ਸ਼ਹਿਰ ''ਚ ਡੇਂਗੂ ਤੇ ਵਾਇਰਲ ਦੇ ਵਿਗੜੇ ਹਾਲਾਤ ਦੀ ਧਮਕ ਪੁੱਜੀ ਕੈਨੇਡਾ

09/18/2017 7:05:53 AM

ਕਪੂਰਥਲਾ, (ਭੂਸ਼ਣ)- ਕਪੂਰਥਲਾ ਸ਼ਹਿਰ ਸਮੇਤ ਪੂਰੇ ਸੂਬੇ ਵਿਚ ਫੈਲ ਚੁੱਕੇ ਡੇਂਗੂ ਅਤੇ ਵਾਇਰਲ ਬੁਖਾਰ ਦੀ ਧਮਕ ਹੁਣ ਹਜ਼ਾਰਾਂ ਮੀਲ ਦੂਰ ਕੈਨੇਡਾ ਤੱਕ ਪਹੁੰਚ ਚੁੱਕੀ ਹੈ। ਸੂਬੇ 'ਚ ਹਜ਼ਾਰਾਂ ਲੋਕਾਂ ਦੇ ਡੇਂਗੂ ਨਾਲ ਪੀੜਤ ਹੋਣ ਅਤੇ ਕਈ ਲੋਕਾਂ ਦੀਆਂ ਮੌਤਾਂ ਹੋਣ ਦੀਆਂ ਖਬਰਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੈਨੇਡਾ ਦੇ ਸਿਹਤ ਵਿਭਾਗ ਨੇ ਜਿੱਥੇ ਪੰਜਾਬ ਨਾਲ ਸਬੰਧਿਤ ਐੱਨ. ਆਰ. ਆਈ. ਭਾਈਚਾਰੇ ਨੂੰ ਡੇਂਗੂ ਬੁਖਾਰ ਦਾ ਅਸਰ ਖਤਮ ਹੋਣ ਤੱਕ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ, ਉਥੇ ਹੀ ਇਸ ਬੁਖਾਰ ਦੀ ਦਹਿਸ਼ਤ ਕਾਰਨ ਦੀਵਾਲੀ ਦੌਰਾਨ ਕੈਨੇਡਾ 'ਚ ਰਹਿੰਦੇ ਕਈ ਭਾਰਤੀਆਂ ਦੇ ਕਪੂਰਥਲਾ ਨਾ ਆਉਣ ਕਾਰਨ ਦੀਵਾਲੀ ਕਾਫੀ ਫਿੱਕੀ ਰਹਿ ਸਕਦੀ ਹੈ।ਜ਼ਿਕਰਯੋਗ ਹੈ ਕਿ ਸੂਬੇ 'ਚ ਫੈਲੇ ਡੇਂਗੂ ਬੁਖਾਰ ਨੇ ਜਿੱਥੇ ਸਿਹਤ ਵਿਭਾਗ ਦੇ ਅਕਸ ਨੂੰ ਕਾਫੀ ਹੱਦ ਤੱਕ ਖਤਮ ਕਰ ਦਿੱਤਾ ਹੈ, ਉਥੇ ਹੀ ਵਿਦੇਸ਼ਾਂ 'ਚ ਭਾਰਤ ਦੀ ਅਜਿਹੀਆਂ ਬੀਮਾਰੀਆਂ ਨਾਲ ਨਜਿੱਠਣ ਦੀ ਰਣਨੀਤੀ 'ਤੇ ਸਵਾਲ ਉੱਠਣ ਲੱਗੇ ਹਨ, ਜਿਸ ਨੇ ਕੈਨੇਡਾ 'ਚ ਰਹਿੰਦੇ ਕਪੂਰਥਲਾ ਵਾਸੀਆਂ ਨੂੰ ਭਾਰੀ ਚਿੰਤਾ 'ਚ ਪਾ ਦਿੱਤਾ ਹੈ। ਕੈਨੇਡਾ ਦੇ ਪੰਜ ਪ੍ਰਮੁੱਖ ਸੂਬਿਆਂ ਅਨਟਾਰੀਓ, ਬ੍ਰਿਟਿਸ਼ ਕੋਲੰਬੀਆ, ਕਯੂਬਿਕ, ਅਲਬਰਟਾ ਅਤੇ ਸਕੈਚ ਵਨ ਨਾਲ ਸਬੰਧਿਤ ਸਿਹਤ ਵਿਭਾਗ ਨੇ ਪੰਜਾਬੀਆਂ ਨੂੰ ਡੇਂਗੂ ਬੁਖਾਰ ਸਬੰਧੀ ਅਲਰਟ ਜਾਰੀ ਕਰਦੇ ਹੋਏ ਫਿਲਹਾਲ ਅਕਤੂਬਰ ਤੱਕ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ। 
