ਕੈਂਟ ਬੋਰਡ ਦੀਆਂ 2020 ਦੀਆਂ ਚੋਣਾਂ ਲਈ ਹੁਣ ਤੋਂ ਹੀ ਰੁੱਝੇ ਕੌਂਸਲਰ

07/22/2019 10:39:05 AM

ਜਲੰਧਰ (ਕਮਲੇਸ਼) : ਕੈਂਟ ਬੋਰਡ ਦੀਆਂ 2020 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਕੌਂਸਲਰ ਹੁਣ ਤੋਂ ਹੀ ਜੁੱਟ ਗਏ ਹਨ। ਮਨਿਸਟਰੀ ਤੋਂ ਜਲਦੀ ਹੀ ਚੋਣਾਂ ਲਈ ਨਿਰਦੇਸ਼ ਆ ਸਕਦੇ ਹਨ। ਸਾਰੇ ਕੌਂਸਲਰਾਂ ਨੇ ਆਪਣੇ ਬੋਰਡ ਦੇ ਲੋਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਹੈ ਕਿ ਕੈਂਟ ਬੋਰਡ ਏਰੀਏ ਦਾ ਇਕ ਵਾਰਡ ਮਹਿਲਾ ਉਮੀਦਵਾਰਾਂ ਲਈ ਰਿਜ਼ਰਵ ਕੀਤਾ ਜਾਵੇਗਾ। ਬੋਰਡ ਏਰੀਏ 'ਚ ਵਿਕਾਸ ਦੇ ਕਈ ਮੁੱਦਿਆਂ 'ਤੇ ਕੌਂਸਲਰਾਂ ਨੂੰ ਲੋਕਾਂ ਦਾ ਗੁੱਸਾ ਸਹਿਣਾ ਪੈ ਸਕਦਾ ਹੈ।
ਹੁਣ ਤੱਕ ਮੋਬਾਇਲ ਦੀ ਸਮੱਸਿਆ ਨਾਲ ਜੂਝ ਰਿਹੈ ਬੋਰਡ ਏਰੀਆ
ਪਿਛਲੇ ਕਈ ਸਾਲਾਂ ਤੋਂ ਬੋਰਡ ਏਰੀਆ ਮੋਬਾਇਲ ਟਾਵਰਾਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਬੋਰਡ ਵਲੋਂ 2 ਸਾਲ ਪਹਿਲਾਂ ਕੁਝ ਟਾਵਰ ਵੀ ਲਾਏ ਗਏ ਸਨ ਪਰ ਇਹ ਟਾਵਰ ਲੋਕਾਂ ਲਈ ਢੁੱਕਵੀਆਂ ਸਹੂਲਤਾਂ ਨਹੀਂ ਦੇ ਸਕੇ ਅਤੇ ਹੁਣ ਤੱਕ ਕੈਂਟ ਵਾਸੀ ਕਾਲ ਡ੍ਰਾਪ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਕੈਂਟ ਦੇ ਕਈ ਮੁਹੱਲਿਆਂ 'ਚ ਲੋਕਾਂ ਨੂੰ ਮੋਬਾਇਲ 'ਤੇ ਗੱਲ ਕਰਨ ਲਈ ਘਰੋਂ ਬਾਹਰ ਆਉਣਾ ਪੈਂਦਾ ਹੈ। ਪਿਛਲੀਆਂ ਕਈ ਬੋਰਡ ਮੀਟਿੰਗਾਂ 'ਚ ਨਵੇਂ 12 ਮੋਬਾਇਲ ਟਾਵਰ ਪਾਸ ਕੀਤੇ ਗਏ ਪਰ ਇਹ ਮੁੱਦਾ ਸਿਰਫ ਕਾਗਜ਼ਾਂ 'ਚ ਹੀ ਸਿਮਟ ਕੇ ਰਹਿ ਗਿਆ।

ਬੋਰਡ ਦਫਤਰ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਮੋਬਾਇਲ ਟਾਵਰ ਲਾਉਣ ਦੀ ਇਜਾਜ਼ਤ ਲਈ ਫਾਈਲ ਨੂੰ ਪੀ. ਡੀ. ਕੋਲ ਭੇਜ ਦਿੱਤਾ ਗਿਆ ਹੈ। 2020 'ਚ ਹੋਣ ਵਾਲੀਆਂ ਚੋਣਾਂ 'ਚ ਲੋਕ ਯਕੀਨੀ ਹੀ ਮੋਬਾਇਲ ਟਾਵਰਾਂ ਦੇ ਮੁੱਦੇ ਨੂੰ ਲੈ ਕੇ ਕੌਂਸਲਰਾਂ ਨੂੰ ਘੇਰਦੇ ਦਿਸਣਗੇ। ਇਸ ਤੋਂ ਇਲਾਵਾ ਹੁਣ ਤੱਕ ਕੈਂਟ ਬੋਰਡ ਏਰੀਏ ਦੀਆਂ ਰਜਿਸਟਰੀਆਂ ਬੰਦ ਹਨ ਅਤੇ ਇਨ੍ਹਾਂ ਨੂੰ ਖੁੱਲ੍ਹਵਾਉਣ ਲਈ ਕਿਸੇ ਵਲੋਂ ਕੋਈ ਖਾਸ ਯਤਨ ਵੀ ਨਹੀਂ ਕੀਤੇ ਗਏ। ਉਥੇ ਹੀ ਰਜਿਸਟਰੀ 'ਤੇ ਪਾਬੰਦੀ ਹੋਣ ਕਾਰਣ ਬੈਂਕ ਲੋਨ ਦੀ ਸਹੂਲਤ ਵੀ ਕੈਂਟ ਵਿਚ ਮੌਜੂਦ ਨਹੀਂ ਹੈ। ਇਹ ਦੋਵੇਂ ਹੀ ਸਮੱਸਿਆਵਾਂ ਮੁੱਖ ਹਨ, ਜਿਨ੍ਹਾਂ 'ਤੇ ਲੋਕ ਕੌਂਸਲਰਾਂ ਨੂੰ ਸਵਾਲ ਜ਼ਰੂਰ ਕਰਨਗੇ।

Babita

This news is Content Editor Babita