ਬੀ. ਐੱਸ. ਐੱਫ. ਦੀ 2 ਬਟਾਲੀਅਨ ''ਚ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ

02/23/2018 7:12:44 PM

ਜਲਾਲਾਬਾਦ (ਸੇਤੀਆ) : ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਚੰਡੀਗੜ੍ਹ ਸੈਂਟਰ ਦੇ ਕਲਾਕਾਰਾਂ ਨੇ ਗੀਤ ਅਤੇ ਡਰਾਮਾ ਡਿਵੀਜ਼ਨ ਦੇ ਤਹਿਤ ਸੀਮਾ ਸੁਰੱਖਿਆ ਬਲ ਦੇ ਸਹਿਯੋਗ ਨਾਲ ਅੱਜ 2 ਬਟਾਲੀਅਨ ਫਲੀਆਂ 'ਚ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਜਿਸ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਕਲਾਕਾਰਾਂ ਨੇ ਭਾਗ ਲਿਆ। ਸਮਾਰੋਹ ਦੀ ਸ਼ੁਰੂਆਤ ਸੀਮਾ ਸੁਰੱਖਿਆ ਬਲ ਦੇ ਡੀ. ਆਈ. ਜੀ. ਮਧੂ ਸੂਦਨ ਸ਼ਰਮਾ ਨੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕਮਾਂਡੈਂਟ ਐੱਚ. ਪੀ. ਐੱਸ ਸੋਹੀ, ਨਰੇਸ਼ ਕੁਮਾਰ ਨੇ ਮਸ਼ਾਲ ਜਲਾ ਕੇ ਕੀਤਾ।

ਏਕ ਭਾਰਤ ਸਰੇਸ਼ਟ ਭਾਰਤ ਨਾਅਰੇ ਤਹਿਤ ਆਯੋਜਿਤ ਪ੍ਰੋਗਰਾਮ ਵਿਚ ਕਸ਼ਮੀਰ ਘਾਟੀ ਤੋਂ ਆਏ ਕਲਾਕਾਰਾਂ ਨੇ ਅੱਖੀਆਂ ਦਾ ਤਾਰਾ ਭਾਰਤ ਦੇਸ਼ ਪ੍ਰੋਗਰਾਮ ਪੇਸ਼ ਕਰਕੇ ਵਾਹ-ਵਾਹ ਖੱਟੀ। ਉਥੇ ਹੀ ਬੇਟੀ ਬਚਾਓ, ਬੇਟੀ ਪੜ੍ਹਾਓ ਤੇ ਕੋਰਿਓਗਰਾਫੀਆਂ ਪੇਸ਼ ਕੀਤੀਆਂ। ਆਪਣੇ ਸੰਬੋਧਨ ਵਿਚ ਡੀ. ਆਈ. ਜੀ. ਮਧੂ ਸੂਦਨ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਾਨੀਪਤ ਤੋਂ ਸ਼ੁਰੂ ਕੀਤੀ ਗਈ ਬੇਟੀ ਬਚਾਓ-ਬੇਟੀ ਪੜ੍ਹਾਓ ਅਭਿਆਨ ਨੂੰ ਸਫਲ ਬਨਾਉਣ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬੇਟੀਆਂ ਨੂੰ ਇਸ ਲਈ ਨਹੀਂ ਪੜ੍ਹਾਇਆ ਜਾਂਦਾ ਸੀ ਕਿ ਪੜ੍ਹਾਈ ਦਾ ਖਰਚ ਉਨ੍ਹਾਂ ਦੇ ਵਿਆਹ ਤੇ ਲਗਾਉਣਾ ਸੀ ਅਤੇ ਹੁਣ ਬੇਟੀਆਂ ਸਿੱਖਿਆ ਦੇ ਖੇਤਰ ਵਿਚ ਅੱਗੇ ਹਨ। ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਸੀਮਾਪੱਟੀ ਦੀਆਂ ਮਹਿਲਾ ਸਰਪੰਚਾਂ ਨੂੰ ਚੰਗੇ ਕੰਮਾ ਦੀ ਬਦੌਲਤ ਸਨਮਾਨਤ ਵੀ ਕੀਤਾ।