ਕੈਨੇਡਾ ਗਏ ਪੁੱਤ ਦੇ ਨਾਂ ’ਤੇ ਵਿਦੇਸ਼ੋਂ ਆਈ ਕਾਲ ਨੇ ਉਡਾਏ 7 ਲੱਖ ਰੁਪਏ, ਸੱਚ ਸਾਹਮਣੇ ਆਇਆ ਤਾਂ ਉਡੇ ਹੋਸ਼

02/13/2023 6:56:22 PM

ਲੁਧਿਆਣਾ (ਰਾਜ) : ਕਈ ਤਰ੍ਹਾਂ ਦੇ ਹਥਕੰਡੇ ਵਰਤ ਕੇ ਸਾਈਬਰ ਠੱਗਾਂ ਨੇ ਸ਼ਹਿਰ ਦੇ ਇਕ ਬਜ਼ੁਰਗ ਨਾਲ ਠੱਗੀ ਮਾਰ ਕੇ 7 ਲੱਖ ਰੁਪਏ ਟਰਾਂਸਫਰ ਕਰਵਾ ਲਏ। ਹਰਨੇਕ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਹੁਸ਼ਿਆਰਪੁਰ ਦੇ ਮੁਹੱਲਾ ਵਾਲਮੀਕਿ ਨਗਰ ਦੀ ਪ੍ਰਿਆ, ਹੁਸ਼ਿਆਰਪੁਰ ਨਵੀਂ ਆਬਾਦੀ ਦੇ ਨਿਤਿਨ ਕੁਮਾਰ ਅਤੇ ਗਿਆਸਪੁਰਾ ਦੇ ਰਾਜ ਨਾਰਾਇਣ ਖ਼ਿਲਾਫ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਸ਼ਿਕਾਇਤ ’ਚ ਹਰਨੇਕ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾ ਮੁਲਜ਼ਮਾਂ ਨੇ ਉਨ੍ਹਾਂ ਨੂੰ ਵ੍ਹਟਸਐਪ ਕਾਲ ਕੀਤੀ ਅਤੇ ਕਿਹਾ ਕਿ ਉਹ ਵਿਦੇਸ਼ ’ਚ ਰਹਿਣ ਵਾਲਾ ਉਸ ਦਾ ਪੋਤਾ ਪੁਨੀਤ ਬੋਲ ਰਿਹਾ ਹੈ, ਉਸ ਦਾ ਕਿਸੇ ਨਾਲ ਝਗੜਾ ਹੋ ਗਿਆ। ਉਸ ਦੇ ਖਾਤੇ ’ਚ 2 ਲੱਖ ਰੁਪਏ ਟਰਾਂਸਫਰ ਕਰਵਾ ਦੇਣ ਤਾਂ ਕਿ ਪੁਲਸ ਕਾਰਵਾਈ ਤੋਂ ਬਚ ਸਕੇ।

ਇਹ ਵੀ ਪੜ੍ਹੋ : ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਯੋਜਨਾ ’ਚ ਲੱਗਾ ਭਾਰੀ ਕੱਟ, ਪੰਜਾਬ ’ਚ ਮਚੀ ਹਾਹਾਕਾਰ

ਹਰਨੇਕ ਸਿੰਘ ਨੇ ਪੋਤੇ ਨੂੰ ਬਚਾਉਣ ਲਈ 2 ਲੱਖ ਮੁਲਜ਼ਮਾਂ ਦੇ ਦੱਸੇ ਖਾਤੇ ’ਚ ਟਰਾਂਸਫਰ ਕਰ ਦਿੱਤੇ, ਜਿਸ ਦੇ ਕੁਝ ਦਿਨ ਬਾਅਦ ਫਿਰ ਫੋਨ ਆਇਆ ਕਿ ਪੁਨੀਤ ਦਾ ਜਿਸ ਨਾਲ ਝਗੜਾ ਹੋਇਆ ਸੀ ਉਕਤ ਵਿਅਕਤੀ ਦੀ ਮੌਤ ਹੋ ਗਈ ਹੈ। ਉਸ ਨੂੰ ਬਚਾਉਣ ਲਈ 8 ਲੱਖ ਰੁਪਏ ਦੀ ਲੋੜ ਹੈ। ਮੁਲਜ਼ਮਾਂ ਨੇ ਫਿਰ ਇਕ ਖਾਤਾ ਨੰਬਰ ਦਿੱਤਾ ਅਤੇ ਪੈਸੇ ਉਸ ’ਚ ਟਰਾਂਸਫਰ ਕਰਨ ਦੀ ਗੱਲ ਕੀਤੀ। ਇਸ ਦੌਰਾਨ ਹਰਨੇਕ ਸਿੰਘ ਨੇ ਉਕਤ ਖਾਤੇ ’ਚ 5 ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਜਿਸ ਨੰਬਰ ਤੋਂ ਕਾਲ ਆਈ ਸੀ, ਉਸ ਨੂੰ ਮੁਲਜ਼ਮਾਂ ਨੇ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਹਰਨੇਕ ਸਿੰਘ ਨੇ ਆਪਣੇ ਪੋਤੇ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਸ ਦਾ ਨਾ ਤਾਂ ਕੋਈ ਝਗੜਾ ਹੋਇਆ ਅਤੇ ਨਾ ਹੀ ਕਿਸੇ ਨਾਲ ਕੋਈ ਗੱਲ ਹੋਈ ਹੈ, ਜਿਸ ਤੋਂ ਬਾਅਦ ਹਰਨੇਕ ਸਿੰਘ ਨੂੰ ਸਮਝ ਆਈ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕਾ ਹੈ। ਹਰਨੇਕ ਸਿੰਘ ਨੇ ਇਸ ਦੀ ਸ਼ਿਕਾਇਤ ਪੁਲਸ ਕਮਿਸ਼ਨਰ ਕੋਲ ਕੀਤੀ। ਜਾਂਚ ਵਿਚ ਸਾਹਮਣੇ ਆਇਆ ਕਿ ਉਕਤ ਮੁਲਜ਼ਮਾਂ ਨੇ ਠੱਗੀ ਕੀਤੀ ਸੀ, ਜਿਸ ਤੋਂ ਬਾਅਦ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੇਪਰਾਂ ਤੋਂ ਪਹਿਲਾਂ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh