ਕੈਬਨਿਟ ਮੰਤਰੀ ਧਰਮਸੌਤ ਰੇਲ ਹਾਦਸੇ ਦੇ ਪੀੜਤਾਂ ਦਾ ਹਾਲ-ਚਾਲ ਪੁੱਛਣ ਪੁੱਜੇ ਅੰਮ੍ਰਿਤਸਰ

10/22/2018 10:01:43 AM

ਅੰਮ੍ਰਿਤਸਰ (ਕਮਲ)— ਪੰਜਾਬ ਦੇ ਜੰਗਲਾਤ, ਪ੍ਰਿੰਟਿੰਗ ਐਂਡ ਸਟੇਸ਼ਨਰੀ ਅਤੇ ਐੱਸ. ਸੀ. ਬੀ. ਸੀ. ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਐਤਵਾਰ ਨੂੰ ਰੇਲ ਹਾਦਸੇ ਦੇ ਪੀੜਤਾਂ ਦਾ ਹਾਲ-ਚਾਲ ਪੁੱਛਣ ਲਈ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲ 'ਚ ਪੁੱਜੇ, ਜਿਥੇ ਉਨ੍ਹਾਂ ਜ਼ਖਮੀਆਂ ਨਾਲ ਗੱਲਬਾਤ ਕੀਤੀ ਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੇ ਜਾਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਅਚਾਨਕ ਵਾਪਰੇ ਦਰਦਨਾਕ ਰੇਲ ਹਾਦਸੇ ਸਦਕਾ ਸਮੁੱਚਾ ਪੰਜਾਬ ਡੂੰਘੀ ਪੀੜਾ ਵਿਚ ਡੁੱਬਾ ਹੋਇਆ ਹੈ ਅਤੇ ਹਰ ਪਾਸੇ ਸੋਗ ਦੀ ਲਹਿਰ ਹੈ। ਇਸ ਉਪਰੰਤ ਉਨ੍ਹਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਰੇਲ ਹਾਦਸੇ ਦੇ ਪੀੜਤਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਲਈ ਅੱਗੇ ਹੋ ਕੇ ਕੰਮ ਕਰਨ।

ਜੰਗਲਾਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਰੇਲ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ, ਜਿਸ ਵਿਚ ਰਿਪੋਰਟ ਆ ਜਾਵੇਗੀ। ਇਸ ਘਟਨਾ ਦੌਰਾਨ ਸਾਨੂੰ ਸਿਆਸਤ ਤੋਂ ਉਪਰ ਉਠ ਕੇ ਪੀੜਤਾਂ ਨਾਲ ਖੜ੍ਹਨ ਦੀ ਲੋੜ ਹੈ ਤਾਂ ਜੋ ਇਸ ਹਾਦਸੇ ਦੇ ਸ਼ਿਕਾਰ ਹੋਏ ਪੀੜਤਾਂ ਦੇ ਦੁੱਖ ਨੂੰ ਵੰਡਾਇਆ ਤੇ ਘਟਾਇਆ ਜਾ ਸਕੇ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਆਗੂਆਂ ਨੂੰ ਇਸ ਘਟਨਾ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਸਗੋਂ ਹਾਦਸੇ ਦੇ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨਾਲ ਡੀ. ਐੱਫ. ਓ. ਅੰਮ੍ਰਿਤਸਰ ਰਾਜੇਸ਼ ਗੁਲਾਟੀ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।