ਪਾਰਕਿੰਗ ਠੇਕਾ ਰੱਦ, ਹੁਣ ਖੁਦ ਸੰਭਾਲੇਗਾ ਨਿਗਮ

07/10/2018 6:39:49 AM

ਚੰਡੀਗਡ਼੍ਹ, (ਰਾਏ)- ਨਗਰ ਨਿਗਮ ਨੇ ਸੋਮਵਾਰ ਨੂੰ ਆਖਿਰਕਾਰ ਸ਼ਹਿਰ ਦੀਆਂ 25 ਪੇਡ ਪਾਰਕਿੰਗਜ਼ ਚਲਾ ਰਹੀ ਆਰੀਆ ਆਰੀਆ ਟੋਲ ਇਨਫਰਾ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਟਰਮੀਨੇਟ ਕੀਤਾ। ਨਿਗਮ ਨੇ ਇਸ ਤਿਮਾਹੀ ਦੀ ਰਕਮ ਸਮੇਂ  ’ਤੇ ਅਦਾ ਨਾ ਹੋਣ ਦੇ ਚਲਦੇ ਠੇਕਾ ਰੱਦ ਕੀਤਾ ਹੈ। 
ਦੁਪਹਿਰ 1:30 ਵਜੇੇ ਕੰਪਨੀ ਨੂੰ ਬਿਨਾਂ ਦੱਸੇ ਭਾਰੀ ਪੁਲਸ ਬਲ ਅਤੇ ਇਨਫੋਰਸਮੈਂਟ ਸਟਾਫ ਨਾਲ ਨਿਗਮ ਦੇ ਅਧਿਕਾਰੀਆਂ ਨੇ ਕੰਪਨੀ ਵੱਲੋਂ ਸਾਰੀਆਂ 25 ਪੇਡ ਪਾਰਕਿੰਗਜ਼ ਦਾ ਕਬਜ਼ਾ ਆਪਣੇ ਹੱਥਾਂ ’ਚ ਲੈ ਲਿਆ। ਉਥੇ ਹੀ  ਕੰਪਨੀ ਨੇ ਕਿਹਾ ਕਿ ਸਾਨੂੰ ਹਨੇਰੇ ’ਚ ਰੱਖਿਆ ਗਿਆ। ਨਿਗਮ ਨੂੰ ਸਮਾਂ ਦੇਣਾ ਚਾਹੀਦਾ ਸੀ। 5ਵੀਂ ਕਿਸਤ ਦੇ 3.69 ਕਰੋਡ਼ ਰੁਪਏ ਕੁਝ ਦਿਨਾਂ ’ਚ ਜਮ੍ਹਾ ਕਰਨੇ ਸਨ ਪਰ ਨਿਗਮ ਨੇ ਜਲਦਬਾਜ਼ੀ ’ਚ ਠੇਕਾ ਟਰਮੀਨੇਟ ਕਰ ਦਿੱਤਾ। ਇਸ ਨਾਲ ਕੰਪਨੀ ਨੂੰ ਕਰੋਡ਼ਾਂ ਰੁਪਏ ਦਾ ਨੁਕਸਾਨ ਹੋਇਆ ਹੈ।  ਕੰਪਨੀ ਕੋਰਟ ਦਾ ਦਰਵਾਜ਼ਾ ਖਡ਼ਕਾਏਗੀ।  
 ਜਨਤਾ ਦੀ ਜਿੱਤ ਹੋਈ : ਮੇਅਰ  
ਮੇਅਰ ਦੇਵੇਸ਼ ਮੌਦਗਿਲ ਨੇ ਦੱਸਿਆ ਕਿ ਇਸ ਕਾਰਵਾਈ ਨਾਲ ਸ਼ਹਿਰ ਦੀ ਜਨਤਾ ਦੀ ਜਿੱਤ ਹੋਈ ਹੈ। ਹਾਲੇ ਪਾਰਕਿੰਗ ਨਗਰ ਨਿਗਮ ਸੰਭਾਲੇਗਾ ਜਾਂ ਕਿਸੇ ਅਤੇ ਕੰਪਨੀ ਨੂੰ ਲਿਆਂਦਾ ਜਾਵੇਗਾ, ਇਸ ’ਤੇ ਕੁਝ ਵੀ ਸਾਫ਼ ਨਹੀਂ ਹੋ ਸਕਿਆ। ਮੌਦਗਿਲ ਨੇ ਦੱਸਿਆ ਕਿ ਹਾਲੇ ਕੰਪਨੀ ਨੂੰ ਕਿਹਾ ਗਿਆ ਹੈ ਕਿ ਸਾਰੇ ਪਾਰਕਿੰਗ ਸਥਾਨਾਂ ਤੋਂ ਆਪਣੀ ਸਮੱਗਰੀ ਨੂੰ ਉਤਾਰ ਲਵੇ, ਜਿਸ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਕਿ ਅੱਗੇ ਕੀ ਕਰਨਾ ਹੈ।  
 19 ਜੂਨ ਤੱਕ ਜਮ੍ਹਾ ਕਰਵਾਉਣੀ ਸੀ 5ਵੀਂ ਕਿਸ਼ਤ  
ਆਰੀਆ ਇਨਫਰਾ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ 19 ਜੂਨ ਤਕ 5ਵੀਂ ਕਿਸਤ ਜਮ੍ਹਾ ਕਰਵਾਉਣੀ ਸੀ, ਜੋ ਕਿ ਨਹੀਂ ਕਰਵਾਈ ਗਈ। 15 ਦਿਨ ਦਾ ਗਰੇਸ ਪੀਰੀਅਡ ਵੀ ਕੰਪਨੀ ਨੂੰ ਦਿੱਤਾ ਗਿਆ ਪਰ ਉਸਦੀ ਨੀਂਹ ਵੀ 3 ਜੁਲਾਈ ਨੂੰ ਖਤਮ ਹੋ ਗਈ। ਕੰਪਨੀ ਨੇ ਫਿਰ ਵੀ ਕਿਸ਼ਤ ਨਾ ਦਿੱਤੀ।  ਫਿਰ ਨਿਗਮ ਨੇ ਕੰਪਨੀ ਨੂੰ 6 ਜੁਲਾਈ ਨੂੰ ਨਿੱਜੀ ਤੌਰ ’ਤੇ ਸੁਣਵਾਈ ਲਈ ਬੁਲਾਇਆ ਅਤੇ 6 ਜੁਲਾਈ ਤੱਕ ਸ਼ਾਮ 5 ਵਜੇ ਤੱਕ ਕਿਸ਼ਤ ਜਮ੍ਹਾ ਕਰਵਾਉਣ ਦੇ ਆਦੇਸ਼ ਦਿੱਤੇ ਗਏ। ਕਿਹਾ ਗਿਆ ਕਿ ਜੇਕਰ ਕੰਪਨੀ ਰਕਮ 5 ਵਜੇ ਤੱਕ ਜਮ੍ਹਾ ਨਹੀਂ ਕਰਵਾਉਂਦੀ ਤਾਂ ਨਗਰ ਨਿਗਮ ਨੂੰ ਦੱਸੇ ਕਿ ਕਿਉਂ ਨਾ ਅਜਿਹੇ ’ਚ ਕਾਂਟੈਰਕਟ ਟਰਮੀਨੇਟ ਕਰ ਦਿੱਤਾ ਜਾਵੇ। ਅਧਿਕਾਰੀਆਂ ਨੇ ਇਸ ਵਾਰ ਲੀਗਲ ਪੇਂਚ ਦਾ ਧਿਆਨ ਰੱਖ ਕੇ ਹੀ ਕੰਪਨੀ ਨੂੰ ਨੋਟਿਸ ਦਿੱਤਾ ਸੀ। ਕੰਪਨੀ ਨੇ ਇਸਨੂੰ ਹਲਕੇ ’ਚ ਲਿਆ।  
 ਕੰਪਨੀ ਸੰਚਾਲਕ ਬੋਲੇ : ਜਬਰਨ ਖਾਲੀ ਕਰਵਾਈਆਂ ਪਾਰਕਿੰਗਜ਼  
