ਪਾਕਿ ’ਚ ਬਰਤਾਨੀਆ ਦੀ ਹਾਈ ਕਮਿਸ਼ਨਰ ਜਾ ਪਹੁੰਚੀ ਮਕਬੂਜ਼ਾ ਕਸ਼ਮੀਰ, ਭਾਰਤ ਨੇ ਕਿਹਾ-ਇਹ ਹਰਕਤ ਬਰਦਾਸ਼ਤ ਨਹੀਂ

01/14/2024 12:48:26 PM

ਜਲੰਧਰ (ਵਿਸ਼ੇਸ਼)- ਬਰਤਾਨੀਆ (ਯੂ. ਕੇ.) ਇਕ ਪਾਸੇ ਦੁਨੀਆ ਦੀਆਂ ਨਜ਼ਰਾਂ ਵਿੱਚ ਭਾਰਤ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨ ਦਾ ਢੌਂਗ ਕਰ ਰਿਹਾ ਹੈ, ਦੂਜੇ ਪਾਸੇ ਪਾਕਿਸਤਾਨ ਵਿੱਚ ਉਸ ਦੀ ਹਾਈ ਕਮਿਸ਼ਨਰ ਜੇਨ ਮੈਰੀਅਟ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਦੌਰਾ ਕਰਕੇ ਭਾਰਤ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਇਹ ਸਾਰੀ ਘਟਨਾ ਅਜਿਹੇ ਸਮੇਂ ਵਾਪਰੀ ਜਦੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਯੂ. ਕੇ. ਦੇ ਦੌਰੇ ’ਤੇ ਸਨ ਅਤੇ ਉੱਥੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਮੁਲਾਕਾਤ ਕਰ ਰਹੇ ਸਨ। ਇਸ ਵਿਚ ਦੋਵੇਂ ਧਿਰਾਂ ਰੱਖਿਆ, ਆਰਥਿਕ ਸਹਿਯੋਗ ਅਤੇ ਭਾਰਤ ਅਤੇ ਬ੍ਰਿਟੇਨ ਦੇ ਸ਼ਾਂਤੀਪੂਰਨ ਅਤੇ ਸਥਿਰ ਗਲੋਬਲ ਨਿਯਮਾਂ ਆਧਾਰਿਤ ਵਿਵਸਥਾ ਬਣਾਉਣ ਦੇ ਤਰੀਕਿਆਂ ’ਤੇ ਚਰਚਾ ਕਰ ਰਹੇ ਸਨ।

ਬਰਤਾਨੀਆ ਭਾਰਤ ਮੁਕਤ ਵਪਾਰ ਸਮਝੌਤੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਇਸ ਦੌਰਾਨ ਜੇਨ ਮੈਰੀਅਟ ਦੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਦੌਰੇ ਨੇ ਭਾਰਤ ਨਾਲ ਧੋਖਾ ਕਰਨ ਦਾ ਕੰਮ ਕੀਤਾ ਹੈ। ਜੇਨ ਮੈਰੀਅਟ ਦੀ ਇਸ ਫੇਰੀ ਨਾਲ ਭਾਰਤ ਨਾਲ ਬਰਤਾਨਵੀ ਸਰਕਾਰ ਦੇ ਸੰਬੰਧਾਂ ਨੂੰ ਲੈ ਕੇ ਅਪਣਾਏ ਜਾ ਰਹੇ ਦੋਹਰੇ ਰਵੱਈਏ ਦਾ ਵੀ ਪਰਦਾਫਾਸ਼ ਹੋਇਆ ਹੈ। ਜੇਨ ਮੈਰੀਅਟ ਨੇ ‘ਐਕਸ’ ’ਤੇ 10 ਜਨਵਰੀ ਨੂੰ ਮੀਰਪੁਰ ਦੌਰੇ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਕਿਹਾ ਸੀ ‘ਬਰਤਾਨੀਆ ਅਤੇ ਪਾਕਿਸਤਾਨ ਦੇ ਲੋਕਾਂ ਦੇ ਸੰਬੰਧਾਂ ਦੇ ਦਿਲ ਮੀਰਪੁਰ ਤੋਂ ਸ਼ੁਭਕਾਮਨਾਵਾਂ! 70 ਫ਼ੀਸਦੀ ਬ੍ਰਿਟਿਸ਼ ਪਾਕਿਸਤਾਨੀ ਮੂਲ ਰੂਪ ਵਿੱਚ ਮੀਰਪੁਰ ਦੇ ਰਹਿਣ ਵਾਲੇ ਹਨ, ਇਸ ਲਈ ਸਾਡੇ ਸਾਰਿਆਂ ਲਈ ਆਪਸੀ ਹਿੱਤਾਂ ਲਈ ਮਿਲ ਕੇ ਕੰਮ ਕਰਨਾ ਅਹਿਮ ਹੈ। ਤੁਹਾਡੀ ਪਰਾਹੁਣਚਾਰੀ ਲਈ ਧੰਨਵਾਦ!’
ਪਾਕਿਸਤਾਨ ਦੀਆਂ ਸਿਆਸੀ ਪਾਰਟੀਆਂ ਨਾਲ ਵੀ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ : ਮੰਤਰੀ ਅਮਨ ਅਰੋੜਾ ਨੂੰ ਗਣਤੰਤਰ ਦਿਵਸ 'ਤੇ ਝੰਡਾ ਲਹਿਰਾਉਣ ਤੋਂ ਰੋਕਣ ਲਈ ਹਾਈਕੋਰਟ 'ਚ ਪਟੀਸ਼ਨ ਦਾਇਰ

