ਬਰਨਾਲਾ ਤੋਂ 7 ਸ਼ਹਿਰਾਂ ਲਈ ਚੱਲੀਆਂ ਬੱਸਾਂ, ਆਮ ਜਨਤਾ ਨੂੰ ਮਿਲੀ ਰਾਹਤ

05/20/2020 1:54:51 PM

ਬਰਨਾਲਾ (ਪੁਨੀਤ) : ਕੋਰੋਨਾ ਵਾਇਰਸ ਕਾਰਨ ਲਾਗੂ ਕਰਫਿਊ ਦੌਰਾਨ ਪਿਛਲੇ 2 ਮਹੀਨਿਆਂ ਤੋਂ ਬੰਦ ਪਈ ਟਰਾਂਸਪੋਰਟ ਮੁੜ ਖੁੱਲ੍ਹ ਗਈ ਹੈ। ਪੰਜਾਬ ਸਰਕਾਰ ਦੇ ਹੁਕਮਾਂ 'ਤੇ ਬੁੱਧਵਾਰ ਨੂੰ ਪੀ. ਆਰ. ਟੀ. ਸੀ. ਨੇ ਬਰਨਾਲਾ ਤੋਂ 7 ਵੱਖ-ਵੱਖ ਸ਼ਹਿਰਾਂ ਲਈ ਬੱਸਾਂ ਚਲਾਈਆਂ। ਬੱਸਾਂ ਨੂੰ ਪੂਰੀ ਤਰ੍ਹਾਂ ਨਾਲ ਸੈਨੇਟਾਈਜ਼ ਕਰਕੇ ਸਵਾਰੀਆਂ ਨੂੰ ਬਿਠਾਇਆ ਜਾ ਰਿਹਾ ਹੈ। ਇਕ ਬੱਸ 'ਚ 25 ਤੋਂ ਜ਼ਿਆਦਾ ਸਵਾਰੀਆਂ ਨੂੰ ਨਹੀਂ ਬਿਠਾਇਆ ਜਾ ਰਿਹਾ। ਬੱਸ ਸੇਵਾ ਸ਼ੁਰੂ ਹੋਣ ਦੇ ਪਹਿਲੇ ਦਿਨ ਕੋਰੋਨਾ ਦੇ ਡਰੋਂ ਸਵਾਰੀਆਂ ਘੱਟ ਹੀ ਦਿਖਾਈ ਦਿੱਤੀਆਂ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਡਾਕਟਰੀ ਪੜ੍ਹਾਈ ਕਰਨ ਵਾਲਿਆਂ ਨੂੰ ਵੱਡੀ ਰਾਹਤ

ਇਸ ਮੌਕੇ ਬੱਸ 'ਚ ਬਠਿੰਡਾ ਲਈ ਸਫਰ ਕਰ ਰਹੇ ਯਾਤਰੀਆਂ ਲਖਵਿੰਦਰ ਅਤੇ ਸਤਿੰਦਰਪਾਲ ਨੇ ਦੱਸਿਆ ਕਿ ਬੱਸ ਸੇਵਾ ਸ਼ੁਰੂ ਹੋਣ ਨਾਲ ਆਮ ਜਨਤਾ ਨੂੰ ਕਾਫੀ ਰਾਹਤ ਮਿਲੀ ਹੈ ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਕੋਰੋਨਾ ਵਾਇਰਸ ਕਾਰਨ ਪਬਲਿਕ ਟਰਾਂਸਪੋਰਟ ਬਿਲਕੁਲ ਬੰਦ ਪਈ ਸੀ ਅਤੇ ਮੱਧ ਵਰਗੀ ਪਰਿਵਾਰ, ਜਿਨ੍ਹਾਂ ਕੋਲ ਆਪਣੀਆਂ ਗੱਡੀਆਂ ਨਹੀਂ ਹਨ, ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਆ ਰਹੀ ਸੀ। ਯਾਤਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜਨਰੇਟਰਾਂ ਦਾ ਕਾਰੋਬਾਰ ਹੈ ਅਤੇ ਉਹ ਵਿਆਹਾਂ 'ਚ ਜਨਰੇਟਰ ਲਾ ਕੇ ਆਪਣੇ ਪਰਿਵਾਰ ਦਾ ਢਿੱਡ ਭਰਦੇ ਹਨ ਪਰ ਪਿਛਲੇ 2 ਮਹੀਨਿਆਂ ਤੋਂ ਲੱਗੇ ਕਰਫਿਊ ਕਾਰਨ ਉਨ੍ਹਾਂ ਦੇ 15 ਲੱਖ ਰੁਪਏ ਦੇ ਜਨਰੇਟਰ ਬਠਿੰਡਾ 'ਚ ਖੜ੍ਹੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਸਬਜ਼ੀ ਵਿਕਰੇਤਾ ਦਾ ਬਰੇਹਿਮੀ ਨਾਲ ਕਤਲ

ਇਸ ਮੌਕੇ ਬੱਸ ਸੰਗਰੂਰ ਲੈ ਕੇ ਜਾਣ ਦੀ ਤਿਆਰੀ 'ਚ ਖੜ੍ਹੇ ਡਰਾਈਵਰ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ 7 ਵਜੇ ਤੋਂ ਬੱਸ ਸਟੈਂਡ 'ਤੇ ਖੜ੍ਹੇ ਹਨ ਪਰ ਅਜੇ ਤੱਕ ਸਿਰਫ 2 ਸਵਾਰੀਆਂ ਹੀ ਉਨ੍ਹਾਂ ਦੀ ਬੱਸ 'ਚ ਬੈਠੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਬੱਸ ਨੂੰ ਪਹਿਲਾਂ ਡਿਪੂ 'ਚੋਂ ਸੈਨੇਟਾਈਜ਼ ਕਰਕੇ ਹੀ ਲਿਆਂਦਾ ਗਿਆ ਸੀ। ਉਸ ਨੇ ਦੱਸਿਆ ਕਿ ਉਸ ਨੂੰ ਨਿਰਦੇਸ਼ ਮਿਲੇ ਹਨ ਕਿ ਬੱਸ ਨੂੰ ਬਰਨਾਲਾ ਤੋਂ ਸਿੱਧਾ ਸੰਗਰੂਰ ਲੈ ਕੇ ਜਾਣਾ ਹੈ ਅਤੇ ਰਸਤੇ 'ਚ ਕਿਸੇ ਵੀ ਸਵਾਰੀ ਨੂੰ ਨਾ ਤਾਂ ਬਿਠਾਉਣਾ ਹੈ ਅਤੇ ਨਾ ਹੀ ਉਤਰਨ ਦੇਣਾ ਹੈ ਅਤੇ ਬੱਸ ਸਿੱਧਾ ਸੰਗਰੂਰ ਜਾ ਕੇ ਰੁਕੇਗੀ। ਉਸ ਨੇ ਦੱਸਿਆ ਕਿ ਸੋਸ਼ਲ ਡਿਸਟੈਂਸ ਦਾ ਪਾਲਣ ਕਰਦੇ ਹੋਏ ਇਕ ਬੱਸ 'ਚ 25 ਤੋਂ ਜ਼ਿਆਦਾ ਯਾਤਰੀ ਨਹੀਂ ਬੈਠਣ ਦਿੱਤੇ ਜਾ ਰਹੇ।
ਇਹ ਵੀ ਪੜ੍ਹੋ : 'ਲੁਧਿਆਣਾ ਬੱਸ ਸਟੈਂਡ' 'ਤੇ ਸ਼ੁਰੂ ਹੋਈ ਬੱਸ ਸੇਵਾ, ਜਾਣੋ ਪਹਿਲੇ ਦਿਨ ਦੇ ਹਾਲਾਤ

Babita

This news is Content Editor Babita