ਕੱਲ੍ਹ ਤੋਂ 50 ਰੂਟਾਂ 'ਤੇ ਚੱਲਣਗੀਆਂ ਬੱਸਾਂ, ਪੰਜਾਬ ਸਰਕਾਰ ਨੇ ਬਦਲਿਆ ਫੈਸਲਾ

03/20/2020 9:03:04 PM

ਚੰਡੀਗੜ੍ਹ,(ਅਸ਼ਵਨੀ): ਕੋਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ 20 ਮਾਰਚ ਦੀ ਰਾਤ ਤੋਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਪਰ ਪੰਜਾਬ ਸਰਕਾਰ ਨੇ ਇਕ ਹੀ ਦਿਨ 'ਚ ਬੱਸਾਂ ਦੀ ਆਵਾਜਾਈ ਦਾ ਇਹ ਫੈਸਲਾ ਬਦਲ ਦਿੱਤਾ ਹੈ। ਸਰਕਾਰ ਨੇ ਹੁਣ ਕਰੀਬ 50 ਰੂਟਾਂ 'ਤੇ ਬੱਸ ਸੇਵਾਵਾਂ ਜਾਰੀ ਰੱਖਣ ਦੀ ਗੱਲ ਕਹੀ ਹੈ।
ਪੰਜਾਬ ਆਵਾਜਾਈ ਵਿਭਾਗ ਦੇ ਅਧਿਕਾਰੀ ਦੀ ਮੰਨੀਏ ਤਾਂ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਜ਼ਰੂਰੀ ਕੰਮ ਕਰਨ ਵਾਲਿਆਂ 'ਤੇ ਟੈਕਸੀ ਦੇ ਕਿਰਾਏ ਦਾ ਬੋਝ ਨਾ ਪਵੇ। ਇਨ੍ਹਾਂ ਬੱਸਾਂ 'ਚ 20 ਤੋਂ 25 ਯਾਤਰੀਆਂ ਤੋਂ ਜ਼ਿਆਦਾ ਨਹੀਂ ਬਿਠਾਏ ਜਾਣਗੇ ਅਤੇ ਨਾਲ ਹੀ ਹਰ ਆਉਣ ਵਾਲੇ ਯਾਤਰੀ ਨੂੰ ਸੈਨੇਟਾਈਜ਼ਰ ਵੀ ਦਿੱਤਾ ਜਾਵੇਗਾ। ਇਸ ਦੌਰਾਨ ਜਿਨ੍ਹਾਂ 'ਚ 12 ਤੋਂ ਘੱਟ ਯਾਤਰੀਆਂ/ਮੁਸਾਫਿਰਾਂ ਦੇ ਬੈਠਣ ਦਾ ਸਮਰੱਥ ਹੈ ਅਰਥਾਤ ਮੈਕਸੀ ਕੈਬ ਅਤੇ ਮੋਟਰ ਕੈਬ ਨੂੰ ਵੀ ਛੂਟ ਦਿੱਤੀ ਗਈ ਹੈ।
ਆਵਾਜਾਈ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਮੰਤਰੀ ਸਮੂਹ ਨੇ ਆਪਣੀ ਮੀਟਿੰਗ 'ਚ 19.03. 2020 ਨੂੰ ਪੰਜਾਬ 'ਚ ਕੋਵਿਡ-19 ਦੇ ਫੈਲਣ ਦੇ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜਾ ਲਿਆ ਸੀ। ਹੁਣ ਕੁੱਝ ਖਾਸ ਰੂਟ ਨੂੰ ਛੱਡ ਬਾਕੀ ਆਵਾਜਾਈ ਸੇਵਾਵਾ 'ਤੇ ਇਹ ਪਾਬੰਦੀ 20 ਮਾਰਚ 2020 ਦੀ ਅੱਧੀ ਰਾਤ ਤੋਂ ਲਾਗੂ ਹੋਵੇਗੀ ਅਤੇ 31 ਮਾਰਚ 2020 ਤਕ ਲਾਗੂ ਰਹੇਗੀ। ਹਾਲਾਂਕਿ ਐਮਰਜੈਂਸੀ ਦੀ ਸਥਿਤੀ 'ਚ ਸੰਬੰਧਿਤ ਡਿਪਟੀ ਕਮਿਸ਼ਨਰ ਅਤੇ ਸੂਬਾ ਆਵਾਜਾਈ ਕਮਿਸ਼ਨਰ ਨੂੰ ਕਿਸੇ ਵੀ ਸਰਵਜਨਕ ਵਾਹਨ ਨੂੰ ਇਸ ਆਦੇਸ਼ ਨੂੰ ਲਾਗੂ ਕਰਨ ਤੋਂ ਛੂਟ ਦੇਣ ਦਾ ਅਧਿਕਾਰ ਹੈ।
ਇਹ ਪਾਬੰਦੀ ਮਾਲ ਕੈਰੀਅਰ ਅਤੇ ਪ੍ਰਾਈਵੇਟ ਸਰਵਿਸ ਵਾਹਨ ਜਿਵੇ ਫੈਕਟਰੀ, ਸਟਾਫ ਬੱਸਾਂ ਆਦਿ ਨੂੰ ਸ਼ਾਮਲ ਨਹੀਂ ਕਰਦੀ। ਸੁਲਤਾਨਾ ਨੇ ਦੱਸਿਆ ਕਿ ਸਮੂਹ ਮੰਤਰੀਆਂ ਵਲੋਂ ਸਰਕਾਰੀ ਦਫਤਰਾਂ 'ਚ ਗੈਰ ਜ਼ਰੂਰੀ ਪਬਲਿਕ ਡਿਲਿੰਗ ਨੂੰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਡਰਾਈਵਿੰਗ ਲਾਈਸੈਂਸ ਜਾਰੀ ਕਰਨ ਅਤੇ ਡਰਾਈਵਿੰਗ ਟੈਸਟ ਨੂੰ 23.03.2020 ਤੋਂ 31.03.2020 ਤਕ ਅਸਥਾਈ ਤੌਰ 'ਤੇ ਬੰਦ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ।

Deepak Kumar

This news is Content Editor Deepak Kumar