ਜਲੰਧਰ : ਤਿੰਨ ਹਫਤਿਆਂ ਬਾਅਦ ਕੋਰੋਨਾ ਨੂੰ ਹਰਾ ਕੇ ਘਰ ਪਰਤੇ ਭੈਣ-ਭਰਾ

05/09/2020 1:05:01 AM

ਜਲੰਧਰ, (ਰੱਤਾ)— ਕੋਰੋਨਾ ਮਹਾਮਾਰੀ ਨੇ ਜਿਥੇ ਪੂਰੀ ਦੁਨੀਆ ਵਿਚ ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਆਪਣੀ ਲਪੇਟ 'ਚ ਲਿਆ, ਉਥੇ ਹੀ ਹੁਣ ਵੱਡੀ ਗਿਣਤੀ ਵਿਚ ਬੱਚੇ ਵੀ ਇਸ ਦੇ ਸ਼ਿਕਾਰ ਹੋਣੇ ਸ਼ੁਰੂ ਹੋ ਗਏ ਹਨ। ਇਸੇ ਨਾ-ਮੁਰਾਦ ਬੀਮਾਰੀ ਨੇ ਪਿਛਲੇ ਦਿਨੀਂ ਬਸਤੀ ਦਾਨਿਸ਼ਮੰਦਾਂ ਦੇ ਬਜ਼ੁਰਗ ਜੀਤ ਲਾਲ (70) ਨੂੰ ਆਪਣੀ ਲਪੇਟ 'ਚ ਲੈ ਲਿਆ ਸੀ, ਜਿਨ੍ਹਾਂ ਤੋਂ ਉਨ੍ਹਾਂ ਦੀਆਂ 2 ਪੋਤੀਆਂ ਮਨਮੀਤ (8), ਊਮਿਕਾ (7) ਅਤੇ ਦੋਹਤਾ ਮਨਜੀਤ ਸਿੰਘ (17) ਵੀ ਕੋਰੋਨਾ ਪਾਜ਼ੇਟਿਵ ਆ ਗਏ। ਸ਼ੁੱਕਰਵਾਰ ਜਦੋਂ ਮਨਮੀਤ ਅਤੇ ਮਨਜੀਤ ਸਿੰਘ ਦੀ ਦੂਜੀ ਰਿਪੋਰਟ ਵੀ ਨੈਗੇਟਿਵ ਆਈ ਤਾਂ ਪਰਿਵਾਰਾਂ ਲਈ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਤਿੰਨ ਹਫਤਿਆਂ ਬਾਅਦ ਦੋਵੇਂ ਭੈਣ-ਭਰਾ ਨੂੰ ਘਰ ਪਰਤਣ ਦਾ ਚਾਅ ਤਾਂ ਜ਼ਰੂਰ ਸੀ ਪਰ ਦੂਜੇ ਪਾਸੇ ਅਜੇ ਊਮਿਕਾ ਅਤੇ ਜੀਤ ਲਾਲ ਦੇ ਹਸਪਤਾਲ ਵਿਚ ਹੋਣ ਨਾਲ ਥੋੜੀ ਨਿਰਾਸ਼ਾ ਵੀ ਜ਼ਰੂਰ ਝਲਕ ਰਹੀ ਸੀ। ਹੁਣ ਪਰਿਵਾਰ ਅਰਦਾਸਾਂ ਕਰ ਰਿਹਾ ਹੈ ਕਿ ਬਾਕੀ ਪਰਿਵਾਰਕ ਮੈਂਬਰ ਤੇ ਹੋਰ ਜਿਹੜੇ ਲੋਕ ਵੀ ਹਸਪਤਾਲ ਦਾਖਲ ਹਨ, ਉਹ ਆਪਣੇ ਘਰਾਂ ਨੂੰ ਜਲਦੀ ਠੀਕ ਹੋ ਕੇ ਪਰਤ ਆਉਣ।

