BSF ਨੂੰ ਮਿਲੀ ਵੱਡੀ ਕਾਮਯਾਬੀ, ਭਾਰਤ-ਪਾਕਿ ਸਰਹੱਦ ’ਤੇ ਫੜੀ 1 ਅਰਬ 33 ਕਰੋੜ ਦੀ ਹੈਰੋਇਨ

12/17/2021 10:11:58 PM

ਫਾਜ਼ਿਲਕਾ (ਨਾਗਪਾਲ, ਲੀਲਾਧਰ)-ਸਰਹੱਦ ਪਾਰੋਂ ਸ਼ੁੱਕਰਵਾਰ ਸਵੇਰੇ 4 ਵਜੇ ਪਾਕਿਸਤਾਨੀ ਸਮੱਗਲਰਾਂ ਨੇ ਧੁੰਦ ਦਾ ਫਾਇਦਾ ਚੁੱਕਦੇ ਹੋਏ ਭਾਰਤੀ ਇਲਾਕੇ ’ਚ ਵੱਡੀ ਮਾਤਰਾ ’ਚ ਹੈਰੋਇਨ ਭੇਜਣ ਦੀ ਕੋਸ਼ਿਸ਼ ਕੀਤੀ ਪਰ ਬੀ. ਐੱਸ. ਐੱਫ. ਨੇ ਸਮੱਗਲਰਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ 25 ਪੈਕੇਟ ਹੈਰੋਇਨ ਬਰਾਮਦ ਕੀਤੀ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਪੈਕੇਟਾਂ ’ਚ 26 ਕਿਲੋ 708 ਗ੍ਰਾਮ ਹੈਰੋਇਨ ਸੀ, ਜਿਸ ਦਾ ਅੰਤਰਰਾਸ਼ਟਰੀ ਬਾਜ਼ਾਰ ’ਚ ਮੁੱਲ ਤਕਰੀਬਨ 1 ਅਰਬ 33 ਕਰੋੜ ਰੁਪਏ ਹੈ। ਮੌਜਮ ਫਾਰਵਰਡ ਚੌਕੀ ’ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬੀ. ਐੱਸ. ਐੱਫ. ਦੇ ਡੀ. ਆਈ. ਜੀ. ਵੇਦ ਪ੍ਰਕਾਸ਼ ਬੜੋਲਾ ਨੇ ਦੱਸਿਆ ਕਿ ਬੀ. ਐੱਸ. ਐੱਫ. ਦੀ 66 ਬਟਾਲੀਅਨ ਦੇ ਜਵਾਨਾਂ ਨੇ ਪੈਟਰੋਲਿੰਗ ਦੌਰਾਨ ਫਾਜ਼ਿਲਕਾ ਸੈਕਟਰ ਦੀ ਬਾਰਡਰ ਆਬਜ਼ਰਵੇਸ਼ਨ ਪੋਸਟ ਮੌਜਮ ਫਾਰਵਰਡ ਦੇ ਇਲਾਕੇ ’ਚ ਕੰਡੇਦਾਰ ਤਾਰ ਤੋਂ ਪਾਰ ਕੁਝ ਸ਼ੱਕੀ ਵਿਅਕਤੀਆਂ ਦੀਆਂ ਸਰਗਰਮੀਆਂ ਵੇਖੀਆਂ।

ਇਹ ਵੀ ਪੜ੍ਹੋ : ਲੋਕਾਂ ਦੇ ਫਤਵੇ ਨੂੰ ਪੈਰਾਂ ’ਚ ਰੋਲ਼ ਰਹੀ ਹੈ ਕਾਂਗਰਸ ਸਰਕਾਰ : ਭਗਵੰਤ ਮਾਨ

ਆਵਾਜ਼ਾਂ ਸੁਣਾਈ ਦੇਣ ’ਤੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ ਪਰ ਧੁੰਦ ਦਾ ਫਾਇਦਾ ਚੁੱਕਦੇ ਹੋਏ ਉਹ ਵਾਪਸ ਭੱਜ ਗਏ। ਇਸ ’ਤੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਉੱਥੇ ਤਲਾਸ਼ੀ ਲਈ ਤਾਂ 25 ਪੈਕੇਟ ਹੈਰੋਇਨ ਬਰਾਮਦ ਕੀਤੀ। ਇਸ ਤੋਂ ਇਲਾਵਾ ਇਕ ਪੀ. ਵੀ. ਸੀ. ਪਾਈਪ, 2 ਸ਼ਾਲਾਂ ਅਤੇ ਕੁਝ ਕੱਪੜੇ ਵੀ ਮੌਕੇ ਤੋਂ ਬਰਾਮਦ ਕੀਤੇ ਗਏ ਹਨ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
 

Manoj

This news is Content Editor Manoj