ਕੈਬਨਿਟ ਮੰਤਰੀ ਅਰੋੜਾ ਨੇ ਭੇਸ ਬਦਲ ਕੇ ਮਾਰਿਆ ਸਿਟੀ ਥਾਣੇ ''ਚ ਛਾਪਾ

01/26/2020 12:29:55 AM

ਹੁਸ਼ਿਆਰਪੁਰ,(ਅਮਰਿੰਦਰ)-ਸ਼ਹਿਰ ਵਿਚ ਵਧੀਆਂ ਅਪਰਾਧਿਕ ਘਟਨਾਵਾਂ ਨਾਲ ਪੁਲਸ ਦੇ ਸੁਰੱਖਿਆ ਤੰਤਰ 'ਤੇ ਲੱਗੇ ਸਵਾਲੀਆ ਨਿਸ਼ਾਨ ਅਤੇ ਲੋਕਾਂ ਦਾ ਪੁਲਸ ਤੇ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਣ ਦਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਖਤ ਨੋਟਿਸ ਲਿਆ ਹੈ। ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਬੀਤੀ ਦੇਰ ਰਾਤ ਬਿਨਾਂ ਲਾਮ-ਲਸ਼ਕਰ ਦੇ ਪੁਲਸ ਦੀ ਕਾਰਜ-ਪ੍ਰਣਾਲੀ ਦਾ ਜਾਇਜ਼ਾ ਲੈਣ ਲਈ ਅਚਾਨਕ ਭੇਸ ਬਦਲ ਕੇ ਥਾਣਾ ਸਿਟੀ ਪੁੱਜੇ। ਗੇਟ 'ਤੇ ਚੌਕੀਦਾਰ ਨੂੰ ਨਾ ਵੇਖ ਉਹ ਆਵਾਜ਼ ਦੇ ਕੇ ਗੇਟ ਖੁਲ੍ਹਵਾ ਕੇ ਅੰਦਰ ਪੁੱਜੇ ਅਤੇ ਸਿੱਧਾ ਐੱਸ. ਐੱਚ. ਓ. ਦੇ ਕਮਰੇ ਵਿਚ ਪੁੱਜੇ। ਚਿੱਟੀ ਚਾਦਰ ਲਈ ਅਤੇ ਸਿਰ 'ਤੇ ਚਿੱਟੇ ਰੰਗ ਦੀ ਵੂਲਨ ਦੀ ਟੋਪੀ ਪਾਈ ਸ਼੍ਰੀ ਅਰੋੜਾ ਨੂੰ ਪੁਲਸ ਵਾਲੇ ਪਹਿਲਾਂ ਰੋਕਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਆਵਾਜ਼ ਸੁਣ ਕੇ ਥਾਣੇ ਦੇ ਮੁਨਸ਼ੀ ਨੇ ਉਨ੍ਹਾਂ ਨੂੰ ਪਛਾਣ ਲਿਆ। ਥਾਣੇ ਵਿਚ ਰਾਤ ਸਾਢੇ 10 ਵਜੇ ਮੰਤਰੀ ਜੀ ਦੇ ਆਉਣ ਦੀ ਸੂਚਨਾ ਮਿਲਦੇ ਹੀ ਪੁਲਸ ਕਰਮੀਆਂ ਵਿਚ ਖਲਬਲੀ ਮਚ ਗਈ। ਇਸ ਦੌਰਾਨ ਕਿਸੇ ਪੁਲਸ ਕਰਮਚਾਰੀ ਨੇ ਥਾਣੇ ਵਿਚ ਮੰਤਰੀ ਜੀ ਦੇ ਆਉਣ ਦੀ ਸੂਚਨਾ ਫੀਲਡ ਵਿਚ ਡਿਊਟੀ ਕਰ ਰਹੇ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੂੰ ਦਿੱਤੀ ਤਾਂ ਉਹ ਵੀ ਮੌਕੇ 'ਤੇ ਪਹੁੰਚ ਗਏ।
ਐੱਸ. ਐੱਸ. ਪੀ. ਗੌਰਵ ਗਰਗ ਦੇ ਨਾਲ ਡੀ. ਐੱਸ. ਪੀ. ਅਤਰੀ ਵੀ ਪੁੱਜੇ। ਮੌਕੇ 'ਤੇ

ਮੰਤਰੀ ਜੀ ਦੇ ਥਾਣੇ ਵਿਚ ਛਾਪਾ ਮਾਰਨ ਦੀ ਸੂਚਨਾ ਮਿਲਦੇ ਹੀ ਪਹਿਲਾਂ ਡੀ. ਐੱਸ. ਪੀ. (ਸਿਟੀ) ਜਗਦੀਸ਼ ਰਾਜ ਅਤਰੀ ਅਤੇ ਬਾਅਦ ਵਿਚ ਐੱਸ. ਐੱਸ. ਪੀ. ਗੌਰਵ ਗਰਗ ਵੀ ਥਾਣੇ ਪਹੁੰਚ ਗਏ। ਮੰਤਰੀ ਅਰੋੜਾ ਨੇ ਥਾਣੇ ਵਿਚ ਤਾਇਨਾਤ ਪੁਲਸ ਕਰਮਚਾਰੀਆਂ ਦੀ ਗਿਣਤੀ ਅਤੇ ਪੈਂਡਿੰਗ ਕੇਸਾਂ ਦੀ ਜਾਣਕਾਰੀ ਮੰਗੀ। ਮੰਤਰੀ ਜੀ ਨੇ ਥਾਣੇ ਵਿਚ ਤਾਇਨਾਤ ਕਰਮਚਾਰੀਆਂ ਨੂੰ ਵਰਦੀ ਵਿਚ ਡਿਊਟੀ ਦੇਣ ਦੀ ਸਲਾਹ ਦਿੰਦੇ ਹੋਏ ਦੱਸਿਆ ਕਿ ਕੋਈ ਵੀ ਪੀੜਤ ਫਰਿਆਦੀ ਰਾਤ ਸਮੇਂ ਵੀ ਪੁਲਸ ਕੋਲ ਮਦਦ ਲਈ ਆਵੇ ਤਾਂ ਉਸ ਦੀ ਗੱਲ ਗੰਭੀਰਤਾ ਨਾਲ ਸੁਣੀ ਜਾਵੇ।

ਰਾਤ ਸਮੇਂ ਪੁਲਸ ਦੀ ਮੁਸਤੈਦੀ ਤੋਂ ਸੰਤੁਸ਼ਟ ਨਹੀਂ ਦਿਸੇ ਅਰੋੜਾ

ਥਾਣਾ ਸਿਟੀ ਦਾ ਜਾਇਜ਼ਾ ਲੈਣ ਤੋਂ ਬਾਅਦ ਕੈਬਨਿਟ ਮੰਤਰੀ ਅਰੋੜਾ, ਐੱਸ. ਐੱਸ. ਪੀ. ਗੌਰਵ ਗਰਗ ਤੇ ਡੀ. ਐੱਸ. ਪੀ. (ਸਿਟੀ) ਜਗਦੀਸ਼ ਰਾਜ ਅਤਰੀ ਨਾਲ ਸ਼ਹਿਰ ਦੇ ਸਾਰੇ ਚੌਕ-ਚੌਰਾਹਿਆਂ 'ਤੇ ਰਾਤ ਸਮੇਂ ਪੁਲਸ ਦੀ ਮੁਸਤੈਦੀ ਦਾ ਜਾਇਜ਼ਾ ਲੈਣ ਲਈ ਨਿਕਲੇ। ਰਾਤ 1 ਵਜੇ ਤੱਕ ਜਾਇਜ਼ਾ ਲੈਣ ਤੋਂ ਬਾਅਦ ਕਈ ਚੌਕਾਂ ਵਿਚ ਪੁਲਸ ਨੂੰ ਤਾਇਨਾਤ ਨਾ ਵੇਖ ਕੇ ਉਹ ਪੁਲਸ ਦੀ ਕਾਰਜ-ਪ੍ਰਣਾਲੀ ਤੋਂ ਸੰਤੁਸ਼ਟ ਨਹੀਂ ਦਿਸੇ।

