਮਿਸਿੰਗ ਲਿੰਕ ਹੈ ਅਤੇ ਸੜਕ ਨੂੰ ਪੱਕਾ ਕਰਨ ਦਾ ਕੰਮ ਬਾਕੀ ਰਹਿੰਦਾ ਹੈ। ਉਸ 'ਚ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਪੰਜਾਬ ਨਿਰਮਾਣ ਯੋਜਨਾ ਤਹਿਤ ਹੀ ਸੀਮੈਂਟ ਦੀਆਂ ਸੜਕਾਂ ਬਣਾਉਣ ਦਾ ਕੰਮ ਹੋਇਆ ਸੀ ਪਰ ਤਾਜਪੁਰ ਰੋਡ ਚੌਕ ਤੋਂ ਕੁਝ ਹਿੱਸੇ ਦਾ ਹੀ ਨਿਰਮਾਣ ਹੋਇਆ। ਉਸ ਦੇ ਬਾਅਦ ਕਦੇ ਹੁੜਕਾਂ ਲੋਨ, ਕਦੇ ਕੇਂਦਰ ਦੀ ਗ੍ਰਾਂਟ ਜਾਂ ਬੁਢਾ ਨਾਲਾ ਕਾਇਆਕਲਪ ਸਬੰਧੀ ਯੋਜਨਾ ਤਹਿਤ ਸੜਕ ਬਣਾਉਣ ਦਾ ਕੰਮ ਲਟਕਾਇਆ ਹੈ, ਜਿਸ ਨੂੰ ਤਾਜਪੁਰ ਰੋਡ 'ਤੇ ਬਾਕੀ ਰਹਿੰਦੇ ਹਿੱਸੇ 'ਚ ਪੂਰਾ ਕਰਵਾਉਣ ਬਾਰੇ ਵਿਧਾਇਕ ਸੰਜੇ ਤਲਵਾੜ ਵਲੋਂ ਰੱਖੀ ਗਈ ਮੰਗ 'ਤੇ ਸੀ. ਐੱਮ. ਵੱਲੋਂ ਫੰਡ ਦੇਣ ਦਾ ਐਲਾਨ ਕੀਤਾ ਜਾਵੇਗਾ। ਉਸ 'ਚ ਇਕ ਨਵਾਂ ਪਹਿਲੂ ਇਹ ਹੈ ਕਿ ਤਾਜਪੁਰ ਰੋਡ ਚੌਕ ਤੋਂ ਸ਼ੁਰੂ ਹੋ ਕੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਦੋਵੇਂ ਪਾਸੇ ਸੜਕ ਬਣੇਗੀ। 

ਆਲ ਵੈਦਰ ਸਵੀਮਿੰਗ ਪੂਲ ਲਈ 2 ਕਰੋੜ
ਨਿਗਮ ਦੇ ਰੱਖ ਬਾਗ ਦੇ ਨਾਲ ਲਗਦੇ ਮੌਜੂਦਾ ਕੰਪਲੈਕਸਾਂ 'ਚ ਆਲ ਵੈਦਰ ਸਵੀਮਿੰਗ ਪੂਲ ਬਣਾਉਣ ਦਾ ਕੰਮ ਵੀ 20 ਸਾਲਾਂ ਤੋਂ ਲਟਕਿਆ ਹੋਇਆ ਹੈ, ਜਿੱਥੇ ਸਟਰੱਕਚਰ ਬਣਨ ਤੋਂ ਇਲਾਵਾ ਮਸ਼ੀਨਰੀ ਤੱਕ ਮੰਗਵਾਈ ਹੋਈ ਹੈ ਪਰ ਵਿਧਾਨ ਸਭਾ ਕਮੇਟੀ ਦੇ ਨਿਰਦੇਸ਼ਾਂ ਦੇ ਬਾਵਜੂਦ ਅੱਗੇ ਦਾ ਕੰਮ ਨਹੀਂ ਹੋਇਆ, ਜਿਸ ਕਾਰਨ ਤੈਰਾਕੀ ਸ਼ੌਕੀਨਾਂ ਨੂੰ ਮਜਬੂਰਨ ਕਲੱਬ ਜਾਂ ਮਹਿੰਗੇ ਹੋਟਲਾਂ ਦਾ ਰੁਖ ਕਰਨਾ ਪੈਂਦਾ ਹੈ ਅਤੇ ਪੈਸੇ ਦਾ ਬੋਝ ਨਾ ਚੁੱਕ ਸਕਣ ਵਾਲੇ ਪ੍ਰੋਫੈਸ਼ਨਲਜ਼ ਕੋਲ ਟ੍ਰੇਨਿੰਗ ਲਈ ਕੋਈ ਬਦਲ ਨਹੀਂ ਹੈ, ਜਿਸ ਦੇ ਮੱਦੇਨਜ਼ਰ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੇ ਸੀ. ਐੱਮ. ਦੇ ਸਾਹਮਣੇ ਮੁੱਦਾ ਉਠਾ ਕੇ ਆਲ ਵੈਦਰ ਸਵੀਮਿੰਗ ਪੂਲ ਲਈ 2 ਕਰੋੜ ਰੁਪਏ ਮਨਜ਼ੂਰ ਕਰਵਾਏ ਹਨ।

ਮਾਡਰਨ ਸਲਾਟਰ ਹਾਊਸ ਲਈ 10 ਕਰੋੜ
ਮਹਾਨਗਰ 'ਚ ਮਾਸ ਦੀ ਨਾਜਾਇਜ਼ ਕਟਾਈ ਅਤੇ ਮੈਡੀਕਲ ਚੈੱਕਅਪ ਕਰਵਾਏ ਬਿਨਾਂ ਵਿਕਣ ਦੀ ਸਮੱਸਿਆ ਹੱਲ ਕਰਨ ਲਈ ਮਾਡਰਨ ਸਲਾਟਰ ਹਾਊਸ ਨਿਰਮਾਣ ਦੀ ਯੋਜਨਾ ਤਾਂ 2009 'ਚ ਬਣ ਗਈ ਸੀ ਪਰ ਡੀ. ਪੀ. ਆਰ. ਬਣਾਉਣ ਤੋਂ ਅੱਗੇ ਕੁਝ ਨਹੀਂ ਹੋ ਸਕਿਆ, ਜਦਕਿ 2014 'ਚ ਐੱਨ. ਡੀ. ਏ. ਸਰਕਾਰ ਬਣਨ 'ਤੇ ਕੇਂਦਰੀ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਯੋਜਨਾ ਮਨਜ਼ੂਰ ਕਰ ਕੇ ਗ੍ਰਾਂਟ ਵੀ ਰਿਲੀਜ਼ ਕਰ ਦਿੱਤੀ ਗਈ, ਜਿਸ ਵਿਚ ਨਿਗਮ ਵੱਲੋਂ ਆਪਣਾ ਹਿੱਸਾ ਨਾ ਪਾਏ ਜਾਣ ਦਾ ਕਾਰਨ ਹੁਣ ਤੱਕ ਟੈਂਡਰ ਨਹੀਂ ਲੱਗ ਸਕੇ ਤਾਂ ਕੇਂਦਰ ਨੇ ਵਿਆਜ ਸਮੇਤ ਪੈਸਾ ਵਾਪਸ ਮੰੰਗ ਲਿਆ, ਜਿਸ ਨੂੰ ਬਚਾਉਣ ਲਈ ਪਹਿਲਾਂ ਸਮਾਰਟ ਸਿਟੀ ਤਹਿਤ ਮਦਦ ਮੰਗੀ ਗਈ ਅਤੇ ਗੱਲ ਨਾ ਬਣਨ 'ਤੇ ਹੁਣ ਰਾਜ ਸਰਕਾਰ ਵੱਲੋਂ 10 ਕਰੋੜ ਦਿੱਤੇ ਜਾਣਗੇ। 

ਸ਼ਿਵਾ ਜੀ ਨਗਰ ਨਾਲਾ ਪੱਕਾ ਕਰਨ ਲਈ 6 ਕਰੋੜ
