ਕੁੰਵਰ ਵਿਜੇ ਪ੍ਰਤਾਪ ਦੀ ਐੱਸ.ਆਈ.ਟੀ.''ਚ ਬਹਾਲੀ ਹੋਵੇਗੀ: ਅਮਰਿੰਦਰ ਸਿੰਘ

05/08/2019 9:41:30 AM

ਜਲੰਧਰ/ਚੰਡੀਗੜ੍ਹ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਾਏ ਗਏ ਕੋਡ ਆਫ ਕੰਡਕਟ ਹਟਦਿਆਂ ਹੀ ਆਈ. ਜੀ. ਵਿਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੁੜ ਸਰਕਾਰ ਵਲੋਂ ਐੱਸ. ਆਈ. ਟੀ. (ਵਿਸ਼ੇਸ਼ ਜਾਂਚ ਟੀਮ) 'ਚ ਬਹਾਲ ਕਰ ਦਿੱਤਾ ਜਾਵੇਗਾ ਤਾਂ ਜੋ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਚੱਲ ਰਹੀ ਜਾਂਚ ਦੇ ਕੰਮ ਨੂੰ ਤੁਰੰਤ ਪੂਰਾ ਕੀਤਾ ਜਾ ਸਕੇ। ਮੁੱਖ ਮੰਤਰੀ ਅੱਜ ਸੂਬੇ ਵਿਚ ਵੱਖ-ਵੱਖ ਥਾਵਾਂ 'ਤੇ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰਾਹੀਂ ਸਮਾਜ ਨੂੰ ਫਿਰਕੂ ਆਧਾਰ 'ਤੇ ਵੰਡਣ ਦੇ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਜ਼ਿਆਦਾ ਦਿਨਾਂ ਤਕ ਬਚ ਨਹੀਂ ਸਕਣਗੇ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਦੇ ਦਬਾਅ ਅਧੀਨ ਹੀ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਤਬਦੀਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਇਨ੍ਹਾਂ ਮਾਮਲਿਆਂ ਵਿਚ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਜੇਲ ਦੀ ਹਵਾ ਖਾਣੀ ਪਵੇਗੀ। ਉਨ੍ਹਾਂ ਕਿਹਾ ਕਿ ਸਾਬਕਾ ਅਕਾਲੀ ਸਰਕਾਰ ਦੇ ਸਮੇਂ ਹੋਈਆਂ ਘਟਨਾਵਾਂ ਨੂੰ ਲੈ ਕੇ ਬਾਦਲ ਖੁਦ ਨੂੰ ਜ਼ਿਆਦਾ ਦਿਨ ਬਚਾ ਨਹੀਂ ਸਕਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੂਰਾ ਪੰਜਾਬ ਬਾਦਲਾਂ ਤੋਂ ਛੁਟਕਾਰਾ ਚਾਹੁੰਦਾ ਹੈ। ਇਸ ਲਈ ਸਾਰੇ ਲੋਕਾਂ ਨੂੰ ਪੰਜਾਬ ਵਿਚ ਲੋਕ ਸਭਾ ਚੋਣਾਂ ਦੌਰਾਨ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਫਿਰੋਜ਼ਪੁਰ ਤੇ ਬਠਿੰਡਾ ਜਾ ਕੇ ਸੁਖਬੀਰ ਤੇ ਹਰਸਿਮਰਤ ਕੌਰ ਖਿਲਾਫ ਮਾਹੌਲ ਤਿਆਰ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਮਿਸ਼ਨ 13 ਦੇ ਟੀਚੇ ਨੂੰ ਹਾਸਲ ਕਰੇਗੀ ਅਤੇ ਉਸ ਤੋਂ ਬਾਅਦ ਸੰਸਦ ਵਿਚ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਉਣ ਦੀ ਬੇਨਤੀ ਕਰੇਗੀ।
ਉਨ੍ਹਾਂ ਕਿਹਾ ਕਿ ਜੋ ਵੀ ਲੋਕ ਅਕਾਲੀਆਂ ਦੇ ਹੱਥਾਂ ਵਿਚ ਐੱਸ. ਜੀ. ਪੀ. ਸੀ. ਨੂੰ ਛੁਡਾਉਣ ਲਈ ਅੱਗੇ ਆਉਣਗੇ, ਉਨ੍ਹਾਂ ਦੀ ਉਹ ਨਿੱਜੀ ਤੌਰ 'ਤੇ ਪੂਰੀ ਮਦਦ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਨੇ ਪੰਜਾਬ ਨੂੰ ਪਹਿਲੇ ਨੰਬਰ 'ਤੇ ਹੇਠਾਂ ਧੱਕ ਕੇ 16ਵੇਂ ਨੰਬਰ 'ਤੇ ਲਿਆ ਦਿੱਤਾ ਹੈ। ਕੇਂਦਰ ਦੀ ਮੋਦੀ ਸਰਕਾਰ 'ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਮੋਦੀ ਦੇ ਹੱਥਾਂ ਵਿਚ ਦੁਬਾਰਾ ਕੇਂਦਰ ਦੀ ਸਰਕਾਰ ਸੱਤਾ ਆ ਗਈ ਤਾਂ ਉਹ ਦੇਸ਼ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਕਿਹਾ ਕਿ ਹਥਿਆਰਬੰਦ ਫੌਜਾਂ ਕਦੇ ਕਿਸੇ ਸਿਆਸੀ ਪਾਰਟੀ ਨਾਲ ਬੱਝੀਆਂ ਨਹੀਂ ਹੁੰਦੀਆਂ। ਉਨ੍ਹਾਂ 'ਤੇ ਦੇਸ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਖਾਤਰ ਲੋਕ ਹੁਣ ਮੋਦੀ ਸਰਕਾਰ ਦਾ ਤਖਤਾ ਪਲਟ ਦੇਣ।

Shyna

This news is Content Editor Shyna