ਮੈਨੂੰ ਫਸਾਉਣ ਪਿੱਛੇ ਸਾਬਕਾ ਕੈਬਨਿਟ ਮੰਤਰੀ ਗੁਰਜੀਤ ਰਾਣਾ : ਦਲਜੀਤ ਢਿੱਲੋਂ

08/31/2018 10:46:54 AM

ਚੰਡੀਗੜ੍ਹ (ਬਰਜਿੰਦਰ)—ਇਕ ਲੜਕੀ ਨੂੰ ਕਥਿਤ ਤੌਰ 'ਤੇ ਨਸ਼ੇ ਦੀ ਦਲ-ਦਲ 'ਚ ਧੱਕਣ ਅਤੇ ਸੈਕਸ ਸ਼ੋਸ਼ਣ ਦੇ ਦੋਸ਼ੀ ਪੰਜਾਬ ਪੁਲਸ ਦੇ ਬਰਖਾਸਤ ਡੀ. ਐੱਸ. ਪੀ. ਦਲਜੀਤ ਸਿੰਘ ਢਿੱਲੋਂ ਨੇ ਉਨ੍ਹਾਂ ਖਿਲਾਫ ਦਰਜ ਕੇਸ ਦੀ ਜਾਂਚ ਸੀ. ਬੀ. ਆਈ. ਵਰਗੀ ਆਜ਼ਾਦ ਜਾਂਚ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਖਿਲਾਫ ਬੀਤੀ 2 ਜੁਲਾਈ ਨੂੰ ਰੇਪ ਅਤੇ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਸੀ। ਹਾਈਕੋਰਟ ਨੇ ਦਰਜ ਪਟੀਸ਼ਨ 'ਤੇ ਪ੍ਰਤੀਵਾਦੀ ਪੱਖ ਨੂੰ 28 ਸਤੰਬਰ ਲਈ ਨੋਟਿਸ ਜਾਰੀ ਕੀਤਾ ਹੈ। ਮਾਮਲੇ 'ਚ ਪੰਜਾਬ ਸਰਕਾਰ, ਡੀ. ਜੀ. ਪੀ. ਪੰਜਾਬ, ਪੰਜਾਬ ਪੁਲਸ ਅਕੈਡਮੀ ਦੀ ਡਾਇਰੈਕਟਰ ਅਨੀਤਾ ਪੁੰਜ ਅਤੇ ਸ਼ਿਕਾਇਤਕਰਤਾ ਲੜਕੀ ਨੂੰ ਪਾਰਟੀ ਬਣਾਇਆ ਗਿਆ ਹੈ। ਮਾਮਲੇ ਵਿਚ ਅਨੀਤਾ ਪੁੰਜ ਵੱਲੋਂ ਤਿਆਰ ਰਿਪੋਰਟ ਨੂੰ ਸਵਾਲਾਂ ਦੇ ਘੇਰੇ 'ਚ ਰੱਖਦੇ ਹੋਏ ਢਿੱਲੋਂ ਨੂੰ ਮਾਮਲੇ 'ਚ ਝੂਠਾ ਫਸਾਏ ਜਾਣ ਦੇ ਦੋਸ਼ ਲਾਏ ਗਏ ਹਨ। 

ਰਿਪੋਰਟ 'ਚ ਕਿਹਾ ਗਿਆ ਹੈ ਕਿ ਢਿੱਲੋਂ ਸ਼ਿਕਾਇਤਕਰਤਾ ਨੂੰ ਜਾਣਦਾ ਤੱਕ ਨਹੀਂ। ਢਿੱਲੋਂ ਇਸ ਸਮੇਂ ਰੂਪਨਗਰ ਜੇਲ 'ਚ ਕੈਦ ਹੈ। ਉਹ ਨਵੰਬਰ 2015 ਤੋਂ ਮਾਰਚ, 2017 ਤੱਕ ਕਪੂਰਥਲਾ 'ਚ ਡੀ. ਐੱਸ. ਪੀ. ਸੀ। ਉਸ ਸਮੇਂ ਸਾਬਕਾ ਕੈਬਨਿਟ ਮੰਤਰੀ ਗੁਰਜੀਤ ਸਿੰਘ ਰਾਣਾ ਨੇ ਉਨ੍ਹਾਂ ਨੂੰ ਕਈ ਵਾਰ ਅਣ-ਉਚਿਤ ਕੰਮਾਂ ਲਈ ਕਿਹਾ ਸੀ, ਜਿਨ੍ਹਾਂ ਨੂੰ ਮਨ੍ਹਾ ਕਰਨ 'ਤੇ ਉਨ੍ਹਾਂ ਨੂੰ ਅਪਮਾਨਿਤ ਕੀਤਾ ਗਿਆ। ਇਸ ਨੂੰ ਲੈ ਕੇ ਪਟੀਸ਼ਨਰ ਨੇ ਸਤੰਬਰ, 2016 'ਚ ਡੀ. ਡੀ. ਆਰ. ਵੀ ਕਰਵਾਈ।

ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ 'ਤੇ ਗੁਰਜੀਤ ਰਾਣਾ ਨੇ ਉਸ ਦੀ ਟਰਾਂਸਫਰ ਕਰਵਾ ਦਿੱਤੀ। ਉਨ੍ਹਾਂ ਕਿਹਾ ਕਿ ਕਪੂਰਥਲਾ 'ਚ ਡੀ-ਐਡਿਕਸ਼ਨ ਸੈਂਟਰ ਦੇ ਉਦਘਾਟਨ ਦੌਰਾਨ ਗੁਰਜੀਤ ਸਿੰਘ ਰਾਣਾ ਨੇ ਲੁਧਿਆਣਾ ਦੀ ਇਕ ਲੜਕੀ ਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਬੁਲਾਇਆ, ਜਿਸ ਦੌਰਾਨ ਲੜਕੀ ਨੇ ਕਿਹਾ ਕਿ ਪਟੀਸ਼ਨਰ ਦੇ ਕਹਿਣ 'ਤੇ ਉਸ ਨੇ ਨਸ਼ਾ ਲੈਣਾ ਸ਼ੁਰੂ ਕੀਤਾ ਸੀ। ਗੁਰਜੀਤ ਰਾਣਾ ਨੇ ਦੁਰਭਾਵਨਾ ਨਾਲ ਲੜਕੀ ਨੂੰ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ ਕੋਲ ਭੇਜਿਆ, ਤਾਂ ਕਿ ਪਟੀਸ਼ਨਰ ਨੂੰ ਅੱਗੇ ਫਸਾਇਆ ਜਾ ਸਕੇ, ਜਿਸ ਤੋਂ ਬਾਅਦ 28 ਜੂਨ ਨੂੰ ਪ੍ਰੈੱਸ ਕਾਨਫਰੰਸ ਵਿਚ ਲੜਕੀ ਨੇ ਪਟੀਸ਼ਨਰ ਖਿਲਾਫ ਦੋਸ਼ ਲਾਏ।