ਲੁਧਿਆਣਾ ਦਾ ''ਬੁੱਢਾ ਨਾਲਾ'' ਮੁੜ ਆਪਣੀ ਅਸਲੀ ਸੂਰਤ ''ਚ, ਪਾਣੀ ਹੋਇਆ ਕਾਲਾ

05/21/2020 4:18:30 PM

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਤਬਾਹੀ ਮਚਾਉਣ ਵਾਲਾ ਬੁੱਢਾ ਨਾਲਾ ਇਕ ਵਾਰ ਮੁੜ ਤੋਂ ਆਪਣਾ ਵਿਕਰਾਲ ਰੂਪ ਧਾਰ ਗਿਆ ਹੈ। ਬੀਤੇ ਦਿਨੀਂ ਦੋ ਮਹੀਨੇ ਤੋਂ ਚੱਲ ਰਹੇ ਕਰਫਿਊ ਕਾਰਨ ਬੁੱਢੇ ਨਾਲੇ ਦੇ ਪਾਣੀ ਦਾ ਰੰਗ ਸਾਫ਼ ਹੋ ਗਿਆ ਸੀ ਪਰ ਪੰਜਾਬ 'ਚ ਮੁੜ ਤੋਂ ਕਰਫ਼ਿਊ ਖ਼ਤਮ ਹੋਣ ਕਾਰਨ ਫੈਕਟਰੀਆਂ, ਡਾਇੰਗ, ਡੇਅਰੀਆਂ ਆਦਿ ਸ਼ੁਰੂ ਹੋ ਗਈਆਂ ਹਨ, ਜਿਸ ਕਰਕੇ ਬੁੱਢੇ ਨਾਲੇ ਦਾ ਰੰਗ ਜੋ ਬੀਤੇ ਦਿਨੀਂ ਭੂਰਾ ਹੋ ਗਿਆ ਸੀ, ਉਹ ਮੁੜ ਤੋਂ ਕਾਲਾ ਹੋ ਗਿਆ ਹੈ ਅਤੇ ਪ੍ਰਦੂਸ਼ਣ ਦਾ ਇੱਕ ਵੱਡਾ ਸਰੋਤ ਬਣ ਗਿਆ ਹੈ।

'ਜਗਬਾਣੀ' ਦੀ ਟੀਮ ਵੱਲੋਂ ਜਦੋਂ ਬੁੱਢੇ ਨਾਲੇ ਦਾ ਦੌਰਾ ਕੀਤਾ ਗਿਆ ਤਾਂ ਇਲਾਕੇ ਦੇ ਆਰ. ਟੀ. ਆਈ. ਐਕਟੀਵਿਸਟ ਕੀਮਤੀ ਰਾਵਲ ਨੇ ਦੱਸਿਆ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਬੁੱਢੇ ਨਾਲੇ ਅਤੇ ਪ੍ਰਦੂਸ਼ਿਤ ਪਾਣੀ ਲਈ ਡਾਇੰਗਾਂ ਫੈਕਟਰੀਆਂ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੀ ਜ਼ਿੰਮੇਵਾਰ ਹੈ। ਕੀਮਤੀ ਰਾਵਲ ਨੇ ਦੱਸਿਆ ਕਿ ਬੁੱਢੇ ਨਾਲੇ 'ਤੇ ਸਿਆਸਤ ਤਾਂ ਹੋਈ ਹੈ ਪਰ ਇਸ ਦਾ ਪਾਣੀ ਸਾਫ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਲੋਕ ਬੀਮਾਰੀਆਂ ਤੋਂ ਪੀੜਤ ਹੋ ਰਹੇ ਹਨ। ਜਦੋਂ ਬੀਤੇ ਦਿਨੀਂ ਕਰਫ਼ਿਊ ਲੱਗਾ ਸੀ ਤਾਂ ਬੁੱਢੇ ਨਾਲੇ ਦੀ ਨੁਹਾਰ ਬਦਲਣ ਲੱਗੀ ਸੀ ਅਤੇ ਲੋਕਾਂ ਨੂੰ ਉਮੀਦ ਜਾਗੀ ਸੀ ਕਿ ਬੁੱਢਾ ਨਾਲ਼ਾ ਹੁਣ ਸਾਫ਼ ਹੋ ਜਾਵੇਗਾ ਪਰ ਕਰਫ਼ਿਊ ਖ਼ਤਮ ਹੁੰਦੇ ਸਾਰ ਹੀ ਸਾਰੀਆਂ ਫੈਕਟਰੀਆਂ ਡਾਇੰਗਾਂ ਆਦਿ ਚੱਲ ਪਈਆਂ ਅਤੇ ਬੁੱਢਾ ਨਾਲਾ ਮੁੜ ਤੋਂ ਆਪਣੀ ਅਸਲੀ ਸੂਰਤ 'ਚ ਆ ਗਿਆ ਹੈ।

Babita

This news is Content Editor Babita