ਬਿੱਲ ਜਮ੍ਹਾ ਨਾ ਕਰਵਾਉਣ ਕਰ ਕੇ ਸੇਵਾ ਕੇਂਦਰਾਂ ਦੀ ਬਿਜਲੀ ਗੁੱਲ

04/04/2018 4:59:44 AM

ਖਡੂਰ ਸਾਹਿਬ, (ਕੁਲਾਰ)- ਜਨਤਾ ਦੀ ਸੇਵਾ ਲਈ ਸ਼ੁਰੂ ਕੀਤੇ ਸੇਵਾ ਕੇਂਦਰਾਂ ਦਾ ਬਿਜਲੀ ਬਿੱਲ ਜੋ ਲੱਖਾਂ ਰੁਪਏ ਬਣਦਾ ਹੈ, ਜਮ੍ਹਾ ਨਾ ਕਰਵਾਉਣ ਕਰ ਕੇ ਪਾਵਰਕਾਮ ਵਿਭਾਗ ਵੱਲੋਂ ਸੇਵਾ ਕੇਂਦਰਾਂ ਦੀ ਬਿਜਲੀ ਕੱਟ ਦਿੱਤੀ ਗਈ ਹੈ, ਜਿਸ ਕਾਰਨ ਕੰਮ ਕਰਵਾਉਣ ਆਉਣ ਵਾਲੇ ਲੋਕ ਖੱਜਲ-ਖੁਆਰ ਹੋ ਰਹੇ ਹਨ। 
ਜਾਣਕਾਰੀ ਅਨੁਸਾਰ ਵੱਖ-ਵੱਖ ਪਿੰਡਾਂ ਦੇ ਸੇਵਾ ਕੇਂਦਰਾਂ ਜਲਾਲਾਬਾਦ, ਨਾਗੋਕੇ, ਦਾਰਾਪੁਰ ਆਦਿ ਦੇ ਮੁਲਾਜ਼ਮਾਂ ਦੱਸਿਆ ਕਿ ਹਰ ਸੇਵਾ ਕੇਂਦਰ ਦਾ ਤਕਰੀਬਨ 32,500 ਰੁਪਏ ਬਿਜਲੀ ਦਾ ਬਿੱਲ ਜਮ੍ਹਾ ਕਰਵਾਉਣ ਵਾਲਾ ਹੈ, ਜੋ ਕਿ ਪੰਜਾਬ ਸਰਕਾਰ ਨੇ ਜਮ੍ਹਾ ਕਰਵਾਉਣਾ ਹੈ ਪਰ ਸਰਕਾਰ ਵੱਲੋਂ ਬਿੱਲ ਜਮ੍ਹਾ ਨਾ ਕਰਵਾਉਣ ਕਰ ਕੇ ਸੇਵਾ ਕੇਂਦਰਾਂ ਦੀ ਕਰੀਬ ਦੋ ਮਹੀਨਿਆਂ ਤੋਂ ਬਿਜਲੀ ਪਾਵਰਕਾਮ ਵਿਭਾਗ ਵੱਲੋਂ ਕੱਟ ਦਿੱਤੀ ਗਈ ਹੈ, ਜਿਸ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਦਿਨ ਤੱਕ ਤਾਂ ਉਹ ਆਪਣੀ ਜੇਬ 'ਚੋਂ ਥੋੜ੍ਹਾ ਬਹੁਤ ਤੇਲ ਲਿਆ ਕੇ ਜਨਰੇਟਰ ਚਲਾਉਂਦੇ ਰਹੇ ਪਰ ਹੁਣ ਉਨ੍ਹਾਂ ਦੇ ਵੱਸ ਤੋਂ ਵੀ ਗੱਲ ਬਾਹਰ ਹੋ ਗਈ ਹੈ। ਇਸ ਮੌਕੇ ਉਨ੍ਹਾਂ ਕੈਪਟਨ ਸਰਕਾਰ ਕੋਲੋਂ ਮੰਗ ਕੀਤੀ ਕਿ ਤੁਰੰਤ ਸੇਵਾ ਕੇਂਦਰਾਂ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਕਰ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ।