ਬੁਢਲਾਡਾ ''ਚ ਤੇਜ਼ ਮੀਂਹ-ਹਨੇਰੀ ਕਾਰਨ ਡਿੱਗੀਆਂ ਕਈ ਮਕਾਨਾਂ ਦੀਆਂ ਛੱਤਾਂ

07/02/2019 7:57:56 PM

ਬੁਢਲਾਡਾ,(ਬਾਂਸਲ): ਸ਼ਹਿਰ ਦੇ ਆਸ-ਪਾਸ ਇਲਾਕਿਆਂ 'ਚ ਬੀਤੀ ਦੇਰ ਤੋਂ ਰਾਤ ਹੋਈ ਭਰਵੀ ਬਾਰਿਸ਼ ਤੇ ਹਨੇਰੀ ਨਾਲ ਕਈ ਮਕਾਨਾਂ ਦੀਆਂ ਛੱਤਾਂ ਡਿੱਗ ਗਈਆਂ, ਅਨੇਕਾਂ ਖੜੇ ਦਰਖਤ ਡਿੱਗ ਗਏੇ। ਜਿਸ ਕਾਰਨ ਬਿਜਲੀ ਸੇਵਾ ਘੰਟਿਆਂ ਬੱਧੀ ਪ੍ਰਭਾਵਿਤ ਰਹੀ। ਹਨੇਰੀ-ਤੂਫਾਨ ਕਾਰਨ ਕਈ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਮਲਬੇ ਹੇਠਾਂ ਆਉਣ ਕਰਕੇ ਲੋਕਾਂ ਦਾ ਟਰੈਕਟਰ ਤੇ ਹੋਰ ਕੀਮਤੀ ਸਮਾਨ ਨੁਕਸਾਨਿਆ ਗਿਆ । ਪਿੰਡ ਬੱਛੋਆਣਾ ਦੇ ਅਕਾਲੀ ਆਗੂ ਨੰਬਰਦਾਰ ਬੂਟਾ ਸਿੰਘ ਨੇ ਦੱਸਿਆ ਕਿ ਪਿੰਡ ਦੇ ਕਿਸਾਨ ਅਮਰੀਕ ਸਿੰਘ, ਜਰਨੈਲ ਸਿੰਘ ਤੇ ਧਨ ਸਿੰਘ ਦੇ ਮਕਾਨਾਂ ਦੇ ਕਮਰਿਆਂ ਅੱਗੇ ਬਣੇ ਬਰਾਂਡੇਂ ਢਹਿ ਜਾਣ ਕਾਰਨ ਹੇਠਾਂ ਖੜਾ ਟਰੈਕਰ, ਮੋਟਰਸਾਇਕਲ ਤੇ ਹੋਰ ਖੇਤੀ ਸੰਦ ਬੁਰੀ ਤਰ੍ਹਾਂ ਨੁਕਸਾਨੇ ਗਏ।

ਇਸੇ ਤਰ੍ਹਾਂ ਆਈ. ਟੀ. ਆਈ. ਨਿਵਾਸੀ ਗਰੀਬ ਮਜ਼ਦੂਰ ਸੋਨੂੰ ਸਿੰਘ ਨੇ ਦੱਸਿਆ ਕਿ ਉਸ ਦੇ ਮਕਾਨ ਦੀ ਛੱਤ ਡਿੱਗ ਗਈ। ਮੀਂਹ ਤੇ ਝੱਖੜ ਆਉਣ ਮੌਕੇ ਉਨ੍ਹਾਂ ਦੀ ਖੁਸ਼ਕਿਸਮਤੀ ਰਹੀ ਕਿ ਉਹ, ਉਸ ਦੀ ਪਤਨੀ ਤੇ ਉਸਦੇ ਤਿੰਨ ਬੱਚੇ ਨਾਲ ਲਗਦੇ ਕਮਰੇ 'ਚ ਸੁੱਤੇ ਪਏ ਸਨ, ਜਿਸ ਕਾਰਨ ਉਹ ਵਾਲ-ਵਾਲ ਬਚ ਗਏ। ਤੇਜ਼ ਹਨੇਰੀ ਤੇ ਤੂਫਾਨ ਨਾਲ ਜਿਥੇ ਵੱਡੀ ਗਿਣਤੀ 'ਚ ਦਰਖਤ ਤੇ ਬਿਜਲੀ ਦੇ ਅਨੇਕਾਂ ਖੰਬੇ ਡਿੱਗਣ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਉਥੇ ਹੀ ਸੜਕਾ ਕਿਨਾਰਿਓਂ ਖੜੇ ਦਰਖਤ ਜੜੋਂ ਪੁੱਟੇ ਗਏ। ਜਿਸ ਨਾਲ ਸਵੇਰ 9 ਵਜੇ ਤੱਕ ਸੜਕੀ ਆਵਾਜਾਈ ਮੁਕੰਮਲ ਠੱਪ ਰਹੀ। ਸ਼ਹਿਰ ਦੇ ਜਿਆਦਾਤਰ ਸਕੂਲਾਂ ਨੂੰ ਅੱਜ ਛੁੱਟੀ ਕਰਨੀ ਪਈ ਕਿਉਂਕਿ ਸੜਕਾਂ 'ਤੇ ਦਰਖਤ ਡਿੱਗਣ ਕਰਕੇ ਸਾਰੇ ਪਾਸਿਓਂ ਰਸਤੇ ਬੰਦ ਸਨ। ਪਿੰਡਾਂ 'ਚੋਂ ਵਿਦਿਆਰਥੀ ਲਿਆਉਣ ਲਈ ਸਕੂਲੀ ਵੈਨਾਂ ਨੂੰ ਪਿੰਡਾਂ 'ਚ ਜਾਣ ਲਈ ਕਿਸੇ ਪਾਸਿਓਂ ਵੀ ਰਸਤਾ ਨਹੀਂ ਸੀ ਬਚਿਆ।