ਬੁਲੇਟ ਟਰੇਨ ਦਾ ਸੁਪਨਾ ਦਿਖਾਉਣ ਵਾਲੇ ਦੇਸ਼ ''ਚ ਅੱਜ ਵੀ ਚਲਦੀ ਹੈ ਸ਼ਕੁੰਤਲਾ ਐਕਸਪ੍ਰੈੱਸ

02/08/2018 6:32:04 AM

ਜਲੰਧਰ(ਰਵਿੰਦਰ)-ਇਕ ਪਾਸੇ ਦੇਸ਼ ਬੁਲੇਟ ਟਰੇਨ ਦਾ ਸੁਪਨਾ ਦਿਖਾ ਰਿਹਾ ਹੈ ਤੇ ਸਾਡੇ ਦੇਸ਼ ਦਾ ਰੇਲ ਬਜਟ ਲੱਖਾਂ-ਕਰੋੜਾਂ ਰੁਪਏ ਦਾ ਹੈ। ਉਥੇ ਹੀ ਦੂਸਰੇ ਪਾਸੇ ਰੇਲ ਦੀ ਗੱਲ ਕਰੀਏ ਤਾਂ ਇਸ ਦੇਸ਼ 'ਚ ਸ਼ਕੁੰਲਤਾ ਐਕਸਪ੍ਰੈੱਸ ਵਰਗੀਆਂ ਟਰੇਨਾਂ ਚੱਲ ਰਹੀਆਂ ਹਨ। ਸ਼ਕੁੰਲਤਾ ਐਕਸਪ੍ਰੈੱਸ ਅਜਿਹੀ ਰੇਲ ਲਾਈਨ 'ਤੇ ਚੱਲਦੀ ਹੈ, ਜਿਸਦਾ ਮਾਲਕਾਨਾ ਹੱਕ ਭਾਰਤੀ ਰੇਲਵੇ ਕੋਲ ਵੀ ਨਹੀਂ ਹੈ। ਬ੍ਰਿਟੇਨ ਦੀ ਇਕ ਨਿਜੀ ਕੰਪਨੀ ਇਸ ਨੂੰ ਚਲਾਉਂਦੀ ਹੈ। ਨੈਰੋਗੇਜ (ਛੋਟੀ ਲਾਈਨ) ਦੇ ਇਸ ਟਰੈਕ ਦੀ ਵਰਤੋਂ ਕਰਨ ਵਾਲੀ ਇੰਡੀਅਨ ਰੇਲਵੇ ਹਰ ਸਾਲ 1 ਕਰੋੜ 20 ਲੱਖ ਦੀ ਰਾਇਲਟੀ ਬ੍ਰਿਟੇਨ ਦੀ ਇਸ ਕੰਪਨੀ ਨੂੰ ਦਿੰਦੀ ਹੈ। ਇਸ ਟਰੈਕ 'ਤੇ ਅੱਜ ਵੀ ਸ਼ਕੁੰਲਤਾ ਐਕਸਪ੍ਰੈੱਸ ਦੇ ਨਾਂ ਨਾਲ ਸਿਰਫ ਇਕ ਪੈਸੰਜਰ ਟਰੇਨ ਚੱਲਦੀ ਹੈ। ਅਮਰਾਵਤੀ ਤੋਂ ਮੁਰਤਜਾਪੁਰ ਦੇ 189 ਕਿਲੋਮੀਟਰ ਦੇ ਇਸ ਸਫਰ ਨੂੰ ਇਹ 6 ਤੋਂ 7 ਘੰਟਿਆਂ 'ਚ ਪੂਰਾ ਕਰਦੀ ਹੈ। ਆਪਣੇ ਇਸ ਸਫਰ 'ਚ ਸ਼ਕੁੰਤਲਾ ਐਕਸਪ੍ਰੈੱਸ ਅਚਲਪੁਰ, ਯਵਤਮਾਨ ਸਮੇਤ 17 ਛੋਟੇ-ਵੱਡੇ ਸਟੇਸ਼ਨਾਂ 'ਤੇ ਰੁਕਦੀ ਹੈ। 100 ਸਾਲ ਪੁਰਾਣੀ 5 ਡੱਬਿਆਂ ਦੀ ਇਸ ਟਰੇਨ ਨੂੰ 70 ਸਾਲ ਤਕ ਸਟੀਮ ਦਾ ਇੰਜਣ ਖਿੱਚਦਾ ਸੀ। ਇਸ ਨੂੰ 1921 'ਚ ਬਿਟ੍ਰੇਨ ਦੇ ਮਾਨਚੈਸਟਰ 'ਚ ਬਣਾਇਆ ਗਿਆ ਸੀ। 