ਦਲਿਤ ਨੌਜਵਾਨ ਦੀ ਹੱਤਿਆ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਬਸਪਾ ਨੇ ਘੇਰਿਆ ਆਈ. ਜੀ. ਦਫਤਰ (ਵੀਡੀਓ)

10/22/2016 12:23:33 PM

ਜਲੰਧਰ (ਮਹੇਸ਼)- ਬਹੁਜਨ ਸਮਾਜ ਪਾਰਟੀ ਵਲੋਂ 21 ਅਕਤੂਬਰ ਨੂੰ ਆਈ. ਜੀ. ਜਲੰਧਰ ਰੇਂਜ ਦੇ ਦਫਤਰ ਦੇ ਬਾਹਰ ਕੁਲਵਿੰਦਰ ਝੱਲੀ ਦੇ ਕਾਤਲਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ। ਬਸਪਾ ਦੇ ਸੂਬਾ ਜਨਰਲ ਸਕੱਤਰ ਤੇ ਇੰਚਾਰਜ ਜਲੰਧਰ ਜ਼ੋਨ ਬਲਵਿੰਦਰ ਕੁਮਾਰ ਦੀ ਅਗਵਾਈ ਵਿਚ ਦਿੱਤੇ ਇਸ ਧਰਨੇ ਵਿਚ ਬਸਪਾ ਆਗੂਆਂ ਤੇ ਵਰਕਰਾਂ ਨੇ ਅਕਾਲੀ-ਭਾਜਪਾ ਸਰਕਾਰ, ਐੱਸ. ਐੈੱਸ. ਪੀ. ਜਲੰਧਰ ਦਿਹਾਤੀ ਹਰਮੋਹਨ ਸਿੰਘ ਸੰਧੂ ਤੇ ਐੱਸ. ਐੱਚ. ਓ. ਮਕਸੂਦਾਂ ਸੁਖਪਾਲ ਸਿੰਘ ਰੰਧਾਵਾ ਦੇ ਖਿਲਾਫ ਨਾਅਰੇਬਾਜ਼ੀ ਕੀਤੀ। 

