ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਸੀ. ਏ. ਦੀ ਪਤਨੀ ਦਾ ਕਤਲ

07/23/2017 6:37:15 AM

ਬਠਿੰਡਾ (ਸੁਖਵਿੰਦਰ) - ਦਿਨ-ਦਿਹਾੜੇ ਲੁਟੇਰਿਆਂ ਨੇ ਕਮਲਾ ਨਹਿਰੂ ਕਾਲੋਨੀ 'ਚ ਇਕ ਸੀ. ਏ. (ਚਾਰਟਰਡ ਅਕਾਊਂਟੈਂਟ) ਦੀ ਪਤਨੀ ਦਾ ਗਲਾ ਕੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਲੁਟੇਰੇ ਬਾਅਦ ਵਿਚ ਘਰ ਦੀ ਸੇਫ਼ ਵਿਚੋਂ ਲੱਖਾਂ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਤੋਂ ਇਲਾਵਾ ਲੁਟੇਰੇ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਨਾਲ ਲੈ ਗਏ। ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸੀ. ਏ. ਅਨਿਲ ਗੁਪਤਾ ਆਪਣੀ ਪਤਨੀ ਕਨਿਕਾ (35) ਅਤੇ ਸਵਾ ਸਾਲ ਦੇ ਬੱਚੇ ਨਾਲ ਕਮਲਾ ਨਹਿਰੂ ਕਾਲੋਨੀ ਦੀ ਕੋਠੀ ਨੰਬਰ. 310 ਵਿਚ ਰਹਿੰਦਾ ਸੀ। ਸ਼ਨੀਵਾਰ ਨੂੰ ਉਹ ਆਪਣੇ ਮਹਿਣਾ ਚੌਕ ਸਥਿਤ ਦਫਤਰ ਗਿਆ ਹੋਇਆ ਸੀ ਅਤੇ ਉਸ ਦੀ ਪਤਨੀ ਅਤੇ ਪੁੱਤਰ ਘਰ ਵਿਚ ਮੌਜੂਦ ਸੀ। ਇਸੇ ਦੌਰਾਨ ਦੁਪਹਿਰ ਤੋਂ ਪਹਿਲਾਂ ਹੀ ਕੁਝ ਲੁਟੇਰੇ ਉਕਤ ਘਰ ਵਿਚ ਦਾਖਲ ਹੋਏ ਅਤੇ ਕਨਿਕਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਕੇ ਘਰ 'ਚੋਂ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ। ਮ੍ਰਿਤਕਾ ਦੇ ਭਰਾ ਅਨੁਜ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਪ੍ਰਦੀਪ ਕੁਮਾਰ ਨੇ ਉਸ ਦੀ ਭੈਣ ਨੂੰ ਦੁਪਹਿਰ ਵੇਲੇ ਫੋਨ ਕੀਤਾ ਪਰ ਫੋਨ ਚੁੱਕਿਆ ਨਹੀਂ ਗਿਆ। ਬਾਅਦ ਵਿਚ ਉਸ ਨੇ ਆਪਣੇ ਪਿਤਾ ਦੇ ਕਹਿਣ 'ਤੇ 12 ਵਜੇ ਆਪਣੀ ਭੈਣ ਨੂੰ ਵੀਡੀਓ ਕਾਲ ਕੀਤੀ, ਜੋ ਵੀ ਰਿਸੀਵ ਨਹੀਂ ਹੋਈ। ਵਾਰ-ਵਾਰ ਫੋਨ ਨਾ ਚੁੱਕਣ 'ਤੇ ਉਸ ਨੂੰ ਕਿਸੇ ਅਣਹੋਣੀ ਦਾ ਸ਼ੱਕ ਹੋਇਆ ਤਾਂ ਉਹ ਆਪਣੀ ਭੈਣ ਦੇ ਘਰ ਕਮਲਾ ਨਹਿਰੂ ਕਾਲੋਨੀ ਵਿਖੇ ਗਿਆ। ਉਸ ਨੇ ਵੇਖਿਆ ਕਿ ਘਰ ਦਾ ਮੇਨ ਗੇਟ ਅਤੇ ਕਮਰਿਆਂ ਦੇ ਦਰਵਾਜ਼ੇ ਖੁੱਲ੍ਹੇ ਹੋਏ ਸਨ। ਜਦੋਂ ਉਹ ਕਮਰੇ ਵਿਚ ਗਿਆ ਤਾਂ ਉਸ ਦੀ ਭੈਣ ਦੀ ਖੂਨ ਨਾਲ ਲਥਪਥ ਲਾਸ਼ ਬੈੱਡ ਉੱਪਰ ਪਈ ਸੀ ਅਤੇ ਨਾਲ ਹੀ ਉਸ ਦਾ ਸਵਾ ਸਾਲ ਦਾ ਪੁੱਤਰ ਸੁੱਤਾ ਪਿਆ ਸੀ। ਕਨਿਕਾ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ ਅਤੇ ਉਸ ਦਾ ਗਲਾ ਵੀ ਦੁਪੱਟੇ ਨਾਲ ਘੁੱਟਿਆ ਹੋਇਆ ਸੀ। ਉਸ ਵੱਲੋਂ ਰੌਲਾ ਪਾਉਣ 'ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਸ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਗੁਰਜੀਤ ਸਿੰਘ ਰੋਮਾਣਾ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਸ਼੍ਰੀ ਰੋਮਾਣਾ ਨੇ ਦੱਸਿਆ ਕਿ ਉਕਤ ਘਟਨਾ ਲੁੱਟ-ਖੋਹ ਲਈ ਕੀਤੀ ਲੱਗਦੀ ਹੈ। ਪੁਲਸ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਸ ਵੱਲੋਂ ਹੋਰਨਾਂ ਘਰਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ।
ਮ੍ਰਿਤਕ ਮਾਂ ਦੇ ਨਾਲ ਹੀ ਸੁੱਤਾ ਰਿਹਾ ਮਾਸੂਮ
ਮ੍ਰਿਤਕਾ ਬਠਿੰਡਾ ਦੀ ਹੀ ਰਹਿਣ ਵਾਲੀ ਸੀ। ਉਹ 4 ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡੀ ਸੀ ਅਤੇ ਕੁਝ ਸਾਲ ਪਹਿਲਾਂ ਹੀ ਉਸ ਦਾ ਵਿਆਹ ਅਨਿਲ ਗੁਪਤਾ ਨਾਲ ਹੋਇਆ ਸੀ। ਮ੍ਰਿਤਕਾ ਦਾ ਇਕ ਸਵਾ ਸਾਲ ਦਾ ਲੜਕਾ ਹੈ, ਜੋ ਮੌਤ ਸਮੇਂ ਉਸ ਦੇ ਨਾਲ ਹੀ ਸੁੱਤਾ ਹੋਇਆ ਸੀ। ਘਟਨਾ ਵਿਚ ਬੱਚਾ ਸਹੀ ਸਲਾਮਤ ਰਿਹਾ ਅਤੇ ਲੁਟੇਰਿਆਂ ਵੱਲੋਂ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਬੱਚਾ ਆਪਣੀ ਮ੍ਰਿਤਕ ਮਾਂ ਦੇ ਨਾਲ ਹੀ ਬੈੱਡ 'ਤੇ ਸੁੱਤਾ ਰਿਹਾ, ਜਿਸ ਨੂੰ ਬਾਅਦ 'ਚ ਰਿਸ਼ਤੇਦਾਰਾਂ ਨੇ ਆ ਕੇ ਸੰਭਾਲਿਆ।
ਕੈਮਰਿਆਂ ਦੀਆਂ ਤਾਰਾਂ ਕੱਟੀਆਂ, ਰਿਕਾਰਡਿੰਗ ਵੀ ਲੈ ਗਏ
ਸੂਤਰਾ ਅਨੁਸਾਰ ਲੁਟੇਰਿਆਂ ਵੱਲੋਂ ਪਹਿਲਾਂ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਤਾਰਾਂ ਨੂੰ ਕੱਟਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਘਰ ਵਿਚ ਲੱਗਾ ਹੋਇਆ ਡੀ. ਵੀ. ਆਰ (ਰਿਕਾਰਡਿੰਗ ਬਾਕਸ) ਨੂੰ ਉਤਾਰਿਆ ਗਿਆ ਅਤੇ ਨਾਲ ਹੀ ਲੈ ਗਏ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਵਿਚ ਲੱਗੇ ਕੈਮਰੇ ਵੀ ਮੋਬਾਇਲਾਂ ਨਾਲ ਜੁੜੇ ਹੋਏ ਸਨ ਪਰ ਅੱਜ ਬੰਦ ਸਨ। ਲੁਟੇਰੇ ਜਾਂਦੇ ਸਮੇਂ ਘਰ ਵਿਚਲਾ ਮੋਬਾਇਲ ਵੀ ਨਾਲ ਚੁੱਕ ਕੇ ਲੈ ਗਏ।
ਕਿਸੇ ਭੇਤੀ ਦਾ ਹੋ ਸਕਦੈ ਹੱਥ
ਘਰ ਦੇ ਸਾਰੇ ਦਰਵਾਜ਼ੇ ਖੁੱਲ੍ਹੇ ਹੋਏ ਸਨ ਅਤੇ ਕਿਸੇ ਵੀ ਤਰ੍ਹਾਂ ਦੀ ਹੱਥੋਪਾਈ ਜਾਂ ਸੰਘਰਸ਼ ਦੇ ਨਿਸ਼ਾਨ ਵੇਖਣ ਨੂੰ ਨਹੀਂ ਮਿਲੇ। ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਘਟਨਾ ਵਿਚ ਕਿਸੇ ਭੇਤੀ ਦਾ ਹੱਥ ਹੋ ਸਕਦਾ ਹੈ। ਪੁਲਸ ਘਰ ਵਿਚ ਸਫਾਈ ਆਦਿ ਕਰਨ ਵਾਲੇ ਮੁਲਾਜ਼ਮਾਂ ਦਾ ਰਿਕਾਰਡ ਵੀ ਖੰਗਾਲ ਰਹੀ ਹੈ। ਅਧਿਕਾਰੀਆਂ ਅਨੁਸਾਰ ਘਰ ਦੇ ਸਾਰੇ ਦਰਵਾਜ਼ੇ ਅੰਦਰੋਂ ਹੀ ਖੋਲ੍ਹੇ ਗਏ ਹਨ, ਜਿਸ ਕਾਰਨ ਇਹ ਸ਼ੱਕ ਵੀ ਹੈ ਕਿ ਲੁਟੇਰਿਆਂ ਵਿਚ ਕੋਈ ਜਾਣਕਾਰ ਹੋ ਸਕਦਾ ਹੈ। ਲੁਟੇਰਿਆਂ ਨੂੰ ਕੈਮਰਿਆਂ ਬਾਰੇ ਵੀ ਸਾਰੀ ਜਾਣਕਾਰੀ ਸੀ, ਜਿਸ ਕਾਰਨ ਵੀ ਸ਼ੱਕ ਪੈਦਾ ਹੁੰਦਾ ਹੈ।