ਦੋ ਇਮਾਰਤਾਂ ਡਿੱਗਣ ਨਾਲ ਖੇਤਰ ’ਚ ਮਚੀ ਭਾਜੜ

07/19/2018 4:44:13 AM

ਲੁਧਿਆਣਾ(ਸਿਆਲ)-ਸ਼ਹਿਰ ਦੇ ਅੰਦਰੂਨੀ ਹਲਕੇ ਨਿੱਕਾ ਮੱਲ ਸਰਾਫ ਚੌਕ ਨੇਡ਼ੇ ਕੂਚਾ ਕ੍ਰਿਸ਼ਨ ਦਿਆਲ, ਸ਼ਿਵਾਲਾ ਰੋਡ ’ਤੇ ਅੱਜ ਅਚਾਨਕ ਦੋ ਪੁਰਾਣੀਆਂ ਇਮਾਰਤਾਂ ਦਾ ਹਿੱਸਾ ਬਰਸਾਤ ਦੀ ਮਾਰ ਨਾ ਝਲਦਿਆਂ ਡਿੱਗ ਗਿਆ, ਕਿਉਂਕਿ ਇਨ੍ਹਾਂ ਦੋਵਾਂ ਇਮਾਰਤਾਂ ’ਚ ਕੋਈ ਰਿਹਾਇਸ਼ ਨਹੀਂ ਸੀ। ਇਸ ਲਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਨ੍ਹਾਂ ਇਮਾਰਤਾਂ ਦੇ ਸਾਹਮਣੇ ਵਾਲੀ ਬਿਲਡਿੰਗ ਵਿਚ ਰਿਹਾਇਸ਼ ਹੈ। ਉਕਤ ਰਿਹਾਇਸ਼ ਵਿਚ ਰਹਿਣ ਵਾਲੇ ਲੋਕਾਂ ਦੇ ਤਿੰਨ ਦੋਪਹੀਆ ਵਾਹਨ ਮਲਬੇ ਦੇ ਢੇਰ ਵਿਚ ਦੱਬ ਗਏ। ਵਰਣਨਯੋਗ ਹੈ ਕਿ ਨਿੱਕਾ ਮੱਲ ਸਰਾਫ ਚੌਕ ਦੇ ਆਲੇ-ਦੁਆਲੇ ਵਧੇਰੇ ਕਰ ਕੇ ਇਮਾਰਤਾਂ ਪੁਰਾਣੀਆਂ   ਹਨ ਅਤੇ ਲਗਭਗ ਹਰ ਸਾਲ ਚੌਕ ਨੇਡ਼ੇ ਕੋਈ ਨਾ ਕੋਈ ਬਿਲਡਿੰਗ ਬਰਸਾਤ ਦੇ ਦਿਨਾਂ ’ਚ ਡਿੱਗ ਜਾਂਦੀ ਹੈ। ਇਸ ਨਾਲ ਕਈ ਬੰਦ ਪਈਆਂ ਪੁਰਾਣੀਆਂ ਇਮਾਰਤਾਂ ਦੇ ਡਿੱਗਣ ਦੀ ਸੰਭਾਵਨਾ ਨਾਲ ਹਲਕਾ ਨਿਵਾਸੀਆਂ ਦੇ ਸਾਹ ਅਟਕੇ ਰਹਿੰਦੇ ਹਨ। ਦੋ ਇਮਾਰਤਾਂ ਦਾ ਹਿੱਸਾ ਡਿਗਣ ਦੀ ਸੂਚਨਾ ਮਿਲਣ ’ਤੇ ਹਲਕਾ ਕੌਂਸਲਰ ਸ਼੍ਰੀ ਅਨਿਲ  ਨਗਰ ਨਿਗਮ ਅਧਿਕਾਰੀਆਂ ਨਾਲ ਮੌਕੇ ’ਤੇ ਪਹੁੰਚੇ।  ਨਿਗਮ ਅਧਿਕਾਰੀ ਨੇ ਦੱਸਿਆ ਕਿ ਇਮਾਰਤਾਂ ਦੇ ਮਾਲਕਾਂ ਨੂੰ ਕੁਝ ਸਮਾਂ ਪਹਿਲਾਂ ਨੋਟਿਸ ਵੀ ਭੇਜਿਆ ਗਿਆ ਸੀ ਪਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਇਮਾਰਤਾਂ ਦੇ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ਕਈ ਸਾਲਾਂ ਤੋਂ ਇਨ੍ਹਾਂ ਇਮਾਰਤਾਂ ’ਚ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਨਗਰ ਨਿਗਮ ਤੋਂ ਕੋਈ ਨੋਟਿਸ ਮਿਲਿਆ ਹੈ। ਮੌਕੇ ’ਤੇ ਪਹੁੰਚੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੰਦਰ ਮਲਹੋਤਰਾ ਨੇ ਕਿਹਾ ਕਿ ਮੌਸਮ ਵਿਭਾਗ ਦੀ ਸੂਚਨਾ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਭਾਰੀ ਬਰਸਾਤ ਦੀ ਸੰਭਾਵਨਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਖਸਤਾ ਹਾਲਤ ਬੰਦ ਪਈਆਂ ਬਿਲਡਿੰਗਾਂ ਬਾਰੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਕਿਸੇ ਅਣਹੋਣੀ ਘਟਨਾ  ਤੋਂ ਪਹਿਲਾਂ ਉੱਚਿਤ ਕਾਰਵਾਈ ਕੀਤੀ ਜਾ ਸਕੇ।  ਇਸ ਮੌਕੇ ਅਸ਼ੋਕ ਬਾਂਸਲ, ਦੀਪਕ ਮੰਡਲ, ਰੋਮੀ ਥਾਪਰ, ਹਨੀ ਜੈਨ, ਸੁਭਾਸ਼ ਸ਼ਰਮਾ, ਰਿੰਕੂ ਦੱਤ,  ਵਿਪਨ ਧੀਰ, ਰਾਕੇਸ਼ ਕਾਲਾ, ਅਰੁਣ ਸ਼ਾਹੀ ਆਦਿ ਹਲਕੇ ਦੇ ਲੋਕ ਮੌਜੂਦ ਸਨ।