ਕਿਰਾਇਆ ਵਧਾਉਣ ਕਾਰਨ ਪਿੰਡ ਵਾਸੀਆਂ ਨੇ ਕੀਤਾ ਬੱਸਾਂ ਦਾ ਘਿਰਾਓ

06/11/2018 2:07:52 PM

ਸੰਗਤ ਮੰਡੀ (ਮਨਜੀਤ)-ਪਿੰਡ ਚੁੱਘੇ ਕਲਾਂ ਵਿਖੇ ਪਿੰਡ ਵਾਸੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਸ਼ਹੀਦ ਭਗਤ ਸਿੰਘ ਯੂਥ ਭਲਾਈ ਕਲੱਬ ਦੇ ਸਹਿਯੋਗ ਨਾਲ ਬੱਸਾਂ 'ਚ ਚੱਲਦੇ ਲੱਚਰ ਗੀਤਾਂ ਤੇ ਨਿੱਜੀ ਬੱਸ ਮਾਲਕਾਂ ਵੱਲੋਂ ਵਧਾਏ ਕਿਰਾਏ ਦੇ ਵਿਰੋਧ 'ਚ ਸੜਕ 'ਤੇ ਧਰਨਾ ਲਾ ਕੇ ਬੱਸਾਂ ਦਾ ਘਿਰਾਓ ਕੀਤਾ ਗਿਆ। ਘਿਰਾਓ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰਦਗੜ੍ਹ ਦੇ ਮੁਖੀ ਭੁਪਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲਾ ਸਲਾਹਕਾਰ ਜਸਗੀਰ ਝੰਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿੱਜੀ ਬੱਸਾਂ ਦੇ ਮਾਲਕਾਂ ਵੱਲੋਂ ਕਿਰਾਏ 'ਚ ਜਿਥੇ ਵਾਧਾ ਕਰ ਦਿੱਤਾ, ਉਥੇ ਬੱਸਾਂ ਦੇ ਡਰਾਈਵਰਾਂ ਵੱਲੋਂ ਬੱਸ 'ਚ ਲੱਚਰ ਗੀਤ ਚਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਰਾਏ ਦੇ ਵਾਧੇ ਅਤੇ ਬੱਸ 'ਚ ਚੱਲਦੇ ਲੱਚਰ ਗੀਤਾਂ ਕਾਰਨ ਪਿੰਡ ਦੀਆਂ ਕੁਝ ਔਰਤਾਂ ਬਠਿੰਡਾ ਸਥਿਤ ਇਕ ਨਿੱਜੀ ਬੱਸ ਦੇ ਦਫ਼ਤਰ ਗਈਆਂ ਸਨ ਪਰ ਉਥੇ ਦਫ਼ਤਰ ਦੇ ਕੁਝ ਮੁਲਾਜ਼ਮਾਂ ਵੱਲੋਂ ਔਰਤਾਂ ਨਾਲ ਮਾੜਾ ਵਿਵਹਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਔਰਤਾਂ ਨਾਲ ਮਾੜਾ ਵਿਵਹਾਰ ਕਰਨ ਵਾਲੇ ਦਫ਼ਤਰ ਕਰਮਚਾਰੀਆਂ ਵਿਰੁੱਧ ਬਣਦੀ ਕਾਰਵਾਈ ਕਰਦਿਆਂ ਬੱਸਾਂ 'ਚ ਚੱਲਦੇ ਲੱਚਰ ਗੀਤਾਂ ਨੂੰ ਬੰਦ ਕਰ ਕੇ ਵਧੇ ਕਿਰਾਏ ਨੂੰ ਤੁਰੰਤ ਵਾਪਸ ਲਿਆ ਜਾਵੇ। ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਗਈ ਕਿ ਉਨ੍ਹਾਂ ਦੇ ਪਿੰਡ ਤੋਂ ਬੱਸ ਦਾ ਰੂਟ ਸਿੱਧਾ ਚੁੱਘੇ ਕਲਾਂ, ਬੀੜ ਬਹਿਮਣ ਤੇ ਬੀੜ ਤਲਾਬ 'ਚੋਂ ਦੀ ਕਰਦਿਆਂ ਮਿਸ ਬੱਸਾਂ ਦੇ ਰੂਟ ਬਹਾਲ ਕੀਤੇ ਜਾਣ ਜਾਂ ਉਨ੍ਹਾਂ ਬੱਸਾਂ ਦੇ ਰੂਟ ਕੈਂਸਲ ਕੀਤੇ ਜਾਣ। ਥਾਣਾ ਮੁਖੀ ਭੁਪਿੰਦਰ ਸਿੰਘ ਅਤੇ ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਨੀਟੂ ਵੱਲੋਂ ਧਰਨਾਕਾਰੀਆਂ ਤੋਂ ਮੰਗ-ਪੱਤਰ ਲੈ ਕੇ ਅੱਗੇ ਅਧਿਕਾਰੀਆਂ ਤੱਕ ਪਹੁੰਚਣ ਦਾ ਵਿਸ਼ਵਾਸ ਦਿਵਾਇਆ ਗਿਆ।