17 ਦੇਸ਼ਾਂ ਤੋਂ ਹੁੰਦੇ ਹੋਏ ਕੈਨੇਡਾ ਦੀ ਵਿਸ਼ੇਸ਼ ਬੱਸ ਯਾਤਰਾ ਗੁ. ਸ੍ਰੀ ਬੇਰ ਸਾਹਿਬ ਪੁੱਜੀ

11/18/2019 8:21:56 PM

ਸੁਲਤਾਨਪੁਰ ਲੋਧੀ, (ਸੋਢੀ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਨੇਡਾ ਤੋਂ ਸੁਲਤਾਨਪੁਰ ਲੋਧੀ ਤਕ ਦੀ ਆਰੰਭ ਹੋਈ ਵਿਸ਼ੇਸ਼ ਬੱਸ ਯਾਤਰਾ ਅੱਜ ਸ਼ਾਮ ਇਤਿਹਾਸਕ ਗੁ. ਸ੍ਰੀ ਬੇਰ ਸਾਹਿਬ ਪੁੱਜ ਕੇ ਸਮਾਪਤ ਹੋਈ। ਵੱਖ-ਵੱਖ 17 ਦੇਸ਼ਾਂ ਤੋਂ ਹੁੰਦੇ ਹੋਏ ਤਕਰੀਬਨ 21,000 ਕਿਲੋਮੀਟਰ ਦਾ ਸਫਰ ਤਹਿ ਕਰਕੇ ਕੈਨੇਡਾ ਦੀ ਸੰਗਤ ਦੀ ਇਹ ਵਿਸ਼ੇਸ਼ ਯਾਤਰਾ ਬੱਸ ਰਾਹੀਂ ਗੁ. ਸ੍ਰੀ ਬੇਰ ਸਾਹਿਬ ਵਿਖੇ ਪੁੱਜਣ 'ਤੇ ਸਥਾਨਕ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰ ਕੇ ਨਿੱਘਾ ਸਵਾਗਤ ਕੀਤਾ ਗਿਆ।

ਬੱਸ 'ਚ ਕੈਨੇਡਾ ਤੋਂ ਆਏ ਸ਼ਰਧਾਲੂਆਂ ਭਾਈ ਗੁਰਚਰਨ ਸਿੰਘ ਬਲਵੰਤ, ਬੀਬੀ ਸੁਰਜੀਤ ਕੌਰ, ਰਣਜੀਤ ਸਿੰਘ ਖਾਲਸਾ, ਬਖਸ਼ੀਸ਼ ਸਿੰਘ, ਦਲਜੀਤ ਸਿੰਘ, ਜਸ਼ਜੋਤਪਾਲ ਕੌਰ, ਨੰਬਰਦਾਰ ਤਾਰਾ ਸਿੰਘ, ਨਵਪ੍ਰੀਤ ਸਿੰਘ, ਮਲੂਕ ਸਿੰਘ, ਰਵਨੀਤ ਸਿੰਘ ਨੇ ਗੁ. ਸ੍ਰੀ ਬੇਰ ਸਾਹਿਬ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਤੇ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲ ਤੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ ਵਲੋਂ ਉਨ੍ਹਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਯਾਤਰਾ ਦੀ ਸੰਪੂਰਨਤਾ ਦੀ ਅਰਦਾਸ ਭਾਈ ਅਜਮੇਰ ਸਿੰਘ ਨੇ ਕੀਤੀ। ਗੁਰਚਰਨ ਸਿੰਘ ਕੈਨੇਡਾ ਨੇ ਦੱਸਿਆ ਕਿ ਉਹ 3 ਸਤੰਬਰ ਨੂੰ ਬਰੈਂਪਟਨ ਸ਼ਹਿਰ ਕੈਨੇਡਾ ਤੋਂ ਯਾਤਰਾ ਲਈ ਰਵਾਨਾ ਹੋਏ ਸਨ। ਉਨ੍ਹਾਂ ਦੱਸਿਆ ਕਿ ਕੈਨੇਡਾ ਤੋਂ ਇਹ ਬੱਸ ਵਾਇਆ ਯੂ. ਕੇ., ਫਰਾਂਸ, ਬੈਲਜੀਅਮ, ਹਾਲੈਂਡ, ਜਰਮਨ, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਹੰਗਰੀ, ਸੁਬੇਰੀਆ, ਬੁਲਗਾਰੀਆ, ਟੁਰਕੀ, ਇਰਾਨ ਤੇ ਪਾਕਿਸਤਾਨ ਤੋਂ ਹੁੰਦੇ ਭਾਰਤ ਪੁੱਜੇ ਹਨ। ਇਸ ਮੌਕੇ ਭਾਈ ਸੁਰਜੀਤ ਸਿੰਘ ਸਭਰਾਅ ਹੈੱਡ ਗ੍ਰੰਥੀ ਗੁ. ਬੇਰ ਸਾਹਿਬ, ਭਾਈ ਅਵਤਾਰ ਸਿੰਘ, ਗੁਰਪਾਲ ਸਿੰਘ, ਸੋਢੀ ਸਿੰਘ, ਭਲਵਾਨ ਸਿੰਘ, ਭਾਈ ਸਰਵਣ ਸਿੰਘ ਚੱਕਾਂ ਤੇ ਹੋਰਨਾਂ ਸ਼ਿਰਕਤ ਕੀਤੀ।

KamalJeet Singh

This news is Content Editor KamalJeet Singh