ਕੈਬਨਿਟ ਮੰਤਰੀ ਨੇ ਸਮਰਾਲਾ ਦੀਆਂ 12 ਕਰੋੜ ਲਾਗਤ ਵਾਲੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ

08/21/2023 2:12:20 PM

ਮਾਛੀਵਾੜਾ ਸਾਹਿਬ (ਟੱਕਰ) : ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਅੱਜ ਹਲਕਾ ਸਮਰਾਲਾ ਦੀਆਂ ਪ੍ਰਮੁੱਖ ਸੜਕਾਂ ਮਾਛੀਵਾੜਾ ਤੋਂ ਪਵਾਤ ਪੁਲ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਅਤੇ ਝਾੜ ਸਾਹਿਬ ਤੋਂ ਸਮਰਾਲਾ ਤੱਕ 12 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ 2 ਸੜਕਾਂ ਦਾ ਨੀਂਹ ਪੱਥਰ ਰੱਖਿਆ। ਸਥਾਨਕ ਬੱਸ ਸਟੈਂਡ ਨੇੜੇ ਇਸ ਨੀਂਹ ਪੱਥਰ ਤੋਂ ਪਰਦਾ ਹਟਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਇਤਿਹਾਸਕ ਸ਼ਹਿਰ ਮਾਛੀਵਾੜਾ ਨੂੰ ਜੋੜਦੀ ਕਰੀਬ 9.35 ਕਿਲੋਮੀਟਰ ਲੰਬੀ ਸੜਕ ਜਿਸ ’ਤੇ ਕਰੀਬ 5.15 ਕਰੋੜ ਰੁਪਏ ਖ਼ਰਚ ਆਉਣਗੇ, ਜਦਕਿ ਇਤਿਹਾਸਕ ਗੁਰਦੁਆਰਾ ਝਾੜ ਸਾਹਿਬ ਤੋਂ ਸਮਰਾਲਾ ਤੱਕ ਕਰੀਬ 12.47 ਕਿਲੋਮੀਟਰ ਲੰਬੀ ਸੜਕ ’ਤੇ ਕਰੀਬ 6.77 ਕਰੋੜ ਰੁਪਏ ਖ਼ਰਚੇ ਜਾਣਗੇ।

ਉਨ੍ਹਾਂ ਕਿਹਾ ਕਿ ਦੋਵੇਂ ਹੀ ਸੜਕਾਂ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਨ੍ਹਾਂ ਦੋਵੇਂ ਧਾਰਮਿਕ ਅਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹਨ। ਕੈਬਨਿਟ ਮੰਤਰੀ ਈ. ਟੀ. ਓ. ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਵਿਚ ਕਾਫ਼ੀ ਸੜਕਾਂ, ਪੁਲ ਅਤੇ ਛੋਟੀਆਂ ਪੁਲੀਆਂ ਦਾ ਨੁਕਸਾਨ ਹੋਇਆ ਹੈ, ਜਿਸ ਸਬੰਧੀ ਲੋਕ ਨਿਰਮਾਣ ਵਿਭਾਗ ਵਲੋਂ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਇਸ ਦੀ ਮੁਰੰਮਤ ਦਾ ਕਾਰਜ ਜਲਦ ਸ਼ੁਰੂ ਕਰਵਾਇਆ ਜਾ ਸਕੇ। ਪੱਤਰਕਾਰ ਵਲੋਂ ਕਾਂਗਰਸ ਤੇ ‘ਆਪ’ ਗਠਜੋੜ ਸਬੰਧੀ ਚੱਲ ਰਹੀਆਂ ਚਰਚਾਵਾਂ ’ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਗਠਜੋੜ ਬਾਰੇ ਫ਼ੈਸਲਾ ਸਾਡੀ ਹਾਈਕਮਾਂਡ ਜਿਸ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਦੀ ਵਰਕਿੰਗ ਕਮੇਟੀ ਕਰੇਗੀ।

ਇਸ ਮੌਕੇ ਉਦਘਾਟਨ ਉਪਰੰਤ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਅਧੀਨ 3 ਪ੍ਰਮੁੱਖ ਸੜਕਾਂ ਜਿਸ 'ਚ ਸਮਰਾਲਾ-ਮਾਛੀਵਾੜਾ ਸਤਲੁਜ ਪੁਲ, ਪਵਾਤ ਪੁਲ ਤੋਂ ਮਾਛੀਵਾੜਾ ਅਤੇ ਝਾੜ ਸਾਹਿਬ ਤੋਂ ਸਮਰਾਲਾ ਆਉਂਦੀਆਂ ਹਨ, ਜਿਨ੍ਹਾਂ ਦੀ ਹਾਲਤ ਬੇਹੱਦ ਖ਼ਸਤਾ ਸੀ ਅਤੇ ਲੋਕ ਅੱਤ ਦੇ ਪਰੇਸ਼ਾਨ ਸਨ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਤੇ ਅਕਾਲੀ ਸਰਕਾਰ ਨੇ ਇਨ੍ਹਾਂ ਸੜਕਾਂ ਦੀ ਸਾਰ ਨਾ ਲਈ ਪਰ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲਦਿਆਂ ਹੀ ਇਨ੍ਹਾਂ ਪ੍ਰਮੁੱਖ ਸੜਕਾਂ ਦੀ ਮੁਰੰਮਤ ਲਈ ਟੈਂਡਰ ਲਗਾਏ, ਜਿਨ੍ਹਾਂ ਦੇ ਕੰਮ ਸ਼ੁਰੂ ਹੋ ਚੁੱਕੇ ਹਨ। ਵਿਧਾਇਕ ਨੇ ਕਿਹਾ ਕਿ ਸੜਕਾਂ ਦੇ ਨਿਰਮਾਣ ਸ਼ੁਰੂ ਹੋਣ ਨਾਲ ਹਲਕਾ ਸਮਰਾਲਾ ਵਾਸੀਆਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਲਹਿਰ ਹੈ ਕਿਉਂਕਿ ਉਨ੍ਹਾਂ ਦੀ ਇੱਕ ਵੱਡੀ ਮੰਗ ਪੂਰੀ ਹੋਈ ਹੈ। 

Babita

This news is Content Editor Babita