ਗੱਲਬਾਤ ਕਰਦੇ ਕੈਨੇਡਾ ਦੇ ਬਰਮਟਨ ਸ਼ਹਿਰ ਨਿਵਾਸੀ ਐਵਰਗ੍ਰੀਨ ਕਾਲਜ ਦੇ ਐੱਮ. ਡੀ. ਅਜੇ ਪ੍ਰਭਾਕਰ ਨੇ ਕਪੂਰਥਲਾ ਸ਼ਹਿਰ ਸਮੇਤ ਪੰਜਾਬ ਭਰ 'ਚ ਫੈਲੇ ਡੇਂਗੂ ਬੁਖਾਰ ਨੂੰ ਲੈ ਕੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਡੇਂਗੂ ਬੁਖਾਰ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੂੰ ਪੂਰੀ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਸਬੰਧੀ ਕੈਨੇਡਾ ਦੇ ਪ੍ਰਮੁੱਖ ਪ੍ਰਤੀਨਿਧੀ ਮੰਨਣ ਗੁਪਤਾ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕੀ ਕਦੀ ਪੰਜਾਬ ਦੇ ਪੈਰਿਸ ਰਹੇ ਕਪੂਰਥਲਾ ਦੀ ਪੁਰਾਣੀ ਸ਼ਾਨੋ-ਸ਼ੌਕਤ ਨੂੰ ਬਹਾਲ ਕੀਤਾ ਜਾਵੇ ਅਤੇ ਵੱਡੇ ਪੱਧਰ 'ਤੇ ਸਫਾਈ ਮੁਹਿੰਮ ਤੇਜ਼ ਕੀਤੀ ਜਾਵੇ। ਬਰਮਟਨ ਦੇ ਹੋਟਲ ਮੂਨਲਾਈਟ ਦੇ ਮਾਲਕ ਗੁਰਬੀਰ ਸਿੰਘ ਚਾਹਲ ਨੇ ਕਿਹਾ ਕਿ ਕਦੀ ਕਪੂਰਥਲਾ ਸ਼ਹਿਰ ਆਪਣੀ ਸਫਾਈ ਲਈ ਪੂਰੇ ਸੂਬੇ 'ਚ ਜਾਣਿਆ ਜਾਂਦਾ ਸੀ। ਇਸ ਸਬੰਧੀ ਬਰਮਟਨ ਦੇ ਪ੍ਰਮੁੱਖ ਟ੍ਰਾਂਸਪੋਰਟਰ ਤੇ ਯੂਥ ਕਾਂਗਰਸ ਕਪੂਰਥਲਾ ਦੇ ਸਾਬਕਾ ਪ੍ਰਧਾਨ ਹਰੀਸ਼ ਸਾਹਨੀ ਬੰਟੀ ਨੇ ਕਿਹਾ ਕਿ 20 ਸਾਲ ਪਹਿਲਾਂ ਕਪੂਰਥਲਾ ਸ਼ਹਿਰ ਗੰਦਗੀ ਅਤੇ ਬੀਮਾਰੀਆਂ ਤੋਂ ਪੂਰੀ ਤਰ੍ਹਾਂ ਮੁਕਤ ਸੀ ਪਰ ਇਸ ਵਾਰ ਡੇਂਗੂ ਮਹਾਮਾਰੀ ਅਤੇ ਗੰਦਗੀ ਨੇ ਉਨ੍ਹਾਂ ਨੂੰ ਕਾਫੀ ਨਿਰਾਸ਼ ਕੀਤਾ ਹੈ।