ਧਰਨੇ ਨੂੰ ਸੰਬੋਧਨ ਕਰਦਿਆਂ ਬਸਪਾ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਤੇ ਮਾਸਟਰ ਰਾਮ ਲੁਭਾਇਆ, ਮੰਡਲ ਕੋਆਰਡੀਨੇਟਰ ਸੇਵਾ ਸਿੰਘ ਰੱਤੂ, ਸੁਖਵਿੰਦਰ ਕੋਟਲੀ ਸੀਨੀ. ਆਗੂ ਬਸਪਾ, ਹਲਕਾ ਆਦਮਪੁਰ ਪ੍ਰਧਾਨ ਮਦਨ ਮੱਦੀ ਨੇ ਕਿਹਾ ਕਿ ਕੁਲਵਿੰਦਰ ਝੱਲੀ ਦੇ ਕਤਲ ਹੋਏ ਨੂੰ ਦੋ ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਪਰ ਪੁਲਸ ਨੇ ਇਸ ਮਾਮਲੇ ਵਿਚ ਅਜੇ ਤਕ ਸਿਰਫ ਦੋ ਹੀ ਦੋਸ਼ੀ ਗ੍ਰਿਫ਼ਤਾਰ ਕੀਤੇ ਹਨ, ਜਦਕਿ ਬਾਕੀ ਦੇ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਦੂਰ ਹਨ।
ਬਸਪਾ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿਚ ਐੱਸ. ਐੱਸ. ਪੀ. ਜਲੰਧਰ ਦਿਹਾਤੀ ਹਰਮੋਹਨ ਸਿੰਘ ਸੰਧੂ ਅਤੇ ਐੱਸ. ਐੱਚ. ਓ. ਮਕਸੂਦਾਂ ਸੁਖਪਾਲ ਸਿੰੰਘ ਰੰਧਾਵਾ ਦੀ ਕਾਰਗੁਜ਼ਾਰੀ ਬੇਹੱਦ ਨਿਰਾਸ਼ਾਜਨਕ ਰਹੀ ਹੈ ਤੇ ਕਤਲ ਵਰਗੇ ਸੰਗੀਨ ਮਾਮਲੇ ਵਿਚ ਵੀ ਇਹ ਪੁਲਸ ਅਧਿਕਾਰੀ ਢਿੱਲ-ਮੱਠ ਕਰ ਕੇ ਦੋਸ਼ੀਆਂ ਨੂੰ ਇਕ ਤਰ੍ਹਾਂ ਨਾਲ ਬਚਾਉਣ ਵਿਚ ਲੱਗੇ ਹੋਏ ਹਨ।  
ਉਨ੍ਹਾਂ ਕਿਹਾ ਕਿ ਐੱਸ. ਐੱਸ. ਪੀ. ਦਿਹਾਤੀ ਹੁਣ ਛੁੱਟੀ ''ਤੇ ਹਨ ਪਰ ਇਸ ਤੋਂ ਪਹਿਲਾਂ ਵੀ ਨਾ ਤਾਂ ਉਹ ਰੈਗੂਲਰ ਪੀੜਤ ਲੋਕਾਂ ਨੂੰ ਮਿਲਦੇ ਸਨ ਤੇ ਨਾ ਹੀ ਫੋਨ ''ਤੇ ਉਨ੍ਹਾਂ ਨਾਲ ਗੱਲਬਾਤ ਕਰਨਾ ਸੰਭਵ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾ ਦੀ ਹੀ ਕਾਰਗੁਜ਼ਾਰੀ ਤਕਰੀਬਨ ਹੇਠਲੇ ਪੱਧਰ ''ਤੇ ਹੈ। ਦਿਹਾਤੀ ਪੁਲਸ ਦੀ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਵਿਚ ਰੋਹ ਦੀ ਭਾਵਨਾ ਪੈਦਾ ਹੋ ਰਹੀ ਹੈ। 
ਆਈ. ਜੀ. ਦਫਤਰ ਵਿਚ ਜਲੰਧਰ ਦਿਹਾਤੀ ਤੇ ਐੱਸ. ਪੀ. (ਹੈੱਡਕੁਆਰਟਰ) ਕੁਲਵੰਤ ਸਿੰਘ ਹੀਰ ਬਸਪਾ ਆਗੂਆਂ ਨਾਲ ਗੱਲਬਾਤ ਕਰਨ ਪਹੁੰਚੇ ਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਬਸਪਾ ਆਗੂਆਂ ਵਲੋਂ ਧਿਆਨ ਵਿਚ ਲਿਆਂਦੇ ਅੱਤਿਆਚਾਰਾਂ ਨਾਲ ਸੰਬੰਧਤ ਕੇਸਾਂ ਨੂੰ ਉਹ ਆਪ ਦੇਖਣਗੇ ਤੇ ਜਲਦ ਕਾਰਵਾਈ ਕਰਨਗੇ। 
ਬਸਪਾ ਆਗੂਆਂ ਨੇ ਉਨ੍ਹਾਂ ਦੇ ਧਿਆਨ ਵਿਚ ਫਿਲੌਰ ਦੇ ਪਿੰਡ ਕੁਤਬੇਵਾਲ ਦੇ ਨਵੇਂ ਬਣੇ ਸਰਪੰਚ ''ਤੇ ਨਾਜਾਇਜ਼ ਪਰਚਾ, ਨਕੋਦਰ ਦੇ ਪਿੰਡ ਸ਼ਕਰਪੁਰ ਵਿਚ ਜਬਰ-ਜ਼ਨਾਹ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ, ਨਕੋਦਰ ਦੇ ਮਹੇਮਾ ਪਿੰਡ ਦਾ ਕੇਸ, ਸੰਘਵਾਲ ਪਿੰਡ ਵਿਚ ਐਕਸੀਡੈਂਟ ਦੇ ਨਾਲ ਸੰਬੰਧਤ ਕੇਸ ਉਨ੍ਹਾਂ ਦੇ ਨੋਟਿਸ ਵਿਚ ਲਿਆਂਦੇ। ਇਸ ਮੌਕੇ ''ਤੇ ਬਸਪਾ ਆਗੂਆਂ ਨੇ ਕਿਹਾ ਕਿ ਜੇਕਰ ਪੁਲਸ ਨੇ ਇਨ੍ਹਾਂ ਮਾਮਲਿਆਂ ਵਿਚ ਇਨਸਾਫ ਨਹੀਂ ਦਿੱਤਾ ਤਾਂ ਲੜੀਵਾਰ ਪ੍ਰਦਰਸ਼ਨ ਕੀਤੇ ਜਾਣਗੇ।