ਬਰਸਾਤਾਂ ਤੋਂ ਪਹਿਲਾਂ ਹੀ ਬੁੱਢੇ ਨਾਲੇ ਦੀ ਹਾਲਤ ਖ਼ਸਤਾ, ਮਚ ਸਕਦੀ ਹੈ ਤਬਾਹੀ

06/13/2020 4:31:09 PM

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਹਰ ਸਾਲ ਬਰਸਾਤਂ ਦੇ ਦਿਨਾਂ 'ਚ ਬੁੱਢਾ ਨਾਲਾ ਕਹਿਰ ਵਰ੍ਹਾਉਂਦਾ ਹੈ। ਬੀਤੇ ਸਾਲ ਵੀ ਬੁੱਢੇ ਨਾਲੇ 'ਚ ਹੜ੍ਹ ਆਉਣ ਕਾਰਨ ਇਹ ਓਵਰਫਲੋ ਹੋ ਗਿਆ ਸੀ ਅਤੇ ਗੰਦੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਪਹੁੰਚ ਗਿਆ ਸੀ। ਇਸ ਸਮੇਂ ਭਾਰਤ 'ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਪੰਜਾਬ 'ਚ ਵੀ ਬਰਸਾਤਾਂ ਸ਼ੁਰੂ ਹੋਣ ਵਾਲੀਆਂ ਹਨ ਪਰ ਵੱਡੇ-ਵੱਡੇ ਦਾਅਵੇ ਕਰਨ ਵਾਲਾ ਲੁਧਿਆਣਾ ਦਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਸ਼ਾਇਦ ਬੁੱਢੇ ਨਾਲੇ ਦੀ ਹਾਲਤ ਤੋਂ ਅਣਜਾਣ ਹੈ ਅਤੇ ਜੇਕਰ ਇੰਝ ਹੀ ਰਿਹਾ ਤਾਂ ਪਿਛਲੇ ਸਾਲ ਦੀ ਤਰ੍ਹਾਂ ਹੀ ਸ਼ਹਿਰ 'ਚ ਇਸ ਸਾਲ ਵੀ ਪਾਣੀ ਕਾਰਨ ਤਬਾਹੀ ਮਚ ਸਕਦੀ ਹੈ।

ਸਾਡੀ ਟੀਮ ਵੱਲੋਂ ਜਦੋਂ ਬੁੱਢੇ ਦਰਿਆ ਦਾ ਜਾਇਜ਼ਾ ਲਿਆ ਗਿਆ ਤਾਂ ਉੱਥੇ ਵੱਡੀ ਗਿਣਤੀ 'ਚ ਬੂਟੀ ਜੰਮੀ ਹੋਈ ਸੀ ਅਤੇ ਪੂਰਾ ਬੁੱਢਾ ਨਾਲਾ ਬਲਾਕ ਸੀ। ਅਜਿਹੇ 'ਚ ਜੇਕਰ ਬਹੁਤ ਜ਼ਿਆਦਾ ਮੀਂਹ ਪਿਆ ਤਾਂ ਹਾਲਾਤ ਬਦ ਤੋਂ ਬਦਤਰ ਬਣਦਿਆਂ ਦੇਰ ਨਹੀਂ ਲੱਗੇਗੀ। ਇਸ ਸਬੰਧੀ ਸਮਾਜ ਸੇਵੀ ਪ੍ਰਵੀਨ ਡੰਗ ਨਾਲ ਬੁੱਢੇ ਨਾਲੇ 'ਤੇ ਲਿਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਅਫ਼ਸਰਸ਼ਾਹੀ ਦੀ ਮਿਲੀ-ਭੁਗਤ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਨਗਰ ਨਿਗਮ ਇਸ ਨੂੰ ਸਾਫ ਕਰਨਾ ਚਾਹੁੰਦੀ ਹੈ ਅਤੇ ਨਾ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ। ਉਨ੍ਹਾਂ ਕਿਹਾ ਕਿ ਹਰ ਸਾਲ ਬਰਸਾਤਾਂ 'ਚ ਬੁੱਢਾ ਨਾਲਾ ਓਵਰਫਲੋਅ ਮਾਰਦਾ ਹੈ ਪਰ ਹਾਲੇ ਤੱਕ ਪ੍ਰਸ਼ਾਸਨ ਨੇ ਇੰਤਜ਼ਾਮ ਨਹੀਂ ਕੀਤੇ।

ਉਨ੍ਹਾਂ ਨੇ ਕਿਹਾ ਕਿ ਜੇਕਰ ਬੁੱਢੇ ਨਾਲੇ ਨਾਲ ਬੇਕਾਰ ਹੋਣ ਵਾਲੇ ਲੋਕਾਂ ਨੂੰ ਲੁਧਿਆਣਾ ਦੇ ਨਗਰ ਨਿਗਮ ਕਮਿਸ਼ਨਰ ਮੇਅਰ ਦੇ ਘਰ ਰਖਵਾਇਆ ਜਾਵੇ ਤਾਂ ਹੀ ਇਨ੍ਹਾਂ ਨੂੰ ਸ਼ਾਇਦ ਉਹ ਸਮਝਣਗੇ। ਉਨ੍ਹਾਂ ਡਾਇੰਗਾਂ ਅਤੇ ਫੈਕਟਰੀਆਂ ਦੇ ਕੈਮੀਕਲ ਯੁਕਤ ਪਾਣੀ ਸਿੱਧਾ ਬੁੱਢੇ ਨਾਲੇ 'ਚ ਸੁੱਟਣ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਜੇਕਰ ਸਰਕਾਰ ਅਤੇ ਅਫ਼ਸਰਾਂ ਦੀ ਮਨਸ਼ਾ ਸਾਫ ਹੋਵੇ ਤਾਂ ਇਸ ਨੂੰ ਸਾਫ ਕਰਨ 'ਚ ਦੇਰ ਨਾ ਲੱਗੇ ਪਰ ਇਸ ਨਾਲ ਅਫਸਰਾਂ ਅਤੇ ਮੰਤਰੀਆਂ ਦੇ ਘਰ ਚੱਲਦੇ ਹਨ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਨੂੰ ਲੈ ਕੇ ਇਕ ਬੋਰਡ ਦਾ ਗਠਨ ਹੋਣਾ ਚਾਹੀਦਾ ਹੈ ਅਤੇ ਇਕੋ ਹੀ ਅਫ਼ਸਰ 'ਤੇ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ, ਜੋ ਕਿ ਜਵਾਬਦੇਹ ਹੋ ਸਕੇ ਤਾਂ ਹੀ ਇਸ ਦਾ ਕੋਈ ਹੱਲ ਨਿਕਲ ਸਕਦਾ ਹੈ। 
 


Babita

Content Editor

Related News