ਕੈਨੇਡਾ ਬੈਠੀ ਔਰਤ ਨੇ ਦਿੱਤੀ ਪੰਜਾਬ ਆਏ ਸਾਬਕਾ ਪਤੀ ਨੂੰ ਮਾਰਨ ਲਈ ਸੁਪਾਰੀ

02/02/2018 12:40:08 AM

ਗੁਰਾਇਆ/ਜਲੰਧਰ (ਮੁਨੀਸ਼, ਪ੍ਰੀਤ)— ਜਲੰਧਰ ਦਿਹਾਤੀ ਪੁਲਸ ਨੇ ਗੁਰਾਇਆ ਦੇ ਪਿੰਡ ਕੋਟਲੀ ਖੱਖਿਆਂ ਦੇ ਐੱਨ. ਆਰ. ਆਈ. ਮੱਖਣ ਸਿੰਘ ਉੱਪਰ ਹੋਏ ਜਾਨਲੇਵਾ ਹਮਲੇ 'ਚ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਿਖਾਉਂਦੇ ਹੋਏ ਚਾਰ ਨੂੰ ਫ਼ਰਾਰ ਦੱਸਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਭੁੱਲਰ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੇ ਦੱਸਿਆ ਕਿ 26 ਜਨਵਰੀ ਨੂੰ ਸਵੇਰੇ ਦੋ ਗੱਡੀਆਂ ਸਕੋਡਾ ਅਤੇ ਆਲਟੋ ਵਿਚ ਆਏ ਹਥਿਆਰਬੰਦ ਅਣਪਛਾਤੇ ਹਮਲਾਵਾਰ ਐੱਨ. ਆਰ. ਆਈ. ਮੱਖਣ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਕੋਟਲੀ ਖੱਖਿਆਂ ਥਾਣਾ ਗੁਰਾਇਆ 'ਤੇ ਗੋਲੀ ਚਲਾ ਕੇ ਜਾਨਲੇਵਾ ਹਮਲਾ ਕਰਕੇ ਫ਼ਰਾਰ ਹੋ ਗਏ ਸਨ, ਜਿਸ 'ਤੇ ਪੁਲਸ ਨੇ ਮਾਮਲਾ ਦਰਜ ਕੀਤਾ ਸੀ।
ਇੰਸਪੈਕਟਰ ਸ਼ਿਵ ਕੁਮਾਰ ਸੀ. ਆਈ. ਏ. ਸਟਾਫ਼ ਜਲੰਧਰ ਅਤੇ ਉਸ ਦੀ ਟੀਮ ਵੱਲੋਂ ਮਿਲੀ ਖੁਫ਼ੀਆ ਇਤਲਾਹ 'ਤੇ ਇਸ ਦੇ ਮੁੱਖ ਮੁਲਜ਼ਮ ਕੁਲਵੰਤ ਸਿੰਘ ਪੁੱਤਰ ਉਂਕਾਰ ਸਿੰਘ ਵਾਸੀ ਮਹਿਤਪੁਰ ਥਾਣਾ ਸਦਰ ਹੁਸ਼ਿਆਰਪੁਰ ਨੂੰ ਉਸ ਦੇ ਸਾਥੀ ਰਜਿੰਦਰ ਕੁਮਾਰ ਉਰਫ਼ ਰਾਜੂ ਪੁੱਤਰ ਅਵਤਾਰ ਸਿੰਘ ਵਾਸੀ ਰਾਮ ਕਾਲੋਨੀ ਕੈਂਪ ਚੰਡੀਗੜ੍ਹ ਰੋਡ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਕੁਲਵੰਤ ਸਿੰਘ ਉਕਤ ਦੀ ਪੁੱਛਗਿੱਛ ਕਰਨ 'ਤੇ ਉਸ ਨੇ ਦੱਸਿਆ ਕਿ ਉਸ ਨੇ ਇਸ ਕੰਮ ਲਈ ਸੁਪਾਰੀ ਮੱਖਣ ਸਿੰਘ ਦੀ ਦੂਜੀ ਤਲਾਕਸ਼ੁਦਾ ਪਤਨੀ ਜਸਵਿੰਦਰ ਕੌਰ ਪਤਨੀ ਅਮਰੀਕ ਸਿੰਘ ਵਾਸੀ ਪਿੰਡ ਰੁੜਕਾ ਕਲਾਂ ਥਾਣਾ ਗੁਰਾਇਆ, ਤੋਂ ਮਿਲੀ ਸੀ, ਜੋ ਕਿ ਕੈਨੇਡਾ ਦੇ ਸ਼ਹਿਰ ਵੈਨਕੂਵਰ 'ਚ ਰਹਿੰਦੀ ਹੈ ਅਤੇ ਉਸ ਨਾਲ ਮੋਬਾਇਲ ਫ਼ੋਨ, ਵਟਸਐਪ ਰਾਹੀਂ ਗੱਲਬਾਤ ਕਰਦੀ ਹੈ ਤੇ ਉਸ ਨਾਲ ਮੱਖਣ ਸਿੰਘ ਨੂੰ ਜਾਨ ਤੋਂ ਮਾਰਨ ਲਈ 2 ਲੱਖ 50 ਹਜ਼ਾਰ ਰੁਪਏ 'ਚ ਸੌਦਾ ਹੋਇਆ ਸੀ। ਕੁਲਵੰਤ ਸਿੰਘ ਨੇ ਆਪਣੇ ਦੋਸਤ ਅਰੁਣ ਕੁਮਾਰ ਉਰਫ਼ ਜੋਗਾ ਪੁੱਤਰ ਰਾਜ ਕੁਮਾਰ ਅਤੇ ਸੂਰਜ ਨਾਥ ਪੁੱਤਰ ਪ੍ਰੇਮ ਨਾਥ ਵਾਸੀ ਬਜਵਾੜਾ ਜ਼ਿਲਾ ਹੁਸ਼ਿਆਰਪੁਰ, ਸੱਤਾ ਅਤੇ ਭੋਲਾ ਵਾਸੀ ਨਕੋਦਰ ਨਾਲ ਹਮ-ਸਲਾਹ ਹੋ ਕੇ ਐੱਨ. ਆਰ. ਆਈ. ਮੱਖਣ ਸਿੰਘ 'ਤੇ ਗੋਲੀ ਚਲਾ ਕੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਸੀ, ਖੁਸ਼ਕਿਸਮਤੀ ਨਾਲ ਮੱਖਣ ਸਿੰਘ ਬਚ ਗਿਆ ਅਤੇ ਉਸ ਦੇ ਪੱਟ ਵਿਚ ਗੋਲੀ ਲੱਗ ਗਈ ਸੀ। 
ਹਮਲਾ ਕਰਨ ਤੋਂ ਬਾਅਦ ਦੋਸ਼ੀ ਦੂਸਰੀ ਗੱਡੀ ਆਲਟੋ ਕਾਰ, ਜਿਸ ਨੂੰ ਸੂਰਜ ਨਾਥ ਪੁੱਤਰ ਪ੍ਰੇਮ ਨਾਥ ਚਲਾ ਰਿਹਾ ਸੀ, ਵਿਚ ਬੈਠ ਕੇ ਫ਼ਰਾਰ ਹੋ ਗਏ ਸਨ। ਇਨ੍ਹਾਂ ਹਮਲਾਵਰਾਂ ਨੇ ਪੂਰੀ ਯੋਜਨਾ ਨਾਲ ਸਕੋਡਾ ਕਾਰ ਦੀ ਚੋਰੀ ਹੋਣ ਸਬੰਧੀ ਥਾਣਾ ਸਦਰ ਹੁਸ਼ਿਆਰਪੁਰ 'ਚ ਐੱਫ. ਆਰ. ਆਈ. ਦਰਜ ਕਰਾਉਣ ਲਈ ਇਤਲਾਹ ਵੀ ਦਿੱਤੀ ਸੀ। ਇਨ੍ਹਾਂ ਵਿਚੋਂ 4 ਦੋਸ਼ੀ ਅਰੁਣ ਕੁਮਾਰ ਉਰਫ਼ ਜੋਗਾ, ਸੂਰਜ ਨਾਥ, ਸੱਤਾ ਅਤੇ ਭੋਲਾ ਉਕਤ ਫ਼ਰਾਰ ਹਨ, ਜਿਨ੍ਹਾਂ ਨੂੰ ਵੀ ਛੇਤੀ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਇਸ ਵਿਚ ਹਮਲਾ ਕਰਾਉਣ ਵਾਲੀ ਔਰਤ ਜਸਵਿੰਦਰ ਕੌਰ ਨੇ ਐੱਨ. ਆਰ. ਆਈ. ਮੱਖਣ ਸਿੰਘ ਨੂੰ ਮਾਰਨ ਲਈ ਪੇਸ਼ਗੀ ਰਕਮ 1 ਲੱਖ 50 ਹਜ਼ਾਰ ਰੁਪਏ ਭੇਜੀ ਸੀ, ਜਿਨ੍ਹਾਂ ਵਿਚੋਂ 50 ਹਜ਼ਾਰ ਰੁਪਏ ਸੂਰਜ ਨਾਥ ਅਤੇ ਅਰੁਣ ਕੁਮਾਰ ਉਰਫ਼ ਜੋਗਾ ਨੂੰ ਦੇ ਦਿੱਤੀ ਸੀ। 50 ਹਜ਼ਾਰ ਰੁਪਏ ਸੱਤਾ ਅਤੇ ਭੋਲਾ ਨੂੰ ਦਿੱਤੇ ਸਨ ਅਤੇ 50 ਹਜ਼ਾਰ ਰੁਪਏ ਉਸ ਨੇ ਆਪਣੇ ਪਾਸ ਰੱਖ ਲਏ ਸਨ ਅਤੇ ਬਾਕੀ 1 ਲੱਖ ਰੁਪਏ ਕੰਮ ਹੋਣ ਤੋਂ ਬਾਅਦ ਜਸਵਿੰਦਰ ਕੌਰ ਪਾਸੋਂ ਲੈਣੇ ਸਨ। ਜਸਵਿੰਦਰ ਕੌਰ ਖਿਲਾਫ਼ ਮੁਕੱਦਮੇ ਵਿਚ ਧਾਰਾ 120 ਦਾ ਵਾਧਾ ਕੀਤਾ ਗਿਆ ਹੈ, ਜਿਸ ਨੂੰ ਐਕਸਟਰਾਡੀਸ਼ਨ ਦੀ ਕਾਰਵਾਈ ਰਾਹੀਂ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ। ਐੱਸ. ਐੱਸ. ਪੀ ਭੁੱਲਰ ਨੇ ਦੱਸਿਆ ਦੋਸ਼ੀ ਕੁਲਵੰਤ ਸਿੰਘ ਪੁੱਤਰ ਉਂਕਾਰ ਸਿੰਘ ਵਾਸੀ ਮਹਿਤਪੁਰ ਥਾਣਾ ਸਦਰ ਹੁਸ਼ਿਆਰਪੁਰ ਉਪਰ ਪਹਿਲਾਂ ਵੀ ਮੁਕੱਦਮਾ ਨੰ. 124 ਮਿਤੀ 28.11.2012 , 307,324,148,149 ਥਾਣਾ ਸਦਰ ਹੁਸ਼ਿਆਰਪੁਰ 'ਚ ਦਰਜ ਹੈ। ਦੋਸ਼ੀ ਰਜਿੰਦਰ ਕੁਮਾਰ ਉਰਫ਼ ਰਾਜੂ ਪੁੱਤਰ ਅਵਤਾਰ ਸਿੰਘ ਵਾਸੀ ਕੈਂਪ ਰਾਮ ਕਾਲੋਨੀ ਥਾਣਾ ਸਦਰ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਸ਼ਾਦੀਸ਼ੁਦਾ ਹੈ ਅਤੇ ਉਸ ਦੀ ਮਠਿਆਈ ਦੀ ਦੁਕਾਨ ਹੈ ਅਤੇ ਉਸ ਨੇ ਸਕੋਡਾ ਕਾਰ ਦੀ ਚੋਰੀ ਹੋਣ ਦੀ ਝੂਠੀ ਰਿਪੋਰਟ ਥਾਣਾ ਸਦਰ ਹੁਸ਼ਿਆਰਪੁਰ 'ਚ ਦਰਜ ਕਰਵਾਈ ਸੀ।