ਕੈਪਟਨ ਜ਼ਿਮਨੀ ਚੋਣਾਂ 'ਚ ਨਵੇਂ ਚਿਹਰੇ ਉਤਾਰਨਗੇ, ਨਾਵਾਂ ਦਾ ਭੇਜਣਗੇ ਪੈਨਲ

09/22/2019 2:41:59 PM

ਜਲੰਧਰ (ਧਵਨ)— ਕੇਂਦਰੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਦਾਖਾ, ਫਗਵਾੜਾ, ਜਲਾਲਾਬਾਦ ਤੇ ਮੁਕੇਰੀਆਂ ਲਈ ਜ਼ਿਮਨੀ ਚੋਣਾਂ ਦਾ ਐਲਾਨ ਕਰ ਦਿੱਤੇ ਜਾਣ ਤੋਂ ਬਾਅਦ ਹੁਣ ਕਾਂਗਰਸ 'ਚ ਟਿਕਟ ਹਾਸਲ ਕਰਨ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਚਾਰੇ ਜ਼ਿਮਨੀ ਚੋਣਾਂ ਬਾਰੇ ਕਾਂਗਰਸੀ ਉਮੀਦਵਾਰਾਂ ਦੀ ਚੋਣ ਦਾ ਦਾਰੋਮਦਾਰ ਪੂਰੀ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਢਿਆਂ 'ਤੇ ਰਹਿਣਾ ਹੈ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੈਪਟਨ ਜ਼ਿਮਨੀ ਚੋਣਾਂ 'ਚ ਇਸ ਵਾਰ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣ ਦੇ ਹੱਕ 'ਚ ਹਨ ਅਤੇ ਇਸ ਸਬੰਧ 'ਚ ਉਨ੍ਹਾਂ ਨੇ ਪਹਿਲਾਂ ਹੀ ਇਨ੍ਹਾਂ ਚਾਰੇ ਵਿਧਾਨ ਸਭਾ ਹਲਕਿਆਂ ਦੀ ਹਰ ਸੀਟ ਨੂੰ ਲੈ ਕੇ ਆਪਣਾ ਹਿਸਾਬ ਪਹਿਲਾਂ ਹੀ ਲਗਾਇਆ ਹੋਇਆ ਹੈ। ਮੁੱਖ ਮੰਤਰੀ ਨੇ ਪਹਿਲਾਂ ਹੀ ਇਨ੍ਹਾਂ ਚਾਰੇ ਵਿਧਾਨ ਸਭਾ ਹਲਕਿਆਂ 'ਚ ਆਪਣੇ ਭਰੋਸੇਯੋਗ ਮੰਤਰੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਸਨ, ਜਿਨ੍ਹਾਂ ਵੱਲੋਂ ਪਿਛਲੇ 15-20 ਦਿਨਾਂ ਤੋਂ ਲਗਾਤਾਰ ਇਨ੍ਹਾਂ ਵਿਧਾਨ ਸਭਾ ਹਲਕਿਆਂ ਦੇ ਦੌਰੇ ਕੀਤੇ ਜਾ ਰਹੇ ਸਨ।

ਕੈਪਟਨ ਅਮਰਿੰਦਰ ਸਿੰਘ ਦਾ ਵਿਚਾਰ ਇਹ ਹੈ ਕਿ ਕਿਉਂਕਿ ਪੁਰਾਣੇ ਦਾਅਵੇਦਾਰਾਂ ਦੇ ਮੁਕਾਬਲੇ ਨਵੇਂ ਚਿਹਰੇ ਵਧੇਰੇ ਅਸਰਦਾਰ ਸਾਬਿਤ ਹੋ ਸਕਦੇ ਹਨ, ਇਸ ਲਈ ਇਕ ਤਾਂ ਇਸ ਨਾਲ ਆਪਸੀ ਗੁੱਟਬਾਜ਼ੀ 'ਤੇ ਲਗਾਮ ਲੱਗੇਗੀ ਅਤੇ ਦੂਜਾ ਲੋਕ ਵੀ ਨਵੇਂ ਚਿਹਰਿਆਂ ਨੂੰ ਪਸੰਦ ਕਰਨਗੇ। ਇਸ ਲਈ ਕਾਂਗਰਸ 'ਚ ਮੰਨਿਆ ਜਾ ਰਿਹਾ ਹੈ ਕਿ ਲਗਭਗ 2-3 ਸੀਟਾਂ 'ਤੇ ਕੈਪਟਨ ਵੱਲੋਂ ਨਵੇਂ ਚਿਹਰਿਆਂ ਨੂੰ ਅੱਗੇ ਕੀਤਾ ਜਾਵੇਗਾ। ਮੁੱਖ ਮੰਤਰੀ ਵਲੋਂ ਚੋਣ ਲੜਨ ਦੇ ਚਾਹਵਾਨ ਕੁਝ ਆਗੂਆਂ ਨਾਲ ਗੱਲਬਾਤ ਵੀ ਕੀਤੀ ਗਈ ਹੈ। ਸਾਰਾ ਫੀਡਬੈਕ ਲੈਣ ਤੋਂ ਬਾਅਦ ਉਹ ਛੇਤੀ ਹੀ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨਾਲ ਮਿਲ ਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇਕੱਲੇ-ਇਕੱਲੇ ਨਾਂ ਦਾ ਪੈਨਲ ਬਣਾ ਕੇ ਮਨਜ਼ੂਰੀ ਲਈ ਭੇਜਣਗੇ।
ਜਿਥੋਂ ਤੱਕ ਮੁਕੇਰੀਆਂ ਵਿਧਾਨ ਸਭਾ ਸੀਟ ਦਾ ਸਬੰਧ ਹੈ, ਉਥੇ ਮੁੱਖ ਮੰਤਰੀ ਕਾਂਗਰਸ ਦੇ ਸਵ. ਵਿਧਾਇਕ ਰਜਨੀਸ਼ ਬੱਬੀ, ਜਿਹੜੇ ਮਰਹੂਮ ਡਾ. ਕੇਵਲ ਕ੍ਰਿਸ਼ਨ ਦੇ ਪੁੱਤਰ ਸਨ, ਦੀ ਪਤਨੀ ਜਾਂ ਪੁੱਤਰ ਨੂੰ ਚੋਣ ਮੈਦਾਨ 'ਚ ਉਤਾਰਨ ਦਾ ਮਨ ਬਣਾ ਚੁੱਕੇ ਹਨ। ਇਨ੍ਹਾਂ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵੀ 21 ਅਕਤੂਬਰ ਨੂੰ ਕਰਵਾਈਆਂ ਜਾਣੀਆਂ ਹਨ। ਜ਼ਿਮਨੀ ਚੋਣਾਂ ਦਾ ਐਲਾਨ ਹੋ ਜਾਣ ਤੋਂ ਬਾਅਦ ਟਿਕਟਾਂ ਦੇ ਚਾਹਵਾਨ ਕਾਂਗਰਸੀ ਆਗੂ ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਸੰਪਰਕ ਕਾਇਮ ਕਰਨ 'ਚ ਲੱਗ ਗਏ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਕੈਪਟਨ ਦੇ ਕਹਿਣ 'ਤੇ ਹੀ ਕਾਂਗਰਸ ਉਮੀਦਵਾਰਾਂ ਦਾ ਐਲਾਨ ਹੋਣਾ ਹੈ।

shivani attri

This news is Content Editor shivani attri