ਧੁੰਦ ਕਾਰਨ ਭੋਗਪੁਰ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਬੱਸ ਕੰਡਕਟਰ ਦੀ ਮੌਤ

11/03/2019 7:09:03 PM

ਭੋਗਪੁਰ (ਸੂਰੀ) ਐਤਵਾਰ ਤੜਕਸਾਰ ਭੋਗਪੁਰ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਸਕੂਟਰ ਅਤੇ ਕਿਸੇ ਅਣਪਛਾਤੇ ਵਾਹਨ ਵਿਚਾਲੇ ਹੋਈ ਦਰਦਨਾਕ ਹਾਦਸੇ ਵਿਚ ਸਕੂਟਰ ਸਵਾਰ ਬੱਸ ਕੰਡਕਟਰ ਦੀ ਮੌਤ ਹੋ ਜਾਣ ਦੀ ਖਬਰ ਹੈ। ਕਰਮਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮਾਣਕਢੇਰੀ ਥਾਣਾ ਬੁਲੋਵਾਲ ਜ਼ਿਲਾ ਹੁਸ਼ਿਆਰਪੁਰ ਜੋ ਕਿ ਰਾਜਧਾਨੀ ਬੱਸ ਕੰਪਨੀ ਵਿਚ ਬਤੌਰ ਕੰਡਕਟਰ ਨੌਕਰੀ ਕਰਦਾ ਸੀ ਅਤੇ ਨੌਕਰੀ ਤੇ ਜਾਣ ਲਈ ਐਤਵਾਰ ਤੜਕੇ ਚਾਰ ਵਜੇ ਦੇ ਕਰੀਬ ਅਪਣੇ ਘਰ ਤੋਂ ਅਪਣੇ ਸਕੂਟਰ ਨੰਬਰ ਪੀ.ਬੀ. 07 ਡੀ. 9526 ਤੇ ਸਵਾਰ ਹੋ ਕੇ ਭੋਗਪੁਰ ਲਈ ਨਿਕਲਿਆ ਸੀ।

ਜਦੋਂ ਕਰਮਜੀਤ ਸਿੰਘ ਭੋਗਪੁਰ ਨੇੜਲੇ ਮੋਗਾ ਫਾਟਕ ਨੂੰ ਪਾਰ ਕਰਕੇ ਜੀ.ਟੀ. ਰੋਡ ਤੇ ਚੜ੍ਹਣ ਲੱਗਾ ਤਾਂ ਪਠਾਨਕੋਟ ਵੱਲੋਂ ਤੇਜ ਗਤੀ ਨਾਲ ਆ ਰਹੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਗਿਆ। ਹਾਦਸੇ ਕਾਰਨ ਵਾਹਨ ਸਕੂਟਰ ਨੂੰ ਦੂਰ ਤੱਕ ਘੜੀਸਦਾ ਹੋਇਆ ਲੈ ਗਿਆ ਅਤੇ ਕਰਮਜੀਤ ਸਿੰਘ ਦੇ ਸਿਰ 'ਤੇ ਗੰਭੀਰ ਸੱਟਾਂ ਲੱਗਣ ਅਤੇ ਪੇਟ ਫਟ ਜਾਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਸਾਰ ਥਾਣਾ ਭੋਗਪੁਰ ਤੋਂ ਥਾਣੇਦਾਰ ਕਰਨੈਲ ਸਿੰਘ ਹਾਦਸੇ ਵਾਲੀ ਥਾਂ 'ਤੇ ਪੁੰਜ ਗਏ ਅਤੇ ਉਨ੍ਹਾਂ ਮ੍ਰਿਤਕ ਕਰਮਜੀਤ ਦੀ ਲਾਸ਼ ਅਤੇ ਸਕੂਟਰ ਆਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕੀਤੀ ਪੁਲਸ ਵੱਲੋਂ ਮ੍ਰਿਤਕ ਕਰਮਜੀਤ ਸਿੰਘ ਦੇ ਪੁੱਤਰ ਪ੍ਰਭਜੋਤ ਸਿੰਘ ਦੇ ਬਿਆਨਾਂ ਹੇਠ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਪੁਲਸ ਵੱਲੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਕਰਮਜੀਤ ਸਿੰਘ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

Sunny Mehra

This news is Content Editor Sunny Mehra