ਕੰਪਨੀ  ਦੇ ਸੰਚਾਲਕ ਸੁਨੀਲ ਬਦਲਾਨੀ ਨੇ ਦੱਸਿਆ ਕਿ ਮੈਨੂੰ ਬਿਨਾਂ ਸੂਚਨਾ ਦੇ ਸਾਰੀਆਂ ਪਾਰਕਿੰਗਜ਼ ਜਜਬਰਨ ਖਾਲੀ ਕਰਵਾਈਆਂ ਗਈਆਂ ਹਨ। ਮੇਰੇ 500 ਤੋਂ ਜ਼ਿਆਦਾ ਕਰਮਚਾਰੀ ਬੇਰੋਜ਼ਗਾਰ ਹੋ ਗਏ ਹਨ। ਨਗਰ ਨਿਗਮ ਵੱਲੋਂ ਜੇਕਰ ਅਜਿਹਾ ਕੁਝ ਕੀਤਾ ਜਾਣਾ ਸੀ ਤਾਂ ਸਮਾਂ ਤਾਂ ਦੇਣਾ ਚਾਹੀਦਾ  ਸੀ। ਕੰਪਨੀ ਨੂੰ ਕਰੋਡ਼ਾਂ ਰੁਪਏ ਦਿੱਤੇ ਜਾ ਚੁੱਕੇ ਹਨ। ਉਥੇ ਹੀ ਪੰਜਵੀਂ ਕਿਸ਼ਤ ਦੇ 3.69 ਕਰੋਡ਼ ਰੁਪਏ ਕੁਝ ਦਿਨਾਂ ’ਚ ਜਮ੍ਹਾ ਹੋ ਜਾਣੇ ਸਨ ਪਰ ਨਗਰ ਨਿਗਮ ਨੇ ਜਲਦਬਾਜ਼ੀ ’ਚ ਕਾਂਟੈਰਕਟ ਟਰਮੀਨੇਟ ਕਰ ਦਿੱਤਾ। ਇਸ ਨਾਲ ਕੰਪਨੀ ਨੂੰ ਕਰੋਡ਼ਾਂ ਰੁਪਏ ਦਾ ਨੁਕਸਾਨ  ਹੋਇਆ ਹੈ। ਇਸਨੂੰ ਲੈ ਕੇ ਕੰਪਨੀ ਕੋਰਟ ਦਾ ਦਰਵਾਜ਼ ਖਡ਼ਕਾਵੇਗੀ। ਕੰਪਨੀ ਦੇ ਲੀਗਲ ਐਡਵਾਈਜ਼ਰ ਨਾਲ ਗੱਲ ਕਰਨ ਤੋਂ ਬਾਅਦ ਹੀ ਕੰਪਨੀ ’ਤੇ ਰਿਕਵਰੀ ਦਾ ਦਾਅਵਾ ਠੋਕਿਆ ਜਾਵੇਗਾ। ਉਂਝ ਵੀ ਕੰਪਨੀ ਨੂੰ ਪਾਰਕਿੰਗ ਸਥਾਨਾਂ ਨੂੰ ਸੰਭਾਲਣ ’ਚ ਭਾਰੀ ਨੁਕਸਾਨ ਹੋਇਆ ਹੈ।  10 ਕਰੋਡ਼ ਰੁਪਏ ਨਗਰ ਨਿਗਮ ਨੂੰ ਦੇਣ ਲਈ ਪਹਿਲਾਂ ਹੀ ਕਿਹਾ ਗਿਆ ਸੀ ਪਰ ਕੁਝ ਨਹੀਂ ਹੋਇਆ। ਕੰਪਨੀ ਨਿਗਮ  ਨਾਲ ਖਡ਼੍ਹੀ ਸੀ। ਕਾਂਟੈਰਕਟ ਨਗਰ ਨਿਗਮ ਵੱਲੋਂ ਬਣਾਇਆ ਗਿਆ ਸੀ। ਰੇਟ ਵਧਾਉਣਾ 1 ਅਪ੍ਰੈਲ ਤੋਂ ਕਾਂਟੈਰਕਟ ਦਾ ਹੀ ਹਿੱਸਾ ਸੀ। ਨਗਰ ਨਿਗਮ ਕਹਿੰਦਾ ਤਾਂ ਅਸੀਂ ਰੇਟ ਘੱਟ ਕਰ ਦਿੰਦੇ।