ਕੈਂਸਰ ਰਾਹਤ ਫੰਡ ''ਤੇ ਲਾਈ ਰੋਕ ਤੁਰੰਤ ਹਟਾਏ ਕੈਪਟਨ ਸਰਕਾਰ : ''ਆਪ''

12/17/2019 1:58:41 PM

ਚੰਡੀਗੜ੍ਹ (ਰਮਨਜੀਤ) : ਕੈਪਟਨ ਅਮਰਿੰਦਰ ਸਰਕਾਰ ਵਲੋਂ ਤਕਰੀਬਨ 2 ਸਾਲ ਪਹਿਲਾਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਅਧੀਨ ਕੈਂਸਰ ਦੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਵਿੱਤੀ ਮਦਦ 'ਤੇ ਅਣ ਐਲਾਨੀ ਰੋਕ ਲਾਉਣ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੈਂਸਰ ਪੀੜਤਾਂ ਲਈ ਇੰਨੀ ਬੇਕਿਰਕ ਨਾ ਹੋਵੇ ਅਤੇ ਪਹਿਲ ਦੇ ਆਧਾਰ 'ਤੇ ਕੈਂਸਰ ਰਾਹਤ ਫ਼ੰਡ ਜਾਰੀ ਕਰੇ ਤਾਂ ਕਿ ਜ਼ਿੰਦਗੀ ਲਈ ਜੱਦੋ-ਜਹਿਦ ਦੌਰਾਨ ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚ ਰਹੇ। ਇਨ੍ਹਾਂ ਪੀੜਤ ਪਰਿਵਾਰਾਂ ਨੂੰ ਥੋੜ੍ਹੀ ਬਹੁਤ ਰਾਹਤ ਮਿਲ ਸਕੇ। 'ਆਪ' ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਮੀਤ ਹੇਅਰ, ਰੁਪਿੰਦਰ ਕੌਰ ਰੂਬੀ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਬਿਨਾ ਸ਼ੱਕ ਕਿ ਪੰਜਾਬ 'ਮਾਫ਼ੀਆ ਰਾਜ' ਕਾਰਨ ਘੋਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਪਰ ਇਸ ਵਿੱਤੀ ਸੰਕਟ ਦਾ ਅਸਰ ਜੇਕਰ ਸੱਤਾਧਾਰੀ ਸਿਆਸੀ ਆਗੂਆਂ, ਮੰਤਰੀਆਂ ਅਤੇ ਮੁੱਖ ਮੰਤਰੀ ਦੇ ਸਲਾਹਕਾਰਾਂ ਦੀ ਫ਼ੌਜ ਦੇ ਸੁੱਖ ਸਹੂਲਤਾਂ ਅਤੇ ਲਾਮ-ਲਸ਼ਕਰ 'ਤੇ ਨਹੀਂ ਪੈ ਰਿਹਾ ਤਾਂ ਕੈਂਸਰ ਪੀੜਤ ਮਰੀਜ਼ਾਂ, ਅਪਾਹਿਜ, ਵਿਧਵਾ ਤੇ ਬੁਢਾਪਾ ਪੈਨਸ਼ਨ, ਸਿਹਤ ਅਤੇ ਸਰਕਾਰੀ ਸਿੱਖਿਆ ਸੰਸਥਾਵਾਂ ਅਤੇ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਸਮੇਤ ਆਮ ਲੋਕਾਂ ਨਾਲ ਜੁੜੀਆਂ ਸਾਰੀਆਂ ਲੋਕ ਭਲਾਈ ਸਕੀਮਾਂ 'ਤੇ ਹੀ ਕਿਉਂ ਪੈਂਦਾ ਹੈ?

ਕੁਲਤਾਰ ਸਿੰਘ ਸੰਧਵਾ ਅਤੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕੈਂਸਰ ਵਰਗੀ ਬੀਮਾਰੀ ਨਾਲ ਜੂਝ ਰਹੇ ਮਰੀਜ਼ਾਂ ਨੂੰ ਮੁੱਖ ਮੰਤਰੀ ਫ਼ੰਡ 'ਚੋਂ ਨਿਰਧਾਰਿਤ ਰਾਸ਼ੀ ਨਾ ਸਿਰਫ਼ ਤਰਜੀਹੀ ਤੌਰ 'ਤੇ ਤੁਰੰਤ ਜਾਰੀ ਕੀਤੀ ਜਾਵੇ, ਸਗੋਂ ਇਸ ਰਾਹਤ ਫ਼ੰਡ ਨੂੰ ਪ੍ਰਤੀ ਮਰੀਜ਼ 1.50 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕੀਤਾ ਜਾਵੇ। ਮੀਤ ਹੇਅਰ ਅਤੇ ਰੁਪਿੰਦਰ ਕੌਰ ਰੂਬੀ ਨੇ ਮੁੱਖ ਮੰਤਰੀ ਦਫ਼ਤਰ ਦੀ ਕਾਰਗੁਜ਼ਾਰੀ 'ਤੇ ਉਂਗਲ ਚੁੱਕਦਿਆਂ ਕਿਹਾ ਕਿ 2 ਹਜ਼ਾਰ ਤੋਂ ਵੱਧ ਕੈਂਸਰ ਪੀੜਤਾਂ ਦੀਆਂ ਅਰਜ਼ੀਆਂ ਲੰਬਿਤ ਪਈਆਂ ਹਨ, ਜਿਨ੍ਹਾਂ ਦੀ ਪੁਸ਼ਟੀ ਸਿਹਤ ਵਿਭਾਗ ਵੀ ਕਰ ਰਿਹਾ ਹੈ ਪਰ ਮੁੱਖ ਮੰਤਰੀ ਦਫ਼ਤਰ ਦਾਅਵਾ ਕਰ ਰਿਹਾ ਹੈ ਕਿ ਕਿਸੇ ਮਰੀਜ਼ ਦਾ ਕੋਈ ਬਕਾਇਆ ਬਾਕੀ ਨਹੀਂ ਹੈ। 'ਆਪ' ਵਿਧਾਇਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕੈਂਸਰ ਪੀੜਤ ਮਰੀਜ਼ਾਂ ਦੀ ਬਕਾਇਆ ਰਾਹਤ ਰਾਸ਼ੀ ਤੁਰੰਤ ਜਾਰੀ ਨਾ ਕੀਤੀ ਜਾਂ ਉਹ ਪੀੜਤ ਮਰੀਜ਼ਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਦੇ ਦਫ਼ਤਰ 'ਚ ਦਸਤਕ ਦੇਣਗੇ।

Anuradha

This news is Content Editor Anuradha