ਪੁਲਸ ਜਨਤਾ ਦੀਆਂ ਭਾਵਨਾਵਾਂ ਦਾ ਰੱਖੇ ਖਾਸ ਧਿਆਨ : ਅਰੋੜਾ

ਜਦੋਂ ਇਸ ਸਬੰਧ ਵਿਚ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਵਿਚ ਲਗਾਤਾਰ ਚੋਰੀਆਂ ਅਤੇ ਲੁੱਟ-ਖੋਹ ਦੇ ਮਾਮਲੇ ਵਧਦੇ ਵੇਖ ਕੇ ਉਹ ਰਾਤ ਸਾਢੇ 10 ਵਜੇ ਦੇ ਕਰੀਬ ਥਾਣਾ ਸਿਟੀ ਪੁੱਜੇ ਸਨ। ਬਾਅਦ ਵਿਚ ਪ੍ਰਾਈਵੇਟ ਗੱਡੀ ਵਿਚ ਸਵਾਰ ਹੋ ਕੇ ਐੱਸ. ਐੱਸ. ਪੀ. ਸਮੇਤ ਸ਼ਹਿਰ ਦੇ ਸਾਰੇ ਨਾਕਿਆਂ ਦੀ ਜਾਂਚ ਕੀਤੀ ਅਤੇ ਕਈ ਸਥਾਨਾਂ 'ਤੇ ਕਮੀਆਂ ਵੀ ਵੇਖੀਆਂ। ਉਨ੍ਹਾਂ ਕਿਹਾ ਕਿ ਮੈਂ ਪੁਲਸ ਅਧਿਕਾਰੀਆਂ ਨੂੰ ਸੁਨੇਹਾ ਦਿੱਤਾ ਹੈ ਕਿ ਸ਼ਹਿਰ ਵਿਚ ਵਧੇ ਅਪਰਾਧਾਂ 'ਤੇ ਕਾਬੂ ਪਾਉਣ ਲਈ ਸਖਤ ਕਦਮ ਚੁੱਕਣ ਤਾਂ ਜਨਤਾ ਦਾ ਵਿਸ਼ਵਾਸ ਲਾਅ ਐਂਡ ਆਰਡਰ ਪ੍ਰਤੀ ਮਜ਼ਬੂਤ ਬਣੇ। ਜਨਤਾ ਦੀਆਂ ਭਾਵਨਾਵਾਂ ਦਾ ਪੁਲਸ ਖਾਸ ਧਿਆਨ ਰੱਖੇ।

ਸ਼੍ਰੀ ਅਰੋੜਾ ਵੱਲੋਂ ਦੱਸੀਆਂ ਕਮੀਆਂ ਕਰ ਦਿੱਤੀਆਂ ਨੇ ਦੂਰ : ਐੱਸ. ਐੱਸ. ਪੀ.

ਜਦੋਂ ਇਸ ਸਬੰਧ ਵਿਚ ਐੱਸ. ਐੱਸ. ਪੀ. ਗੌਰਵ ਗਰਗ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਮੰਤਰੀ ਸ਼੍ਰੀ ਅਰੋੜਾ ਨਾਲ ਉਨ੍ਹਾਂ ਆਪ ਰਾਤ 1 ਵਜੇ ਤੱਕ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਜਿਹੜੀਆਂ ਕਮੀਆਂ ਦੱਸੀਆਂ ਸਨ, ਉਹ ਦੂਰ ਕਰ ਦਿੱਤੀਆਂ ਹਨ। ਭਵਿੱਖ ਵਿਚ ਵੀ ਉਨ੍ਹਾਂ ਵੱਲੋਂ ਮਿਲੇ ਸੁਝਾਵਾਂ ਨੂੰ ਜਿੱਥੇ ਗੰਭੀਰਤਾ ਨਾਲ ਲਿਆ ਜਾਵੇਗਾ, ਉੱਥੇ ਹੀ ਸ਼ਹਿਰ ਵਿਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਪੁਲਸ ਸਖਤ ਕਦਮ ਚੁੱਕਣ ਜਾ ਰਹੀ ਹੈ।


Related News