ਇਸ ਤੋਂ ਪਹਿਲਾਂ 8 ਜਨਵਰੀ ਨੂੰ ਜੇਨ ਮੈਰੀਅਟ ਨੇ ਇਕ ਪੋਸਟ ਸ਼ੇਅਰ ਕੀਤੀ ਸੀ। ਉਨ੍ਹਾਂ ਲਿਖਿਆ ਸੀ ਕਿ ਇਸ ਸਮੇਂ ਮੈਂ ਕਰਾਚੀ, ਲਾਹੌਰ ਅਤੇ ਇਸਲਾਮਾਬਾਦ ’ਚ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨਾਲ ਮੁਲਾਕਾਤ ਕਰ ਰਹੀ ਹਾਂ। ਬੁਨਿਆਦੀ ਆਰਥਿਕ ਸੁਧਾਰਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ। 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਪਾਕਿਸਤਾਨ ਦੇ ਭਵਿੱਖ ਲਈ ਅਹਿਮ ਹਨ।

ਅਮਰੀਕੀ ਰਾਜਦੂਤ ਡੋਨਾਲਡ ਬਲੌਮ ਨੇ ਵੀ ਅਜਿਹੀ ਹੀ ਕਾਰਵਾਈ ਕੀਤੀ ਸੀ
ਇਸ ਤੋਂ ਪਹਿਲਾਂ ਪਿਛਲੇ ਸਾਲ ਅਮਰੀਕਾ ਵਲੋਂ ਵੀ ਅਜਿਹੀ ਹੀ ਕਾਰਵਾਈ ਵੇਖਣ ਨੂੰ ਮਿਲੀ ਸੀ। ਪਾਕਿਸਤਾਨ ਵਿੱਚ ਅਮਰੀਕੀ ਰਾਜਦੂਤ ਡੋਨਾਲਡ ਬਲੌਮ ਨੇ ਗਿਲਗਿਤ-ਬਾਲਟਿਸਤਾਨ ਦਾ ਦੌਰਾ ਕੀਤਾ ਸੀ। ਇਹ ਵੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਇਕ ਹਿੱਸਾ ਹੈ। ਉਨ੍ਹਾਂ ਦੇ ਦੌਰੇ ਤੋਂ ਬਾਅਦ, ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਜੰਮੂ ਕਸ਼ਮੀਰ ਦਾ ਪੂਰਾ ਕੇਂਦਰ ਸ਼ਾਸਿਤ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਹੈ। ਅਸੀਂ ਇਸ ਨਾਲ ਖੜੇ ਹਾਂ। ਅਸੀਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਭਾਰਤ ਦੀ ਪ੍ਰਭੂਸੱਤਾ ਦਾ ਸਨਮਾਨ ਕਰਨ ਦੀ ਅਪੀਲ ਕਰਨਾ ਚਾਹੁੰਦੇ ਹਾਂ।

ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਠੰਡ ਨੂੰ ਲੈ ਕੇ Red Alert ਜਾਰੀ, ਵਧੀ Ground Frost ਦੀ ਚਿਤਾਵਨੀ, ਜਾਣੋ ਮੌਸਮ ਦੀ ਤਾਜ਼ਾ ਜਾਣਕਾਰੀ

ਵਿਦੇਸ਼ ਮੰਤਰਾਲਾ ਦਾ ਸਖ਼ਤ ਰੁਖ, ਕਿਹਾ-ਇਹ ਕਾਰਵਾਈ ਪ੍ਰਵਾਨ ਹੋਣ ਯੋਗ ਨਹੀਂ
ਭਾਰਤ ਸਰਕਾਰ ਨੇ ਬ੍ਰਿਟਿਸ਼ ਹਾਈ ਕਮਿਸ਼ਨਰ ਜੇਨ ਮੈਰੀਅਟ ਦੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਦੌਰੇ ਦਾ ਵਿਰੋਧ ਕੀਤਾ ਹੈ। ਬ੍ਰਿਟਿਸ਼ ਹਾਈ ਕਮਿਸ਼ਨਰ ਦੀ ਇਸ ਫੇਰੀ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਨੇ ਇਤਰਾਜ਼ਯੋਗ ਦੱਸਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲਾ ਵੱਲੋਂ ਇਸ ਸਬੰਧ ਵਿੱਚ ਇੱਕ ਅਧਿਕਾਰਤ ਬਿਆਨ ਵੀ ਜਾਰੀ ਕੀਤਾ ਗਿਆ ਹੈ। ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਇਸ ਤਰ੍ਹਾਂ ਦੀ ਉਲੰਘਣਾ ਬਿਲਕੁਲ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਵਿਦੇਸ਼ ਸਕੱਤਰ ਨੇ ਇਸ ਮਾਮਲੇ ’ਤੇ ਭਾਰਤ ’ਚ ਬ੍ਰਿਟਿਸ਼ ਹਾਈ ਕਮਿਸ਼ਨਰ ਕੋਲ ਵੀ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਵਿਦੇਸ਼ ਸਕੱਤਰ ਮੁਤਾਬਕ ਜੰਮੂ-ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਸਨ, ਹਨ ਅਤੇ ਰਹਿਣਗੇ।

ਇਹ ਵੀ ਪੜ੍ਹੋ : ਜਲੰਧਰ 'ਚ ਬਲਾਈਂਡ ਮਰਡਰ ਟਰੇਸ, ਦੋਸਤ ਹੀ ਨਿਕਲਿਆ ਕਾਤਲ, ਸ਼ਰਾਬ ਪੀਣ ਮਗਰੋਂ ਦਿੱਤੀ ਰੂਹ ਕੰਬਾਊ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri