ਆੜ੍ਹਤੀ ਜ਼ਿਮਨੀ ਚੋਣਾਂ ''ਚ ਕਾਂਗਰਸ ਲਈ ਖੜ੍ਹੀ ਕਰ ਸਕਦੇ ਨੇ ਮੁਸੀਬਤ

10/03/2019 2:29:56 PM

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ 'ਚ ਅਨਾਜ ਮੰਡੀ ਦੇ ਆੜ੍ਹਤੀ ਫਸਲਾਂ ਦੀ ਸਿੱਧੀ ਅਦਾਇਗੀ ਦੇ ਸਬੰਧ ਵਿਚ 5 ਅਕਤੂਬਰ ਤੱਕ ਮੁਕੰਮਲ ਹੜਤਾਲ 'ਤੇ ਹਨ ਅਤੇ ਆਪਣੀਆਂ ਮੰਗਾਂ ਲਈ ਉਨ੍ਹਾਂ ਵਲੋਂ ਫਸਲ ਦੀ ਸਰਕਾਰੀ ਖਰੀਦ ਦਾ ਮੁਕੰਮਲ ਬਾਈਕਾਟ ਕੀਤਾ ਹੋਇਆ ਹੈ ਅਤੇ ਹੁਣ ਇਹ ਆੜ੍ਹਤੀ ਮੰਗਾਂ ਮਨਵਾਉਣ ਲਈ ਪੰਜਾਬ 'ਚ ਹੋਰ ਰਹੀਆਂ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਲਈ ਮੁਸੀਬਤ ਖੜੀ ਕਰ ਸਕਦੇ ਹਨ। ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਆੜ੍ਹਤੀਆਂ ਤੋਂ ਕਿਸਾਨਾਂ ਦੇ ਖਾਤਿਆਂ ਦੀ ਮੰਗ ਕੀਤੀ ਜਾ ਰਹੀ ਹੈ ਜੋ ਕਿ ਦੇਣ ਦੇ ਸਮਰੱਥ ਨਹੀਂ ਅਤੇ ਨਾਲ ਹੀ ਇਸ ਕਾਰਨ ਆੜ੍ਹਤੀਆਂ ਦਾ ਕਮਿਸ਼ਨ ਵੀ ਰੋਕਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਲਈ ਆੜ੍ਹਤੀ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ 5 ਅਕਤੂਬਰ ਨੂੰ ਸੂਬੇ ਦੀਆਂ ਸਾਰੀਆਂ ਮੰਡੀਆਂ ਬੰਦ ਕਰ ਜਿਮਨੀ ਚੋਣ ਹਲਕੇ ਦਾਖਾ, ਫਗਵਾੜਾ, ਮੁਕੇਰੀਆਂ ਤੇ ਜਲਾਲਾਬਾਦ ਵਿਖੇ ਆੜ੍ਹਤੀ ਇਕੱਠੇ ਹੋ ਕੇ ਜਾਣਗੇ ਅਤੇ ਉੱਥੇ ਪ੍ਰਚਾਰ ਕਰ ਰਹੇ ਪ੍ਰਮੁਖ ਕਾਂਗਰਸੀ ਆਗੂਆਂ ਨੂੰ ਮੰਗ ਪੱਤਰ ਦੇਣਗੇ ਕਿ ਕਿਸਾਨਾਂ ਦੀ ਫਸਲ ਦੀ ਸਿੱਧੀ ਅਦਾਇਗੀ ਦੇ ਮਾਮਲੇ ਵਿਚ ਉਨ੍ਹਾਂ ਦਾ ਕਮਿਸ਼ਨ ਨਾ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਆੜ੍ਹਤੀਆਂ ਦੀਆਂ ਮੰਗਾਂ ਸਰਕਾਰ ਨੇ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।


Babita

Content Editor

Related News