ਜੀਜੇ ਦੀ ਸੜੀ ਲਾਸ਼ ਦੇਖ ਬੋਲਿਆ ਸਾਲਾ, ਜੇ ਮੇਰੀ ਗੱਲ ਮੰਨੀ ਹੁੰਦੀ ਤਾਂ ਨਾ ਵਾਪਰਦਾ ਭਾਣਾ

10/05/2020 4:49:07 PM

ਲੁਧਿਆਣਾ (ਜ.ਬ.) : ਬਹਾਦਰ ਕੇ ਰੋਡ 'ਤੇ ਬੀਤੇ ਸ਼ਨੀਵਾਰ ਨੂੰ ਲੱਗੀ ਅੱਗ ਤੋਂ ਬਾਅਦ ਪੀ. ਵੀ. ਆਰ. ਫਾਈਬਰ ਫੈਕਟਰੀ ਤੋਂ ਐਤਵਾਰ ਨੂੰ ਇਕ ਮਜ਼ਦੂਰ ਦੀ ਝੁਲਸੀ ਹਾਲਤ 'ਚ ਲਾਸ਼ ਮਿਲੀ ਹੈ। ਜਿਸ ਦੀ ਪਛਾਣ 25 ਸਾਲਾ ਮੁਹੰਮਦ ਮੁਕਰਮ ਦੇ ਰੂਪ 'ਚ ਹੋਈ ਹੈ, ਜੋ ਕਿ ਮੂਲ ਰੂਪ 'ਚ ਬਿਹਾਰ ਦੇ ਖਗਰੀਆ ਦਾ ਰਹਿਣ ਵਾਲਾ ਸੀ ਅਤੇ ਉਪਰੋਕਤ ਫੈਕਟਰੀ 'ਚ ਕੰਮ ਕਰਦਾ ਸੀ ਅਤੇ ਉਥੇ ਰਹਿੰਦਾ ਸੀ। ਜੇਕਰ ਉਸ ਦੇ ਸਾਲੇ ਇਬਰਾਹਿਮ ਦੇ ਰੌਲਾ ਪਾਉਣ 'ਤੇ ਧਿਆਨ ਦਿੱਤਾ ਹੁੰਦਾ ਤਾਂ ਇਸ ਮਜ਼ਦੂਰ ਦੀ ਜਾਨ ਬਚ ਸਕਦੀ ਸੀ। ਉਸ ਨੇ ਮੀਡੀਆ 'ਚ ਦੋਸ਼ ਲਾਇਆ ਹੈ ਕਿ ਘਟਨਾ ਸਮੇਂ ਉਹ ਰੌਲਾ ਪਾ ਰਿਹਾ ਸੀ ਕਿ ਉਸ ਦਾ ਜੀਜਾ ਫੈਕਟਰੀ ਅੰਦਰ ਹੀ ਹੈ ਪਰ ਘਟਨਾ ਸਥਾਨ 'ਤੇ ਮੌਜੂਦ ਨਾ ਤਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਸ ਦੀ ਗੱਲ ਸੁਣੀ ਅਤੇ ਨਾ ਹੀ ਫੈਕਟਰੀ ਮਾਲਕ ਰੰਜੀਵ ਰੰਜਨ ਨੇ। ਉਲਟਾ ਨੂੰ ਉਸ ਨੂੰ ਝਿੜਕ ਕੇ ਭਜਾ ਦਿੱਤਾ ਗਿਆ। ਸਾਰੀ ਰਾਤ ਜਦ ਉਸ ਦੇ ਜੀਜੇ ਦਾ ਕੁਝ ਪਤਾ ਨਾ ਲੱਗਿਆ ਤਾਂ ਸਵੇਰੇ ਉਸ ਨੂੰ ਲੱਭਦਾ ਹੋਇਆ ਫੈਕਟਰੀ ਪੁੱਜਾ ਤਾਂ ਸੜੀ ਹੋਈ ਰੂੰ ਦੇ ਢੇਰ ਹੇਠ ਝੁਲਸੀ ਹਾਲਤ 'ਚ ਲਾਸ਼ ਮਿਲੀ। ਉਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਵਾਰ-ਵਾਰ ਕਹਿੰੰਦਾ ਰਿਹਾ ਹੈ ਕਿ ਜੀਜਾ ਬੀਮਾਰ ਹੈ। ਜੋ ਫੈਕਟਰੀ 'ਚ ਲੱਗੀ ਅੱਗ ਵਿਚ ਫਸ ਚੁੱਕਾ ਹੈ। ਉਸ ਦਾ ਮੋਬਾਇਲ ਵੀ ਬੰਦ ਹੋ ਗਿਆ, ਜੋ ਕਿ ਅੱਧਾ ਘੰਟਾ ਪਹਿਲਾਂ ਚੱਲ ਰਿਹਾ ਸੀ ਪਰ ਅਫਸੋਸ ਉਸ ਦੀ ਗੱਲ ਸੁਣੀ ਜਾਂਦੀ ਤਾਂ ਅੱਜ ਉਸ ਦਾ ਜੀਜਾ ਜਿਊਂਦਾ ਹੁੰਦਾ। ਉਸ ਨੇ ਉੱਚ ਪੁਲਸ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੀ ਰੈਲੀ 'ਚ ਸੋਫਿਆਂ ਵਾਲਾ ਟਰੈਕਟਰ ਬਣਿਆ ਚਰਚਾ ਦਾ ਵਿਸ਼ਾ

