ਕੈਨੇਡਾ ਲਈ ਜੰਗ ਲੜਨ ਵਾਲੇ ਸਿੱਖਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ : ਹਰਜੀਤ ਸਿੰਘ ਸੱਜਣ

11/07/2017 3:00:42 AM

ਓਨਟਾਰੀਓ — ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਸਣੇ ਕੈਨੇਡੀਅਨ ਜਵਾਨਾਂ ਨੇ ਐਤਵਾਰ ਨੂੰ ਕਿਚਨਰ 'ਚ ਉਨ੍ਹਾਂ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਹੜੇ ਪਹਿਲੇ ਵਿਸ਼ਵ ਯੁੱਧ 'ਚ ਕੈਨੇਡਾ ਲਈ ਲੜੇ ਸਨ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਉਨ੍ਹਾਂ 300 ਪਤਵੰਤੇ ਸੱਜਣਾ, ਸਾਬਕਾ ਫੌਜੀਆਂ, ਕੈਡਟਾਂ ਅਤੇ ਹੋਰ ਵਿਅਕਤੀਆਂ ਸਣੇ ਸਿੱਖ ਯਾਦਗਾਰ ਦਿਹਾੜੇ ਮੌਕੇ ਸ਼ਰਧਾਂਜਲੀ ਸਮਾਗਮ 'ਚ ਸ਼ਾਮਲ ਹੋਏ। ਉਨ੍ਹਾਂ ਐਤਵਾਰ ਨੂੰ ਮੀਂਹ ਵਾਲੇ ਦਿਨ ਮਾਊਂਟ ਹੋਪ ਕਬਰਿਸਤਾਨ 'ਚ ਜਾ ਕੇ ਬੁਕਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਕੈਨੇਡਾ 'ਚ ਵਿਸ਼ਵ ਯੁੱਧ ਲੜਨ ਵਾਲੇ ਕਿਸੇ ਸਿੱਖ ਫੌਜੀ ਦੀ ਇਹ ਇਕਲੌਤੀ ਕਬਰ ਹੈ।

ਇਸ ਮੌਕੇ ਹਰਜੀਤ ਸਿੰਘ ਸੱਜਣ ਨੇ ਬੁਕਮ ਸਿੰਘ ਦੇ ਕੈਨੇਡੀਅਨ ਫੌਜ 'ਚ ਪਾਏ ਯੋਗਦਾਨ ਨੂੰ ਯਾਦ ਕੀਤਾ। ਜ਼ਿਕਰਯੋਗ ਹੈ ਕਿ ਬੁਕਮ ਸਿੰਘ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੇ ਰਹਿਣ ਵਾਲੇ ਸਨ। 14 ਸਾਲ ਦੀ ਉਮਰ 'ਚ ਉਹ ਕੈਨੇਡਾ ਪੁੱਜੇ ਸਨ। ਸ਼ੁਰੂ 'ਚ ਬੁਕਮ ਸਿੰਘ ਨੇ ਕੈਨੇਡਾ ਦੀ ਧਰਤੀ 'ਤੇ ਕਾਫੀ ਸੰਘਰਸ਼ ਕੀਤਾ। 1914 'ਚ ਪਹਿਲਾਂ ਵਿਸ਼ਵ ਯੁੱਧ ਦੌਰਾਨ ਬੁਕਮ ਸਿੰਘ ਕੈਨੇਡਾ ਦੀ ਫੌਜ 'ਚ ਭਰਤੀ ਹੋ ਗਏ। ਬੁਕਮ ਸਿੰਘ ਉਨ੍ਹਾਂ 9 ਸਿੱਖ ਫੌਜੀਆਂ 'ਚ ਸ਼ਾਮਲ ਸਨ ਜਿਨ੍ਹਾਂ ਨੂੰ ਜੰਗ ਦੇ ਮੈਦਾਨ 'ਚ ਜਾਣ ਦੀ ਇਜਾਜ਼ਤ ਉਸ ਵੇਲੇ ਦੀ ਸਰਕਾਰ ਨੇ ਦਿੱਤੀ ਸੀ। ਬੈਲਜ਼ੀਅਮ ਅਤੇ ਫਰਾਂਸ ਦੀਆਂ ਲੜਾਈਆਂ ਦੌਰਾਨ ਬੁਕਮ ਸਿੰਘ 2 ਵਾਰ ਜ਼ਖਮੀ ਹੋਇਆ ਪਰ ਜੰਗ ਦੌਰਾਨ ਉਸ ਨੇ ਜਿਹੜੀ ਬਹਾਦਰੀ ਦਿਖਾਈ ਉਸ ਦੀ ਚਰਚਾ ਉਸ ਸਮੇਂ ਅਖਬਾਰਾਂ 'ਚ ਵੀ ਹੋਈ ਸੀ। 

27 ਅਗਸਤ 1919 ਨੂੰ ਬੁਕਮ ਸਿੰਘ ਦੀ ਕੈਨੇਡਾ 'ਚ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰ ਭਾਰਤ 'ਚ ਹੋਣ ਕਾਰਨ ਉਸ ਸਮੇਂ ਦੀ ਸਰਕਾਰ ਨੇ ਸਨਮਾਨ ਨਾਲ ਉਨ੍ਹਾਂ ਨੂੰ ਦਫਨਾਇਆ ਸੀ। ਇਸ ਤੋਂ ਬਾਅਦ ਬੁਕਮ ਸਿੰਘ ਦੀ ਯਾਦ ਵੀ ਸਥਾਪਤ ਕੀਤੀ ਸੀ ਜਿਹੜੀ ਅੱਜ ਵੀ ਕਾਇਮ ਹੈ। ਹਰਜੀਤ ਸਿੰਘ ਨੇ ਕਿਹਾ ਕਿ ਬੁਕਮ ਸਿੰਘ ਵਰਗੇ ਬਹਾਦਰਾਂ ਨੇ ਹੀ ਕੈਨੇਡੀਅਨ ਫੌਜ 'ਚ ਸਿੱਖਾਂ ਲਈ ਰਾਹ ਬਣਾਇਆ ਸੀ। ਜਿਸ ਬਦੌਲਤ ਉਹ ਅੱਜ ਕੈਨੇਡਾ ਦੇ ਰੱਖਿਆ ਮੰਤਰੀ ਬਣ ਕੇ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਹਰਜੀਤ ਸਿੰਘ ਸੱਜਣ ਨੇ ਕਈ ਹੋਰ ਸਿੱਖ ਫੌਜੀਆਂ ਦੇ ਬਹਾਦਰੀ ਦੇ ਕਿੱਸੇ ਵੀ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।