'ਬੁੱਢੇ ਨਾਲੇ' ਦੀ ਸਮੱਸਿਆ ਤੋਂ ਦੁਖੀ ਲੋਕਾਂ ਨੂੰ ਨਹੀਂ ਉਮੀਦਵਾਰਾਂ 'ਤੇ ਭਰੋਸਾ

10/11/2019 3:20:19 PM

ਲੁਧਿਆਣਾ : ਪਿਛਲੇ ਕੁਝ ਦਹਾਕਿਆਂ ਤੋਂ ਕਈ ਵਾਰ ਚੋਣਾਂ 'ਚ ਮੁੱਦਾ ਬਣਨ ਦੇ ਬਾਵਜੂਦ ਅੱਜ ਵੀ ਬੁੱਢਾ ਨਾਲਾ ਸਤਲੁਜ ਦੇ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ ਅਤੇ ਹੁਣ ਤੱਕ ਦੀਆਂ ਸਰਕਾਰਾਂ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ 'ਚ ਅਸਫਲ ਸਿੱਧ ਹੋਈਆਂ ਹਨ। ਬੁੱਢਾ ਨਾਲਾ ਧਰਤੀ ਵਿਚਲੇ ਪਾਣੀ ਨੂੰ ਪੂਰੀ ਤਰ੍ਹਾਂ ਦੂਸ਼ਿਤ ਕਰ ਰਿਹਾ ਹੈ। ਬੁੱਢੇ ਨਾਲੇ ਦਾ ਪ੍ਰਦੂਸ਼ਿਤ ਪਾਣੀ ਦਾਖਾ ਦੇ ਵਲੀਪੁਰ ਖੁਰਦ ਪਿੰਡ ਨੇੜੇ ਸਤਲੁਜ ਦਰਿਆ 'ਚ ਵਹਿ ਜਾਂਦਾ ਹੈ, ਜਿਸ ਨਾਲ ਨਾ ਸਿਰਫ ਲੁਧਿਆਣਾ, ਸਗੋਂ ਰਾਜਸਥਾਨ ਦੇ ਕਈ ਇਲਾਕਿਆਂ 'ਚ ਰਹਿੰਦੇ ਲੋਕਾਂ ਨੂੰ ਵੀ ਸਿਹਤ ਸਬੰਧੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਹੁਣ 21 ਅਕਤੂਬਰ ਨੂੰ ਦਾਖਾ 'ਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਜਿਸ ਕਾਰਨ ਚੋਣ ਤੋਂ ਪਹਿਲਾਂ ਕੁਝ ਉਮੀਦਵਾਰਾਂ ਨੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦੇ ਹੋਏ ਇਲਾਕਾ ਵਾਸੀਆਂ ਨੂੰ ਇਸ ਸਮੱਸਿਆ ਦੇ ਛੇਤੀ ਨਿਪਟਾਰੇ ਦਾ ਭਰੋਸਾ ਦਿੱਤਾ ਹੈ, ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਵਾਅਦੇ ਪਹਿਲਾਂ ਵੀ ਕੀਤੇ ਗਏ ਸਨ ਪਰ ਜ਼ਮੀਨੀ ਤੌਰ 'ਤੇ ਅੱਜ ਤੱਕ ਕੁਝ ਨਹੀਂ ਕੀਤਾ ਗਿਆ। ਬੁੱਢਾ ਨਾਲਾ ਇੰਨਾ ਕੁ ਜ਼ਿਆਦਾ ਪ੍ਰਦੂਸ਼ਿਤ ਹੈ ਕਿ ਇਸ ਦੇ ਕਿਨਾਰਿਆਂ ਨੇੜੇ ਖੜ੍ਹਾ ਹੋਣਾ ਮੁਸ਼ਕਲ ਹੈ ਕਿਉਂਕਿ ਨਾਲੇ 'ਚੋਂ ਬਹੁਤ ਗੰਦੀ ਬਦਬੂ ਆਉਂਦੀ ਹੈ।

ਪਿੰਡ ਵਾਸੀ ਹਰਚਰਨ ਸਿੰਘ ਨੇ ਦੱਸਿਆ ਕਿ ਬੁੱਢੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਨੇ ਹੁਣ ਤੱਕ ਬਹੁਤ ਸਾਰੇ ਜਾਨਵਰਾਂ, ਮੱਛੀਆਂ ਅਤੇ ਪੰਛੀਆਂ ਨੂੰ ਮਾਰ ਦਿੱਤਾ ਹੈ। ਬੁੱਢੇ ਨਾਲੇ ਅਤੇ ਸਤਲੁਜ ਦਰਿਆ ਨੇੜੇ ਵੱਸਦੇ ਪਿੰਡਾਂ ਦੇ ਵਸਨੀਕ ਲੰਬੇ ਸਮੇਂ ਤੋਂ ਇਸ ਪਰੇਸ਼ਾਨੀ ਨੂੰ ਝੱਲ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਸਤਲੁਜ 'ਚ ਜਾਣ ਤੋਂ ਪਹਿਲਾਂ ਨਾਲੇ ਦੇ ਪਾਣੀ ਨੂੰ ਸਾਫ ਕੀਤਾ ਜਾਵੇ। ਜਦੋਂ ਇਸ ਬਾਰੇ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਉਨ੍ਹਾਂ ਨੇ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਬੁੱਢੇ ਨਾਲੇ ਦਾ ਦੌਰਾ ਕਰਨ ਦੀ ਅਪੀਲ ਕੀਤੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਆਉਣ ਵਾਲੇ 3 ਸਾਲਾਂ 'ਚ ਬੁੱਢੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਦਾ ਹੱਲ ਕੱਢ ਲਿਆ ਜਾਵੇਗਾ।


Babita

Content Editor

Related News