ਮਜ਼ਦੂਰਾਂ ਨੇ ਕੀਤਾ ਪ੍ਰਦਰਸ਼ਨ
ਪੁਲਸ, ਫਾਇਰਬ੍ਰਿਗੇਡ ਅਤੇ ਫੈਕਟਰੀ ਮਾਲਕ ਨੂੰ ਮ੍ਰਿਤਕ ਮੌਤ ਦਾ ਜ਼ਿੰਮੇਵਾਰ ਠਹਿਰਾਉਂਦੇ ਹੋਏ ਘਟਨਾ ਸਥਾਨ 'ਤੇ ਇਕੱਠੇ ਹੋਏ ਮਜ਼ਦੂਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਦੋਸ਼ ਸੀ ਕਿ ਫੈਕਟਰੀ ਮਾਲਕ ਵਾਰ-ਵਾਰ ਇਹੀ ਕਹਿੰਦਾ ਰਿਹਾ ਕਿ ਅੱਗ ਲੱਗਣ ਤੋਂ ਬਾਅਦ ਫੈਕਟਰੀ 'ਚ ਮੌਜੂਦ ਸਾਰੇ ਮਜ਼ਦੂਰ ਸੁਰੱਖਿਅਤ ਬਾਹਰ ਆ ਚੁੱਕੇ ਹਨ ਪਰ ਕਿਸੇ ਨੇ ਇਬਰਾਹਿਮ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜਦਕਿ ਮੌਕੇ 'ਤੇ ਪੁਲਸ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਦਾ ਦੋਸ਼ ਸੀ ਕਿ ਇਬਰਾਹਿਮ ਦੀ ਮੌਤ ਲਈ ਜਿੰਨਾ ਕਸੂਰਵਾਰ ਫੈਕਟਰੀ ਮਾਲਕ ਹੈ, ਉਨ੍ਹਾਂ ਹੀ ਪੁਲਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਵਿਭਾਗ ਵੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਫੈਕਟਰੀ ਦੇ ਬਾਹਰ ਜਮ ਕੇ ਹੰਗਾਮਾ ਕੀਤਾ। ਇਸ ਤੋਂ ਪਹਿਲਾਂ ਕਿ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਕੁਝ ਨੇਤਾਵਾਂ ਦੀ ਮੱਦਦ ਨਾਲ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ।

ਇਹ ਵੀ ਪੜ੍ਹੋ : ਕਰਤਾਰਪੁਰ ਲਾਂਘਾ : ਰਾਵੀ ਦਰਿਆ 'ਤੇ ਬਣਨ ਵਾਲੇ ਪੁੱਲ 'ਤੇ ਪਾਕਿ ਨੇ ਅੱਜ ਤੱਕ ਇਕ ਇੱਟ ਨਹੀਂ ਲਾਈ

ਬਚਾਅ ਦੀ ਮੁਦਰਾ 'ਚ ਆਈ ਪੁਲਸ
ਇਸ ਘਟਨਾ ਨੂੰ ਲੈ ਕੇ ਪੁਲਸ ਆਪਣੇ ਬਚਾਅ ਦੀ ਮੁਦਰਾ 'ਚ ਆ ਗਈ ਹੈ। ਜੋਧੇਵਾਲ ਥਾਣਾ ਇੰਚਾਰਜ ਸਬ ਇੰਸ. ਅਰਸ਼ਪ੍ਰੀਤ ਕੌਰ ਗਰੇਵਾਲ ਦਾ ਕਹਿਣਾ ਹੈ ਕਿ ਇਬਰਾਹਿਮ ਦੀ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਫੈਕਟਰੀ ਨੂੰ ਚੰਗੀ ਤਰ੍ਹਾਂ ਨਾਲ ਚੈੱਕ ਕੀਤਾ ਗਿਆ ਪਰ ਅੱਗ ਜ਼ਿਆਦਾ ਹੋਣ ਕਾਰਨ ਮੁਕਰਮ ਨਹੀਂ ਦਿਖਾਈ ਦਿੱਤਾ। ਅੱਗ ਬੁਝਾਉਣ 'ਤੇ ਉਸ ਦੀ ਲਾਸ਼ ਮਿਲੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਛਾਪਾ ਮਾਰਨ ਗਈ ਪੁਲਸ ਪਾਰਟੀ 'ਤੇ ਜਾਨਲੇਵਾ ਹਮਲਾ      

Anuradha

This news is Content Editor Anuradha