ਡਰੋਲੀ ਭਾਈ ਦੀ ਜ਼ਿਮਨੀ ਚੋਣ ਵਿਵਾਦਾਂ ''ਚ, ਆਪ ਤੇ ਅਕਾਲੀ ਸਮਰਥਕਾਂ ਵਲੋਂ ਮੋਗਾ-ਫਿਰੋਜ਼ਪੁਰ ਹਾਈਵੇ ਜਾਮ (pic)

08/07/2017 2:15:41 PM

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) : ਸੱਤਾਧਾਰੀ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਲਈ ਵਕਾਰ ਦਾ ਸਵਾਲ ਬਣੀ ਮੋਗਾ ਜ਼ਿਲੇ ਦੇ ਇਤਿਹਾਸਕ ਪਿੰਡ ਡਰੋਲੀ ਭਾਈ ਦੇ ਸਰਪੰਚ ਦੀ ਜ਼ਿਮਨੀ ਚੋਣ ਵਿਵਾਦਾਂ ਦੇ ਘੇਰੇ ਵਿਚ ਆ ਗਈ ਹੈ। ਬੀਤੀ ਦੇਰ ਰਾਤ ਪ੍ਰਸ਼ਾਸਨ ਨੇ ਕਾਂਗਰਸ ਉਮੀਦਵਾਰ ਨਾਹਰ ਸਿੰਘ ਨੂੰ ਜੇਤੂ ਕਰਾਰ ਦੇ ਦਿੱਤਾ ਪ੍ਰੰਤੂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਲੋਂ ਇਸ ਨੂੰ ਸ਼ਰੇਆਮ ਧੱਕਾਸ਼ਾਹੀ ਅਤੇ ਲੋਕਤੰਤਰ ਦਾ ਘਾਣ ਕਰਾਰ ਦਿੱਤਾ ਗਿਆ ਹੈ। ਸੋਮਵਾਰ ਨੂੰ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਅਗਵਾਈ ਵਿਚ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਰੋਸ ਧਰਨਾ ਦੇ ਕੇ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਮੋਗਾ ਫਿਰੋਜ਼ਪੁਰ ਹਾਈਵੇ ਜਾਮ ਕਰ ਦਿੱਤਾ ਗਿਆ।
ਚੋਣ ਹਾਰਨ ਵਾਲੇ ਉਮੀਦਵਾਰ ਸ਼ਿੰਗਾਰਾ ਸਿੰਘ ਅਤੇ ਜਗਦੀਸ਼ ਸਿੰਘ ਨੇ ਦੋਸ਼ ਲਗਾਇਆ ਕਿ ਗਿਣਤੀ ਸਮੇਂ ਉਨ੍ਹਾਂ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ, ਇਥੋਂ ਤਕ ਕਿ ਬੈਲਟ ਪੇਪਰਾਂ ਵਾਲੇ ਬਕਸਿਆਂ ਨੂੰ ਸੀਲਾਂ ਤਕ ਵੀ ਨਹੀਂ ਲਗਾਈਆਂ ਗਈਆਂ। ਦੋਵੇਂ ਉਮੀਦਵਾਰਾਂ ਨੇ ਦੋਸ਼ ਲਗਾਇਆ ਕਿ ਵੋਟਾਂ ਤੋਂ 10 ਦਿਨ ਪਹਿਲਾਂ ਹੀ ਕਾਂਗਰਸੀ ਇਹ ਆਖ ਰਹੇ ਸਨ ਕਿ ਅਸੀਂ ਇਹ ਚੋਣ ਹਰ ਹਾਲ ਵਿਚ ਜਿੱਤਣੀ ਹੈ ਜੋ ਮਰਜ਼ੀ ਕਰ ਲਵੋ। ਅੱਜ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਜ਼ਿਲਾ ਮੋਗਾ ਦੇ ਪ੍ਰਧਾਨ ਐਡਵੋਕੇਟ ਰਮੇਸ਼ ਗਰੋਵਰ, ਕੇਵਲ ਸੰਘਾ ਡਰੋਲੀ, ਸੀਨੀਅਰ ਆਗੂ ਅਜੇ ਸ਼ਰਮਾ, ਅਮਿਤ ਪੁਰੀ, ਅਕਾਲੀ ਦਲ ਦੇ ਗੁਰਜੰਟ ਸਿੰਘ ਰਾਮੂਵਾਲਾ, ਕੌਂਸਲਰ ਮਨਜੀਤ ਸਿੰਘ ਧੰਮੂ ਮੋਗਾ, ਬਿੰਦਰ ਬਿਲਾਸਪੁਰ ਆਦਿ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਆਪਣੇ ਉਮੀਦਵਾਰ ਨੂੰ ਜਿਤਾਉਣਾ ਹੀ ਚਾਹੁੰਦੀ ਸੀ ਤਾਂ ਚੋਣ ਕਰਵਾਉਣ ਦੀ ਕੀ ਲੋੜ ਸੀ।
ਉਧਰ ਦੂਜੇ ਪਾਸੇ ਜ਼ਿਲਾ ਮੋਗਾ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਨੂੰਨੀ ਢੰਗ ਨਾਲ ਪਟੀਸ਼ਨ ਪਾਉਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਫੈਸਲਾ ਹੋਵੇਗਾ ਉਹ ਕਾਨੂੰਨ ਅਤੇ ਮਦਾਂ ਨੂੰ ਧਿਆਨ ਵਿਚ ਰੱਖਦਿਆਂ ਕੀਤਾ ਜਾਵੇਗਾ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸੇ ਕਿਸਮ ਦੀ ਧੱਕੇਸ਼ਾਹੀ ਤੋਂ ਸਾਫ ਇਨਕਾਰ ਕੀਤਾ।