15 ਅਪ੍ਰੈਲ 1994 ਨੂੰ ਸ਼ਕੁੰਤਲਾ ਐਕਸਪ੍ਰੈੱਸ ਦੇ ਸਟੀਮ ਇੰਜਣ ਨੂੰ ਡੀਜ਼ਲ ਇੰਜਣ 'ਚ ਰਿਪਲੇਸ ਕਰ ਦਿੱਤਾ ਗਿਆ ਹੈ। ਇਸ ਰੇਲ ਰੂਟ 'ਤੇ ਲੱਗੇ ਸਿਗਨਲ ਅੱਜ ਵੀ ਬ੍ਰਿਟਿਸ਼ ਸਮੇਂ ਦੇ ਹਨ। ਇਨ੍ਹਾਂ ਦਾ ਨਿਰਮਾਣ ਇੰਗਲੈਂਡ ਦੇ ਲਿਵਰਪੂਲ 'ਚ 1895 'ਚ ਹੋਇਆ ਸੀ। 7 ਕੋਚਾਂ ਵਾਲੀ ਇਸ ਟ੍ਰੇਨ 'ਚ ਹਰ ਰੋਜ਼ ਇਕ ਹਜ਼ਾਰ ਤੋਂ ਜ਼ਿਆਦਾ ਲੋਕ ਯਾਤਰਾ ਕਰਦੇ ਹਨ।  1903 'ਚ ਬ੍ਰਿਟਸ਼ ਕੰਪਨੀ ਕਲਿਕ ਨਿਕਸਨ ਵਲੋਂ ਟਰੈਕ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜੋ ਕਿ  1916 'ਚ ਜਾ ਕੇ ਪੂਰਾ ਹੋਇਆ।  1857 'ਚ ਸਥਾਪਿਤ ਹੋਈ ਇਸ ਕੰਪਨੀ ਨੂੰ ਪ੍ਰੋਵਿਨਸ ਰੇਲਵੇ ਕੰਪਨੀ ਨਾਲ ਜਾਣਿਆ ਜਾਂਦਾ ਹੈ। ਬ੍ਰਿਟਸ਼ ਸਮੇਂ 'ਚ ਪ੍ਰਾਈਵੇਟ ਫਰਮ ਹੀ ਰੇਲ ਨੈੱਟਵਰਕ ਨੂੰ ਫੈਲਾਉਣ ਦਾ ਕੰਮ ਕਰਦੀ ਸੀ। 1951 'ਚ ਭਾਰਤੀ ਰੇਲ ਦਾ ਰਾਸ਼ਟਰੀਕਰਨ ਕੀਤਾ ਗਿਆ। ਸਿਰਫ ਇਹੀ ਰੂਟ ਭਾਰਤ ਸਰਕਾਰ ਦੇ ਅਧੀਨ ਨਹੀਂ ਸੀ। 
ਇਸ ਰੂਟ ਦੇ ਬਦਲੇ ਭਾਰਤ ਸਰਕਾਰ ਹਰ ਸਾਲ ਕੰਪਨੀ ਨੂੰ 1 ਕਰੋੜ 20 ਲੱਖ ਰੁਪਏ ਦੀ ਰਾਇਲਟੀ ਦਿੰਦੀ ਹੈ। 
ਖਸਤਾਹਾਲ ਹਨ ਟਰੈਕ
ਕਿਉਂਕਿ ਇਹ ਅੱਜ ਵੀ ਭਾਰਤੀ ਰੇਲਵੇ ਦੇ ਅਧੀਨ ਨਹੀਂ ਹੈ, ਇਸ ਲਈ ਕਿਸੇ ਵੀ ਬਜਟ 'ਚ ਇਸ ਰੇਲ ਲਾਈਨ ਜਾਂ ਇਸ 'ਤੇ ਚੱਲਣ ਵਾਲੀ ਟਰੇਨ ਬਾਰੇ ਸੋਚਿਆ ਨਹੀਂ ਜਾਂਦਾ ਹੈ ਤੇ ਨਾ ਹੀ ਅੱਜ ਤਕ ਕਿਸੇ ਸਰਕਾਰ ਨੇ ਇਸ ਨੂੰ ਭਾਰਤੀ ਰੇਲ ਦੇ ਅਧੀਨ ਕਰਵਾਉਣ ਦੀ ਯੋਜਨਾ ਤਿਆਰ ਕੀਤੀ ਹੈ। ਇਹੀ ਕਾਰਨ ਹੈ ਕਿ ਹਰ ਸਾਲ ਪੈਸਾ ਦੇਣ ਦੇ ਬਾਵਜੂਦ ਵੀ ਇਹ ਟਰੈਕ ਖਸਤਾਹਾਲ ਹੋ ਚੁੱਕਾ ਹੈ। ਪਿਛਲੇ ਤਕਰੀਬਨ 60 ਸਾਲ ਤੋਂ ਇਸ ਦੀ ਮੁਰੰਮਤ ਵੀ ਨਹੀਂ ਹੋਈ। ਇਸ 'ਤੇ ਚੱਲਣ ਵਾਲੇ ਜੇ. ਡੀ. ਐੱਮ. ਸੀਰੀਜ਼ ਦੇ ਡੀਜ਼ਲ ਲੋਕੋ ਇੰਜਣ ਦੀ ਜ਼ਿਆਦਾ ਗਤੀ 20 ਕਿਲੋਮੀਟਰ ਪ੍ਰਤੀ ਘੰਟਾ ਰੱਖੀ ਜਾਂਦੀ ਹੈ। ਇਸ ਸੈਂਟਰ ਰੇਲਵੇ 'ਚ 150 ਕਰਮਚਾਰੀ ਇਸ ਘਾਟੇ ਦੇ ਮਾਰਗ ਨੂੰ ਚਲਾਉਣ 'ਚ ਅੱਜ ਵੀ ਲੱਗੇ ਹਨ।
ਦੋ ਵਾਰ ਬੰਦ ਹੋਈ ਰੇਲ
ਇਸ ਟਰੈਕ 'ਤੇ ਚੱਲਣ ਵਾਲੀ ਸ਼ਕੁੰਲਤਾ ਐਕਸਪ੍ਰੈੱਸ ਨੂੰ ਪਹਿਲੀ ਵਾਰ 2014 'ਚ  ਬੰਦ ਕੀਤਾ ਗਿਆ ਸੀ ਪਰ ਸਥਾਨਕ ਲੋਕਾਂ ਦੀ ਮੰਗ ਤੇ ਸੰਸਦ ਮੈਂਬਰ ਆਨੰਦ ਰਾਓ ਦੇ ਦਬਾਅ 'ਚ ਸਰਕਾਰ ਨੂੰ ਫਿਰ ਇਸ ਨੂੰ ਸ਼ੁਰੂ ਕਰਨਾ ਪਿਆ। ਆਨੰਦ ਦਾ ਕਹਿਣਾ ਹੈ ਕਿ ਇਹ ਟਰੇਨ ਅਮਰਾਵਤੀ ਦੇ ਲੋਕਾਂ ਦੀ ਲਾਈਫ ਲਾਈਨ ਹੈ। ਜੇਕਰ ਇਹ ਬੰਦ ਹੋਈ ਤਾਂ ਗਰੀਬ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋਵੇਗੀ। ਆਨੰਦ ਨੇ ਇਸ ਨੈਰੋਗੇਜ ਨੂੰ ਬ੍ਰਾਡਗੇਜ 'ਚ ਤਬਦੀਲ ਕਰਨ ਦਾ ਪ੍ਰਸਤਾਵ ਵੀ ਰੇਲਵੇ ਬੋਰਡ ਨੂੰ ਭੇਜਿਆ ਹੈ। ਭਾਰਤ ਸਰਕਾਰ ਨੇ ਇਸ ਟ੍ਰੈਕ ਨੂੰ ਕਈ ਵਾਰ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਤਕਨੀਕੀ ਕਾਰਨਾਂ ਨਾਲ ਇਹ ਸੰਭਵ ਨਹੀਂ ਹੋ ਸਕਿਆ।