ਸ਼ਿਵਾਜੀ ਨਗਰ 'ਚੋਂ ਹੋ ਕੇ ਗੁਜ਼ਰ ਰਿਹਾ ਨਾਲਾ ਪੱਕਾ ਕਰਨ ਦਾ ਪ੍ਰਸਤਾਵ ਤਾਂ ਕਰੀਬ ਡੇਢ ਦਸ਼ਕ ਪਹਿਲੇ ਬਣ ਚੁੱਕਿਆ ਹੈ, ਜਿਸ ਦਾ ਆਈ. ਆਈ. ਟੀ. ਰੁੜਕੀ ਤੋਂ ਡਿਜ਼ਾਈਨ ਤਿਆਰ ਹੋਏ ਕਾਫੀ ਸਮਾਂ ਬੀਤ ਚੁੱਕਾ ਹੈ ਪਰ ਫੰਡ ਦੀ ਘਾਟ ਕਾਰਨ ਟੈਂਡਰ ਨਹੀਂ ਲੱਗ ਸਕੇ। ਜਦਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਹਲਕਾਵਾਰ ਵਿਕਾਸ ਕਾਰਜਾਂ ਲਈ ਰਿਲੀਜ਼ ਫੰਡ 'ਚੋਂ ਕੰਮ ਕਰਵਾਉਣ ਦੇ ਟੈਂਡਰ ਲਾਏ ਗਏ ਤਾਂ ਠੇਕੇਦਾਰ ਵੱਲੋਂ ਲਾਈਆਂ ਗਈਆਂ ਸ਼ਰਤਾਂ ਕਾਰਨ ਅਲਾਟਮੈਂਟ ਨਹੀਂ ਹੋ ਸਕੀ। ਹੁਣ ਕਾਂਗਰਸ ਸਰਕਾਰ ਨੇ ਉਹ ਪੈਸਾ ਖਰਚ ਕਰਨ 'ਤੇ ਰੋਕ ਲਾ ਕੇ ਵਾਪਸ ਮੰਗਵਾ ਲਿਆ ਅਤੇ ਇਲਾਕਾ ਵਿਧਾਇਕ ਸੁਰਿੰਦਰ ਡਾਬਰ ਦੀ ਮੰਗ 'ਤੇ ਕੈਪਟਨ ਵੱਲੋਂ ਨਵੇਂ ਸਿਰੇ ਤੋਂ ਪ੍ਰੋਜੈਕਟ ਦੇ ਲਈ 6 ਕਰੋੜ ਦਿੱਤਾ ਜਾਵੇਗਾ।

ਬਿੱਟੂ ਤੇ ਆਸ਼ੂ ਨੇ ਅਫਸਰਾਂ ਦੇ ਨਾਲ ਲਿਆ ਮੌਕੇ ਦਾ ਜਾਇਜ਼ਾ
ਸੀ. ਐੱਮ. ਵੱਲੋਂ 6 ਸਤੰਬਰ ਨੂੰ ਆਪਣੇ ਮਹਾਨਗਰ ਦੌਰੇ ਦੌਰਾਨ ਜੋ ਇਕ ਸਾਲ ਤੋਂ ਬੰਦ ਪਏ ਜਗਰਾਓਂ ਪੁਲ ਦੇ ਅਣਸੇਫ ਹਿੱਸੇ ਨੂੰ ਦੁਬਾਰਾ ਬਣਾਉਣ ਅਤੇ ਦਸ਼ਕਾਂ ਪੁਰਾਣੇ ਪੱਖੋਵਾਲ ਰੋਡ ਰੇਲਵੇ ਕਰਾਸਿੰਗ 'ਤੇ ਪੁਲ ਬਣਾਉਣ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ ਹੈ, ਉਥੇ ਐਤਵਾਰ ਨੂੰ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਜ਼ਿਲਾ ਕਮਿਸ਼ਨਰ ਪ੍ਰਦੀਪ ਅਗਰਵਾਲ, ਨਗਰ ਨਿਗਮ ਕਮਿਸ਼ਨਰ ਜਸਕਰਨ ਸਿੰਘ, ਜੁਆਇੰਟ ਕਮਿਸ਼ਨਰ ਕੁਲਪ੍ਰੀਤ ਸਿੰਘ, ਐੱਸ. ਈ ਧਰਮ ਸਿੰਘ, ਪਵਨ ਸ਼ਰਮਾ, ਐਕਸੀਅਨ ਰਾਹੁਲ ਗਗਨੇਜਾ ਮੌਜੂਦ ਰਹੇ, ਜਿਨ੍ਹਾਂ ਨੇ ਪੱਖੋਵਾਲ ਰੋਡ 'ਤੇ ਪੁਲ ਬਣਾਉਣ ਲਈ ਵਿਚਾਰ ਅਧੀਨ ਡਿਜ਼ਾਈਨਾਂ ਨੂੰ ਫਾਈਨਲ ਕਰਨ ਬਾਰੇ ਵੀ ਚਰਚਾ ਕੀਤੀ।

