90,248 ਮ੍ਰਿਤਕ ਲਾਭਪਾਤਰੀਆਂ ਦੀ ਸ਼ਨਾਖਤ ਨਾਲ ਸੂਬਾ ਸਰਕਾਰ ਦੇ ਖਜ਼ਾਨੇ ਨੂੰ ਪਹੁੰਚਿਆ ਲਾਭ : ਡਾ. ਬਲਜੀਤ ਕੌਰ

10/27/2022 5:30:14 PM

ਚੰਡੀਗੜ੍ਹ : ਬਜ਼ੁਰਗਾਂ, ਵਿਧਵਾਵਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗਾਂ ਦੀਆਂ ਪੈਨਸ਼ਨਾਂ ਸਬੰਧੀ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਦੇ ਹੁਕਮਾਂ 'ਤੇ ਹੋਏ ਸਰਵੇ ਨਾਲ 90,248 ਲਾਭਪਾਤਰੀਆਂ ਦੀ ਸ਼ਨਾਖਤ ਨਾਲ ਪ੍ਰਤੀ ਮਹੀਨਾ ਸਰਕਾਰ ਨੂੰ 13.53 ਕਰੋੜ ਦੀ ਬਚਤ ਹੋਵੇਗੀ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ 30.46 ਲੱਖ ਲਾਭਪਾਤਰੀਆਂ ਦਾ ਸਰਵੇ ਕਰਵਾਇਆ ਗਿਆ ਹੈ। ਇਹ ਸਰਵੇ ਮੁਕੰਮਲ ਹੋਣ 'ਤੇ 90248 ਮ੍ਰਿਤਕ ਲਾਭਪਾਤਰੀਆਂ ਦੀ ਸ਼ਨਾਖਤ ਹੋਈ ਹੈ। ਮ੍ਰਿਤਕ ਲਾਭਕਾਰੀਆਂ ਦੀ ਸ਼ਨਾਖਤ ਨਾਲ ਸਰਕਾਰ ਨੂੰ ਪ੍ਰਤੀ ਮਹੀਨਾ 13.53 ਕਰੋੜ ਅਤੇ ਸਾਲਾਨਾ 162.36 ਕਰੋੜ ਰੁਪਏ ਦੀ ਬਚਤ ਹੋਵੇਗੀ। 

ਕੈਬਨਿਟ ਮੰਤਰੀ ਨੇ ਦੱਸਿਆ ਕਿ 90,248 ਮ੍ਰਿਤਕ ਲਾਭਪਾਤਰੀਆਂ ਦੀ ਸ਼ਨਾਖਤ ਨਾਲ ਜਿੱਥੇ ਸਰਕਾਰ ਦਾ ਵਿੱਤੀ ਨੁਕਸਾਨ ਹੋਣੋ ਰੁਕਿਆ ਹੈ, ਉਥੇ ਹੀ ਇਸ ਰਾਸ਼ੀ ਨਾਲ ਹੋਰ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਲਾਭਪਾਤਰੀਆਂ ਨੂੰ ਪੈਨਸ਼ਨ ਦੀ ਅਦਾਇਗੀ ਕਰਨ ਲਈ ਇਲੈਕਟ੍ਰੋਨਿਕ ਬੈਨੀਫਿਟ ਟਰਾਂਸਫਰ (ਈ.ਬੀ.ਟੀ) ਸਕੀਮ ਲਾਗੂ ਕੀਤੀ ਜਾਵੇਗੀ। ਬੈਂਕ ਵਲੋਂ ਤਾਇਨਾਤ ਬਿਜ਼ਨੈਸ ਕਾਰਸਪੋਡੈਂਸ ਰਾਹੀਂ ਲਾਭਪਾਤਰੀਆਂ ਨੂੰ ਪੈਨਸ਼ਨ ਦੀ ਵੰਡ ਕੀਤੀ ਜਾਵੇਗੀ। ਲਾਭਪਾਤਰੀਆਂ ਨੂੰ ਬੈਂਕਾਂ ਦੀਆਂ ਕਤਾਰਾਂ 'ਚ ਨਹੀਂ ਖੜ੍ਹਨਾ ਪਵੇਗਾ। ਸਕੀਮ ਨੂੰ ਲਾਗੂ ਕਰਨ ਲਈ ਪਹਿਲਾਂ ਦੋ ਪਾਇਲਟ ਪ੍ਰਾਜੈਕਟ ਜ਼ਿਲ੍ਹਾ ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਵਿੱਚ ਸ਼ੁਰੂ ਕੀਤੇ ਜਾਣਗੇ। ਇਸ ਬਾਰੇ ਬੈਂਕਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।

Mandeep Singh

This news is Content Editor Mandeep Singh