ਜ਼ਿਮਨੀ ਚੋਣਾਂ ''ਚ ਕਾਂਗਰਸ ਦਾ ਮੁਕੰਮਲ ਸਫਾਇਆ ਹੋਵੇਗਾ : ਮਜੀਠੀਆ

09/22/2019 1:46:31 AM

ਚੰਡੀਗੜ੍ਹ,(ਬਿਊਰੋ): ਪੰਜਾਬ ਚ 21 ਅਕਤੂਬਰ ਨੂੰ 4 ਵਿਧਾਨ ਸਭਾ ਹਲਕਿਆਂ ਅੰਦਰ ਜ਼ਿਮਨੀ ਚੋਣਾਂ ਕਰਵਾਉਣ ਦੇ ਐਲਾਨ ਦਾ ਸਵਾਗਤ ਕਰਦਿਆਂ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਨ੍ਹਾਂ ਜ਼ਿਮਨੀ ਚੋਣਾਂ 'ਚ ਕਾਂਗਰਸ ਦਾ ਮੁਕੰਮਲ ਸਫਾਇਆ ਹੋਵੇਗਾ ਅਤੇ ਅਕਾਲੀ-ਭਾਜਪਾ ਗਠਜੋੜ ਹੂੰਝਾਫੇਰ ਜਿੱਤ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਨਹੀਂ, ਸਗੋਂ ਆਮ ਪੰਜਾਬੀ ਇਹ ਦਿਖਾਉਣ ਲਈ ਉਤਾਵਲੇ ਹਨ ਕਿ ਕਾਂਗਰਸ ਢਾਈ ਸਾਲ ਪੁਰਾਣਾ ਸਮਰਥਨ ਗੁਆ ਚੁੱਕੀ ਹੈ ਅਤੇ ਇਸ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਲੋਕਪ੍ਰਿਯਤਾ ਨੂੰ ਖੋਰਾ ਲੱਗ ਚੁੱਕਾ ਹੈ ਤੇ ਇਹ ਖੋਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਕੈਬਨਿਟ ਸਾਥੀਆਂ ਦੀ ਆਕੜ, ਬੇਵਕੂਫੀਆਂ ਅਤੇ ਲੋਕਾਂ ਤੋਂ ਦੂਰ ਰਹਿਣ ਕਰ ਕੇ ਲੱਗਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਹਾਲ ਹੀ 'ਚ ਵਾਪਰੀਆਂ ਘਟਨਾਵਾਂ ਇਸ਼ਾਰਾ ਕਰਦੀਆਂ ਹਨ ਕਿ ਕਾਂਗਰਸ ਪਾਰਟੀ ਜਾਣਬੁੱਝ ਕੇ ਜ਼ਿਮਨੀ ਚੋਣਾਂ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੀ ਸੀ ਕਿਉਂਕਿ ਉਸ ਨੂੰ ਡਰ ਸੀ ਇਨ੍ਹਾਂ ਚੋਣਾਂ ਵਿਚ ਉਸ ਦਾ ਭਾਂਡਾ ਭੱਜ ਜਾਵੇਗਾ। ਮਜੀਠੀਆ ਨੇ ਚਾਰੋਂ ਹਲਕਿਆਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਮੌਜੂਦਾ ਸਰਕਾਰ ਦਾ ਚੋਣਾਂ 'ਚ ਸਫਾਇਆ ਕਰ ਕੇ ਇਸ ਨੂੰ ਲੋਕਾਂ ਨਾਲ ਵਿਸ਼ਵਾਸਘਾਤ ਕਰਨ ਦਾ ਸਬਕ ਸਿਖਾ ਦੇਣ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਵਰਕਰਾਂ ਨੂੰ ਡਟ ਕੇ ਚੋਣਾਂ ਲੜਨ ਦਾ ਨਿਰਦੇਸ਼ ਦਿੱਤਾ।