ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਵਿਰੋਧ ''ਚ ਖਹਿਰਾ ਨੇ ਕੈਪਟਨ ਨੂੰ ਦਿੱਤੀ ਚਿਤਵਾਨੀ ਤਾਂ ਭੱਠਲ ਨੂੰ ਦੇ ਦਿੱਤੀ ਨਸੀਹਤ

09/23/2017 1:42:36 PM

ਚੰਡੀਗੜ੍ਹ (ਮਨਮੋਹਨ ਸਿੰਘ) — ਇਕ ਪਾਸੇ ਜਿਥੇ ਕਿਸਾਨ ਪੈਸਿਆਂ ਦੀ ਕਮੀ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਆਪਣੇ ਕਾਂਗਰਸੀ ਆਗੂਆਂ ਨੂੰ ਪੈਸੇ ਵੰਡ ਰਹੇ ਹਨ। ਇਹ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਦਾ। ਉਨ੍ਹਾਂ ਨੇ ਪਟਿਆਲਾ 'ਚ ਕਿਸਾਨ ਜੱਥੇਬੰਦੀਆਂ ਵਲੋਂ ਦਿੱਤੇ ਜਾ ਰਹੇ ਧਰਨੇ ਦਾ ਸਮਰਥਨ ਕੀਤਾ ਤੇ ਕਿਸਾਨਾਂ ਦੇ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦੀ ਨਿੰਦਾ ਕੀਤੀ। 
ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ 2 ਦਿਨ ਪਹਿਲਾਂ ਹੋਈ ਕੈਬਨਿਟ ਮੀਟਿੰਗ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਨੂੰ 84 ਲੱਖ ਰੁਪਏ ਵਾਪਸ ਦੇਣ ਦੀ ਹਿਦਾਇਤ ਕੀਤੀ ਹੈ, ਭੱਠਲ ਨੂੰ ਇਹ ਪੈਨਲਟੀ ਉਸ ਸਮੇਂ ਦੇਣੀ ਪਈ ਜਦ 2017 ਦੀਆਂ ਚੋਣਾਂ ਐਲਾਨੀਆਂ ਗਈਆਂ ਸਨ ਕਿਉਂਕਿ ਭੱਠਲ ਨੇ ਚੋਣਾਂ ਲੜਨੀਆਂ ਸਨ ਇਸ ਲਈ ਪੰਜਾਬ ਸਰਕਾਰ ਤੋਂ ਐੱਨ. ਓ. ਸੀ. ਲੈ ਕੇ ਹੀ ਉਹ ਚੋਣ ਲੜ ਸਕਦੀ ਸੀ। ਸਰਕਾਰੀ ਬੰਗਲੇ 'ਚ ਓਵਰ ਸਟੇਅ ਦੇ ਕਾਰਨ ਭੱਠਲ ਨੂੰ ਪੰਜਾਬ ਸਰਕਾਰ ਨੇ 84 ਲੱਖ ਦੀ ਪੈਨਲਟੀ ਲਗਾਈ ਸੀ। ਹੁਣ ਕਾਂਗਰਸ ਦਾ ਰਾਜ ਆਉਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਪੈਨਲਟੀ ਦੇ 84 ਲੱਖ ਰੁਪਏ ਦੋ ਦਿਨ ਪਹਿਲਾਂ ਹੋਈ ਪੰਜਾਬ ਕੈਬਨਿਟ 'ਚ ਵਾਪਸ ਭੱਠਲ ਨੂੰ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਸੁਖਪਾਲ ਖਹਿਰਾ ਨੇ ਕਿਹਾ ਕਿ ਇਕ ਪਾਸੇ ਤਾਂ ਕਿਸਾਨ ਪੈਸੇ ਦੀ ਕਮੀ ਦੇ ਕਾਰਨ ਖੁਦਕੁਸ਼ੀਆਂ ਦੇ ਰਾਹ ਤੇ ਤੁਰ ਪਏ ਹਨ ਤੇ ਦੂਜੇ ਪਾਸੇ ਮਨਪ੍ਰੀਤ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਲੋਕਾਂ ਨੂੰ ਪੈਸੇ ਵੰਡ ਰਹੇ ਹਨ। ਸੁਖਪਾਲ ਖਹਿਰਾ ਨੇ ਬੀਬੀ ਭੱਠਲ ਨੂੰ ਅਪੀਲ ਕੀਤੀ ਕਿ ਉਹ ਪੈਸੇ ਨਾ ਲੈਣ ਕਿਉਂਕਿ ਇਹ ਪੈਸਾ ਗਰੀਬ ਕਿਸਾਨਾਂ ਦੇ ਕੰਮ ਆ ਸਕਦਾ ਹੈ। 
ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਕਿ ਉਹ ਕਿਸਾਨਾਂ ਵਲੋਂ ਕੀਤੀਆਂ ਗਈਆਂ ਖੁਦਕੁਸ਼ੀ ਦੇ ਅੰਕੜੇ ਨੂੰ ਤੋੜ ਮਰੋੜ ਕੇ ਪੇਸ਼ ਨਾ ਕਰਨ ਕਿਉਂਕਿ ਸਾਰੀਆਂ ਅਖਬਾਰਾਂ ਤੇ ਨਿਊਜ਼ ਚੈਨਲ ਤੋਂ ਡਾਟਾ ਲੈ ਕੇ ਉਨ੍ਹਾਂ ਨੇ 211 ਕਿਸਾਨਾਂ ਦੀ ਲਿਸਟ ਤਿਆਰ ਕੀਤੀ ਹੈ, ਜੋ ਖੁਦਕੁਸ਼ੀ ਕਰ ਚੁੱਕੇ ਹਨ। ਉਨ੍ਹਾਂ ਨੇ ਪਟਿਆਲਾ 'ਚ ਧਰਨਾ ਦੇ ਰਹੇ ਕਿਸਾਨਾਂ ਦਾ ਪੂਰਾ ਸਮਰਥਨ ਕਰਨ ਦਾ ਐਲਾਨ ਕੀਤਾ ਤੇ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦੀ ਨਿੰਦਾ ਕੀਤੀ।