ਬੁੱਢੇ ਨਾਲੇ ਦੇ ਨਾਲ ਸੜਕ ਬਣਾਉਣ 'ਤੇ 60 ਕਰੋੜ ਦੀ ਲਾਗਤ ਆਵੇਗੀ, ਜਿਸ ਨਾਲ ਤਾਜਪੁਰ ਰੋਡ ਤੇ ਟਿੱਬਾ ਰੋਡ 'ਤੇ ਟ੍ਰੈਫਿਕ ਦੀ ਸਮੱਸਿਆ ਹੱਲ ਹੋਵੇਗੀ ਤੇ ਨਾਲ ਹੀ ਨਾਲੇ ਵਿਚ ਕੂੜਾ ਤੇ ਗੰਦਗੀ ਸੁੱਟਣ 'ਤੇ ਵੀ ਰੋਕ ਲੱਗੇਗੀ।
-ਵਿਧਾਇਕ ਸੰਜੇ ਤਲਵਾੜ
ਪੱਖੋਵਾਲ ਰੋਡ ਰੇਲਵੇ ਕ੍ਰਾਸਿੰਗ 'ਤੇ ਪੁਲ ਬਣਾਉਣ ਲਈ ਪਿਛਲੀ ਅਕਾਲੀ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਕੁਝ ਨਹੀਂ ਕੀਤਾ। ਇਹੀ ਹਾਲ ਆਲ ਵੈਦਰ ਸਵੀਮਿੰਗ ਪੂਲ ਦਾ ਰਿਹਾ। ਹੁਣ ਕਾਂਗਰਸ ਸਰਕਾਰ ਵਿਚ ਇਨ੍ਹਾਂ ਦੋਵਾਂ ਪ੍ਰਾਜੈਕਟਾਂ ਨੂੰ ਪੂਰਾ ਕਰਵਾਉਣ ਲਈ ਫੰਡ ਫ੍ਰੀਜ਼ ਕਰਵਾ ਦਿੱਤੇ ਗਏ ਹਨ ਅਤੇ ਉਨ੍ਹਾਂ 'ਤੇ ਜਲਦੀ ਕੰਮ ਸ਼ੁਰੂ ਹੋ ਜਾਵੇਗਾ।
-ਵਿਧਾਇਕ ਭਾਰਤ ਭੂਸ਼ਨ ਆਸ਼ੂ
ਸ਼ਿਵਾ ਜੀ ਨਗਰ ਨਾਲਾ ਪੱਕਾ ਕਰਨ ਨਾਲ ਟ੍ਰੈਫਿਕ ਤੇ ਪ੍ਰਦੂਸ਼ਣ ਤੋਂ ਇਲਾਵਾ ਇਲਾਕੇ ਤੋਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੱਲ ਹੋਵੇਗੀ, ਜਿਸ ਪ੍ਰਾਜੈਕਟ ਲਈ ਅਕਾਲੀ-ਭਾਜਪਾ ਨੇ 10  ਸਾਲ ਵਿਚ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ। ਹੁਣ ਕਾਂਗਰਸ ਸਰਕਾਰ ਵਿਚ ਖੰਭਿਆਂ ਦੀ ਸ਼ਿਫਟਿੰਗ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
-ਵਿਧਾਇਕ ਸੁਰਿੰਦਰ ਡਾਬਰ


Related News