ਬਿਲਡਿੰਗ ਇੰਸਪੈਕਟਰ ਨੂੰ ਬਾਜ਼ਾਰ ’ਚ ਸੋਸ਼ਲ ਮੀਡੀਆ ’ਤੇ ਲਾਈਵ ਹੋ ਸੁਣਾਈਆਂ ਖਰੀਆਂ-ਖਰੀਆਂ, ਪੈਸੇ ਮੰਗਣ ਦੇ ਲਗੇ ਦੋਸ਼

08/27/2021 10:13:51 AM

ਅੰਮ੍ਰਿਤਸਰ (ਰਮਨ) - ਨਗਰ ਨਿਗਮ ਦਾ ਐੱਮ. ਟੀ. ਪੀ. ਵਿਭਾਗ ਕਾਫ਼ੀ ਸੁਰਖ਼ੀਆਂ ’ਚ ਆ ਗਿਆ ਹੈ। ਵੀਰਵਾਰ ਨੂੰ ਬਿਲਡਿੰਗ ਇੰਸਪੈਕਟਰ ਪ੍ਰਤਾਪ ਸਿੰਘ ਆਪਣੇ ਸਾਥੀਆਂ ਸਮੇਤ ਸ਼ਕਤੀ ਨਗਰ ’ਚ ਕਿਸੇ ਨਿਰਮਾਣ ਅਧੀਨ ਇਮਾਰਤ ’ਤੇ ਪਹੁੰਚਿਆ ਅਤੇ ਉਸ ਦੇ ਦਸਤਾਵੇਜ਼ ਪੁੱਛਣ ਲੱਗ ਪਿਆ। ਇਸ ’ਚ ਉਸਾਰੀ ਕਰਵਾਉਣ ਵਾਲੇ ਵਿਅਕਤੀ ਨੇ ਸਮਾਜ ਸੇਵਕ ਵਿੱਕੀ ਦੱਤਾ ਨੂੰ ਉੱਥੇ ਸੱਦਿਆ। ਇਸ ਦੌਰਾਨ ਇੰਸਪੈਕਟਰ ਅਤੇ ਦੱਤਾ ’ਚ ਕਾਫ਼ੀ ਤੂੰ-ਤੂੰ, ਮੈਂ-ਮੈਂ, ਹੋਈ ਅਤੇ ਦੱਤਾ ਨੇ ਸੋਸ਼ਲ ਮੀਡੀਆ ’ਤੇ ਸਾਰਾ ਵਾਕਿਆ ਲਾਈਵ ਚਲਾ ਦਿੱਤਾ ਅਤੇ ਖਰੀਆਂ-ਖਰੀਆਂ ਸੁਣਾਈਆਂ। ਉਕਤ ਸਾਰਾ ਮਾਮਲਾ ਸ਼ਹਿਰ ਵਾਸੀਆਂ ਨੇ ਲਾਈਵ ਹੋ ਕੇ ਵੇਖਿਆ ਕਿ ਕਿਸ ਤਰ੍ਹਾਂ ਉਕਤ ਐੱਮ. ਟੀ. ਪੀ. ਵਿਭਾਗ ਦੇ ਅਧਿਕਾਰੀ ਪ੍ਰੇਸ਼ਾਨ ਕਰਦੇ ਹਨ।

ਸੋਸ਼ਲ ਮੀਡੀਆ ’ਤੇ ਲਾਈਵ ’ਤੇ ਚਲਦੇ ਦੱਤਾ ਨੇ ਦੋਸ਼ ਲਾਏ ਕਿ ਉਕਤ ਬਿਲਡਿੰਗ ਇੰਸਪੈਕਟਰ ਨੇ ਪੈਸੇ ਦੀ ਡਿਮਾਂਡ ਕੀਤੀ ਹੈ, ਉਹ ਗਰੀਬ ਆਦਮੀ ਇਨ੍ਹਾਂ ਨੂੰ ਕਿੱਥੋ ਪੈਸੇ ਲਿਆ ਕੇ ਦੇਵੇ। ਇਸ ਨੂੰ ਲੈ ਕੇ ਬਿਲਡਿੰਗ ਇੰਸਪੈਕਟਰ ਨੇ ਕਿਹਾ ਕਿ ਉਨ੍ਹਾਂ ਵਲੋਂ ਕੋਈ ਪੈਸੇ ਦੀ ਡਿਮਾਂਡ ਨਹੀਂ ਕੀਤੀ ਗਈ ਹੈ। ਉਸ ਨੇ ਕਿਹਾ ਕਿ ਉਹ ਆਪਣੇ ਇਲਾਕੇ ’ਚ ਸ਼ਿਕਾਇਤ ਨੂੰ ਲੈ ਕੇ ਨਿਕਲੇ ਸਨ ਅਤੇ ਇਸ ਬਿਲਡਿੰਗ ’ਤੇ ਵੇਖਿਆ ਕਿ ਉਸਾਰੀ ਕਾਰਜ ਚੱਲ ਰਿਹਾ ਹੈ ਜਿਸ ’ਤੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਨਕਸ਼ਾ ਪਾਸ ਹੈ। ਜੇਕਰ ਉਹ ਦੱਸ ਦਿੰਦੇ ਕਿ ਇਹ ਟਰੱਸਟ ਦੀ ਜਗ੍ਹਾ ਹੈ ਤਾਂ ਉਹ ਚਲੇ ਜਾਂਦੇ ਪਰ ਉਨ੍ਹਾਂ ਵਲੋਂ ਕੋਈ ਪੈਸੇ ਦੀ ਡਿਮਾਂਡ ਨਹੀਂ ਕੀਤੀ ਗਈ। ਇਸ ਦੌਰਾਨ ਲੋਕਾਂ ਦੀ ਕਾਫ਼ੀ ਭੀੜ ਇਕੱਠੀ ਹੋਈ ਅਤੇ ਜੰਮਕੇ ਤਮਾਸ਼ਾ ਵੇਖਣ ਨੂੰ ਮਿਲਿਆ। ਉਕਤ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਪਹੁੰਚ ਗਿਆ ਹੈ ।

ਬਿਲਡਿੰਗ ਇੰਸਪੈਕਟਰ ਕੋਲ ਲੰਬੇ ਸਮੇਂ ਤੋਂ ਸ਼ਿਕਾਇਤ ਪਈ ਹੈ ਪੈਂਡਿੰਗ
ਉਕਤ ਬਿਲਡਿੰਗ ਇੰਸਪੈਕਟਰ ਕੋਲ ਕਾਫ਼ੀ ਲੰਬੇ ਸਮੇਂ ਤੋਂ ਇਕ ਸ਼ਿਕਾਇਤ ਪੈਂਡਿੰਗ ਪਈ ਹੋਈ ਹੈ ਅਤੇ ਉਸ ਨੂੰ ਲੈ ਕੇ ਏ. ਟੀ. ਪੀ. ਨੇ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ ਹਨ। ਇਸ ਨੂੰ ਲੈ ਕੇ ਕੌਂਸਲਰ ਵੀ ਕਈ ਵਾਰ ਕਾਰਵਾਈ ਲਈ ਕਹਿ ਚੁੱਕੇ ਹਨ ਪਰ ਉੱਥੇ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ।

rajwinder kaur

This news is Content Editor rajwinder kaur