ਪੂਰੀ ਖੁਸ਼ੀ ਉਦੋਂ ਮਿਲੇਗੀ ਜਦ ਛੋਟੀ ਭੈਣ ਊਮਿਕਾ ਵੀ ਘਰ ਆ ਜਾਵੇਗੀ : ਮਨਮੀਤ
ਕੋਰੋਨਾ ਬੀਮਾਰੀ 'ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਛੋਟੀ ਬੱਚੀ ਮਨਮੀਤ ਨੇ ਘਰ ਆਉਣ 'ਤੇ ਖੁਸ਼ੀ ਤਾਂ ਜ਼ਾਹਰ ਕੀਤੀ ਪਰ ਛੋਟੀ ਭੈਣ ਊਮਿਕਾ ਅਤੇ ਦਾਦਾ ਜੀ ਦੇ ਜਲਦ ਆਉਣ ਦੀ ਅਰਦਾਸ ਵੀ ਕੀਤੀ ਤਾਂ ਕਿ ਉਸ ਦੀ ਖੁਸ਼ੀ ਦੂਣੀ ਹੋ ਸਕੇ। ਮਨਮੀਤ ਨੇ ਦੱਸਿਆ ਕਿ 'ਕੋਰੋਨਾ ਸ਼ਰੋਨਾ' ਬਾਰੇ ਤਾਂ ਉਸ ਨੂੰ ਪਤਾ ਵੀ ਨਹੀਂ ਕੀ ਹੁੰਦਾ ਹੈ ਪਰ ਛੋਟੀ ਭੈਣ ਨਾਲ ਹੋਣ ਕਾਰਨ ਉਸ ਨੂੰ ਤਿੰਨ ਹਫਤੇ ਹਸਪਤਾਲ ਰਹਿਣ ਦਾ ਪਤਾ ਹੀ ਨਹੀਂ ਚੱਲਿਆ ਤੇ ਅੱਜ ਠੀਕ ਹੋ ਕੇ ਘਰ ਵੀ ਆ ਗਏ। ਮਨਮੀਤ ਨੇ ਦੱਸਿਆ ਕਿ ਖਾਣ-ਪੀਣ ਦਾ ਧਿਆਨ ਰੱਖ ਕੇ ਇਸ ਬੀਮਾਰੀ 'ਤੇ ਆਸਾਨੀ ਨਾਲ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।

ਮੰਮੀ ਦੇ ਘਰ ਪਹਿਲਾਂ ਆਉਣ ਨਾਲ ਘਬਰਾ ਗਿਆ ਸੀ : ਮਨਜੀਤ ਸਿੰਘ
ਮਨਮੀਤ ਦੇ ਭਰਾ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਮੰਮੀ-ਪਾਪਾ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਘਬਰਾ ਗਏ ਸਨ ਪਰ ਹਸਪਤਾਲ ਜਾ ਕੇ ਹੋਰ ਪਰਿਵਾਰਾਂ ਨੂੰ ਦੇਖ ਕੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਬਰ ਆਉਂਦਾ ਗਿਆ। ਉਸ ਨੇ ਦੱਸਿਆ ਕਿ 3 ਦਿਨ ਪਹਿਲਾਂ ਉਸ ਦੀ ਮਾਂ ਰਣਜੀਤ ਕੌਰ ਨੂੰ ਜਦੋਂ ਹਸਪਤਾਲ ਤੋਂ ਛੁੱਟੀ ਮਿਲ ਗਈ ਤਾਂ ਉਹ ਪੂਰੀ ਤਰ੍ਹਾਂ ਘਬਰਾ ਗਿਆ ਸੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਉਸ ਦੀ ਰਿਪੋਰਟ ਵੀ ਨੈਗੇਟਿਵ ਆ ਗਈ ਤੇ ਉਹ ਘਰ ਆ ਕੇ ਖੁਸ਼ ਹੈ। ਆਸ ਹੈ ਕਿ ਉਸ ਦੇ ਪਾਪਾ ਮੰਗਲ ਸਿੰਘ ਤੇ ਨਾਨਾ ਜੀਤ ਲਾਲ ਵੀ ਜਲਦ ਠੀਕ ਹੋ ਕੇ ਘਰ ਆ ਜਾਣਗੇ। ਮਨਜੀਤ ਨੇ ਦੱਸਿਆ ਕਿ ਕੋਰੋਨਾ ਤੋਂ ਡਰੋ ਨਾ ਬਲਕਿ ਚੌਕਸ ਰਹਿ ਕੇ ਹੀ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।
 


KamalJeet Singh

Content Editor

Related News