ਲੋਕਾਂ ਨੂੰ ਹੈਲੋ-ਹੈਲੋ ਕਰਵਾਉਣ ਵਾਲੇ ਆਪ 18 ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸੇ

06/03/2020 5:04:27 PM

ਗੜ੍ਹਦੀਵਾਲਾ (ਜਤਿੰਦਰ) : ਅੱਜ ਬੀ. ਐੱਸ. ਐੱਨ. ਐੱਲ. ਟੈਲੀਫੋਨ ਐਕਸਚੇਂਜ ਗੜ੍ਹਦੀਵਾਲਾ ਵਿਖੇ ਦਸੂਹਾ, ਟਾਂਡਾ ਅਤੇ ਗੜ੍ਹਦੀਵਾਲਾ ਦੀਆਂ ਵੱਖ-ਵੱਖ ਬ੍ਰਾਂਚਾਂ ਵਿਚ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਸੁਰੱਖਿਆ ਕਾਮੇ ਅਤੇ ਲਾਈਨਮੈਨਾਂ ਵਲੋਂ ਪਿਛਲੇ 18 ਮਹੀਨਿਆਂ ਤੋ ਤਨਖਾਹਾਂ ਨਾ ਮਿਲਣ ਦੇ ਵਿਰੋਧ ਵਿਚ ਪਵਨ ਕੁਮਾਰ ਦੀ ਅਗਵਾਈ ਹੇਠ ਪ੍ਰਦਸ਼ਨ ਕਰਦੇ ਹੋਏ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਵਨ ਕੁਮਾਰ ਨੇ ਕਿਹਾ ਕਿ ਬੀ. ਐੱਸ. ਐੱਨ. ਐੱਲ. ਐਕਸਚੇਂਜ ਗੜ੍ਹਦੀਵਾਲਾ ਸਮੇਤ ਵੱਖ-ਵੱਖ ਬ੍ਰਾਂਚਾਂ ਵਿਚ ਠੇਕੇਦਾਰੀ ਸਿਸਟਮ ਅਧੀਨ ਲਗਭਗ 25 ਸਕਿਓਰਿਟੀ ਗਾਰਡਾਂ ਅਤੇ ਲਾਈਨਮੈਨਾਂ ਨੂੰ 18 ਮਹੀਨੇ ਬੀਤ ਜਾਣ 'ਤੇ ਵੀ ਤਨਖਾਹਾਂ ਨਸੀਬ ਨਹੀਂ ਹੋਈਆਂ, ਜਿਸ ਕਾਰਨ ਉਨ੍ਹਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਹੁਣ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਚਲਣਾ ਵੀ ਮੁਸ਼ਕਿਲ ਹੋ ਗਿਆ ਹੈ। 

ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਕਈ ਵਾਰ ਮਹਿਕਮੇ ਦੇ ਉਚ ਅਧਿਕਾਰੀਆਂ ਨੂੰ ਇਸ ਪ੍ਰਤੀ ਜਾਣੂ ਕਰਵਾ ਚੁੱਕੇ ਹਨ ਪਰ ਕਿਸੇ ਦੇ ਵੀ ਸਿਰ 'ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਬੀ. ਐੱਸ. ਐੱਨ. ਐੱਲ. ਵਿਭਾਗ ਅੰਦਰ ਕੰਮ ਕਰਨ ਵਾਲੇ ਕਾਫੀ ਪੱਕੇ ਮੁਲਾਜ਼ਮ ਰਿਟਾਇਰਡ ਹੋ ਚੁੱਕੇ ਹਨ ਤੇ ਇਨ੍ਹਾਂ ਟੈਲੀਫੋਨ ਐਕਸਚੇਂਜਾਂ ਵਿਚ ਠੇਕੇ 'ਤੇ ਕੰਮ ਕਰ ਰਹੇ ਵਰਕਰ ਹੀ ਆਪਣਾ ਦਿਨ-ਰਾਤ ਇਕ ਕਰਕੇ ਲੋਕਾਂ ਨੂੰ ਹੈਲੋ-ਹੈਲੋ ਦੀ ਸਹੂਲਤ ਉਪਲੱਬਧ ਕਰਵਾ ਰਹੇ ਹਨ ਪਰ ਮਹਿਕਮੇ ਵਲੋਂ ਮੁਲਾਜ਼ਮਾਂ ਦੀ ਸਾਰ ਨਹੀਂ ਲਈ ਜਾ ਰਹੀ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਮਹਿਕਮੇ ਅੰਦਰ ਕੰਮ ਕਰਦੇ ਕਾਮਿਆਂ ਨੂੰ ਨਾ ਮਾਸਕ ਅਤੇ ਨਾ ਹੀ ਸੈਨੇਟਾਈਜ਼ਰ ਅਤੇ ਸਾਬਣ ਆਦਿ ਮੁਹੱਈਆ ਕਰਵਾਇਆ ਗਿਆ। ਪਰੰਤੂ ਉਹ ਫਿਰ ਵੀ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ। 

ਇਸ ਮੌਕੇ ਕਾਮਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਿਭਾਗ ਵਲੋਂ ਇਕ ਹਫਤੇ ਦੇ ਅੰਦਰ-ਅੰਦਰ ਉਨ੍ਹਾਂ ਦੀਆਂ ਤਨਖਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਸਮੂਹ ਕਾਮੇ ਠੇਕੇਦਾਰ ਅਤੇ ਸਬੰਧਤ ਵਿਭਾਗ ਖਿਲਾਫ਼ ਸੰਘਰਸ਼ ਦਾ ਬਿੱਗੁਲ ਵਜਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਜਸਵੀਰ ਸਿੰਘ, ਅਨੂੰ ਕੁਮਾਰ, ਸਤਪਾਲ ਸਿੰਘ, ਬੰਟੀ ਕੁਮਾਰ, ਬਲਵੀਰ ਸਿੰਘ, ਦਰਸ਼ਨ ਲਾਲ, ਬਲਵਿੰਦਰ ਸਿੰਘ, ਸਤਨਾਮ ਸਿੰਘ, ਗੁਰਦਿਆਲ, ਮੋਹਣ ਲਾਲ, ਕੁਲਦੀਪ ਸਿੰਘ, ਗੋਬਿੰਦ ਸਿੰਘ, ਰਾਕੇਸ਼ ਕੁਮਾਰ, ਤਰਲੋਕ ਸਿੰਘ, ਸੁਰਿੰਦਰ ਕੁਮਾਰ, ਕਮਲਜੀਤ ਸਿੰਘ ਆਦਿ ਸਮੇਤ ਅਨੇਕਾਂ ਕਾਮੇ ਹਾਜ਼ਰ ਸਨ।


Gurminder Singh

Content Editor

Related News