ਬੱਸ-ਮੋਟਰਸਾਈਕਲ ਦੀ ਟੱਕਰ; ਪਤਨੀ ਦੀ ਮੌਤ, ਪਤੀ ਜ਼ਖਮੀ

Tuesday, Aug 01, 2017 - 12:55 AM (IST)

ਸ੍ਰੀ ਆਨੰਦਪੁਰ ਸਾਹਿਬ, (ਬਾਲੀ)- ਅੱਜ ਸਵੇਰੇ 11 ਵਜੇ ਪਿੰਡ ਕੋਟਲਾ ਨੇੜੇ ਇਕ ਐੱਚ. ਆਰ. ਟੀ. ਸੀ. ਦੀ ਬੱਸ ਵੱਲੋਂ ਇਕ ਮੋਟਰਸਾਈਕਲ ਨੂੰ ਪਿੱਛਿਓਂ ਟੱਕਰ ਮਾਰ ਦੇਣ ਕਾਰਨ ਮੋਟਰਸਾਈਕਲ ਸਵਾਰ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਸੁਰਜੀਤ ਕੁਮਾਰ ਉਰਫ ਕਾਕੂ ਵਾਸੀ ਪਿੰਡ ਭਟੋਲੀ ਮੁਹੱਲਾ ਪ੍ਰਜਾਪਤੀ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ, ਜੋ ਘੋੜਾ ਰੇਹੜਾ ਚਲਾਉਂਦਾ ਹੈ, ਆਪਣੀ ਪਤਨੀ ਕਮਲਾ ਦੇਵੀ (45) ਨਾਲ ਪਿੰਡ ਜਾਂਡਲਾ ਵਿਖੇ ਵਿਆਹੀ ਆਪਣੀ ਲੜਕੀ ਨੂੰ ਮਿਲ ਕੇ ਮੋਟਰਸਾਈਕਲ 'ਤੇ ਵਾਪਸ ਆ ਰਿਹਾ ਸੀ। ਪਿੰਡ ਕੋਟਲਾ ਨੇੜੇ ਹਿਮਾਚਲ ਪ੍ਰਦੇਸ਼ ਰੋਡਵੇਜ਼ ਪਾਲਮਪੁਰ ਡਿਪੂ ਦੀ ਬੱਸ, ਜੋ ਸ੍ਰੀ ਆਨੰਦਪੁਰ ਸਾਹਿਬ ਤੋਂ ਰੂਪਨਗਰ ਜਾ ਰਹੀ ਸੀ, ਨੇ ਅੱਗੇ ਜਾ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਮੋਟਰਸਾਈਕਲ ਬੱਸ ਦੇ ਬੰਪਰ 'ਚ ਫਸ ਗਿਆ, ਜਦੋਂਕਿ ਦੋਵੇਂ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਲਿਜਾਇਆ ਗਿਆ। ਡਾਕਟਰਾਂ ਨੇ ਕਮਲਾ ਦੇਵੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਸੁਰਜੀਤ ਕੁਮਾਰ ਦਾ ਇਲਾਜ ਚੱਲ ਰਿਹਾ ਹੈ। 
ਜਾਂਚ ਅਧਿਕਾਰੀ ਏ. ਐੱਸ. ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਬੱਸ ਡਰਾਈਵਰ ਰਾਜੇਸ਼ ਕੁਮਾਰ ਪੁੱਤਰ ਜਗਦੀਸ਼ ਚੰਦ ਵਾਸੀ ਪਿੰਡ ਲੋਗਣੀ ਥਾਣਾ ਸੁਜਾਨਪੁਰ ਜ਼ਿਲਾ ਹਮੀਰਪੁਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।


Related News