ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਦੀ ਜ਼ਿੰਦਗੀ ''ਤੇ ਇਕ ਝਾਤ (ਤਸਵੀਰਾਂ)

11/17/2018 1:21:22 PM

ਚੰਡੀਗੜ੍ਹ : 1971 'ਚ ਭਾਰਤ-ਪਾਕਿ ਦੀ ਮਸ਼ਹੂਰ ਲੌਂਗੇਵਾਲਾ ਲੜਾਈ 'ਚ ਦੁਸ਼ਮਣਾਂ ਨੂੰ ਧੂੜ ਚਟਾਉਣ ਵਾਲੇ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਦੇ ਦਿਹਾਂਤ ਨਾਲ ਦੇਸ਼ ਨੂੰ ਵੱਡਾ ਘਾਟਾ ਪਿਆ ਹੈ। ਕੁਲਦੀਪ ਸਿੰਘ ਚੰਦਪੁਰੀ 'ਚ ਹਰ ਤਰ੍ਹਾਂ ਦੇ ਹਾਲਾਤ ਨੂੰ ਆਪਣੇ ਕੰਟਰੋਲ 'ਚ ਕਰਨ ਲਈ ਇਕ ਵੱਖਰਾ ਹੀ ਸਾਹਸ ਸੀ। ਸ਼ਨੀਵਾਰ ਸਵੇਰੇ ਕਰੀਬ 9 ਵਜੇ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਇਸ ਵੀਰ ਨੇ ਦੇਸ਼ ਵਾਸੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। 
ਬਲਾਚੌਰ ਹੈ ਜੱਦੀ ਪਿੰਡ
ਕੁਲਦੀਪ ਸਿੰਘ ਚੰਦਪੁਰੀ ਦਾ ਜਨਮ ਭਾਰਤ ਦੀ ਵੰਡ ਤੋਂ ਪਹਿਲਾਂ ਵਾਲੇ ਪੰਜਾਬ ਦੇ ਮਾਂਟਗੌਮਰੀ 'ਚ 22 ਨਵੰਬਰ, 1940 ਨੂੰ ਹੋਇਆ ਸੀ। ਉਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਜੱਦੀ ਪਿੰਡ ਚੰਦਪੁਰ ਰੁੜਕੀ ਚਲਾ ਗਿਆ, ਜੋ ਕਿ ਬਲਾਚੌਰ 'ਚ ਹੈ। ਕੁਲਦੀਪ ਸਿੰਘ ਨੇ 1962 'ਚ ਹੁਸ਼ਿਆਰਪੁਰ ਗੌਰਮਿੰਟ ਕਾਲਜ ਤੋਂ ਗ੍ਰੇਜੂਏਸ਼ਨ ਕੀਤੀ ਸੀ ਅਤੇ ਐੱਨ. ਸੀ. ਸੀ. ਦੀ ਪ੍ਰੀਖਿਆ ਵੀ ਪਾਸ ਕੀਤੀ ਸੀ।


1962 'ਚ ਫੌਜ 'ਚ ਹੋਏ ਸੀ ਭਰਤੀ

  • ਕੁਲਦੀਪ ਸਿੰਘ 22 ਸਾਲਾਂ ਦੀ ਉਮਰ 'ਚ 1962 'ਚ ਪੰਜਾਬ ਰੈਜੀਮੈਂਟ ਦੀ 23ਵੀਂ ਬਟਾਲੀਅਨ 'ਚ ਭਰਤੀ ਹੋ ਗਏ। ਦੱਸਣਯੋਗ ਹੈ ਕਿ ਇਹ ਭਾਰਤੀ ਫੌਜ ਦੀ ਸਭ ਤੋਂ ਪੁਰਾਣੀ ਅਤੇ ਸਨਮਾਨਿਤ ਯੂਨਿਟਾਂ 'ਚੋਂ ਇਕ ਹੈ।
  • ਸਾਲ 1965 'ਚ ਕੁਲਦੀਪ ਸਿੰਘ ਨੇ ਪਾਕਿਸਤਾਨ ਨਾਲ ਹੋਈ ਲੜਾਈ 'ਚ ਹਿੱਸਾ ਲਿਆ। ਉਨ੍ਹਾਂ ਨੇ ਗਾਜਾ ਅਤੇ ਮਿਸ਼ਰ 'ਚ ਸੰਯੁਕਤ ਰਾਸ਼ਟਰ ਦੀ ਅਮਰਜੈਂਸੀ ਫੌਜ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਹਨ।
  • ਸਾਲ 1971 'ਚ ਭਾਰਤ-ਪਾਕਿ ਲੜਾਈ ਦੌਰਾਨ ਕੁਲਦੀਪ ਸਿੰਘ ਆਪਣੇ 120 ਫੌਜੀਆਂ ਦੀ ਕੰਪਨੀ ਨਾਲ ਲੌਂਗੇਵਾਲ 'ਚ ਭਾਰਤੀ ਸਰਹੱਦ ਦੀ ਰੱਖਿਆ ਕਰ ਰਹੇ ਸਨ। ਇਸ ਦੌਰਾਨ ਪਾਕਿਸਤਾਨ ਦੀ 51ਵੀਂ ਇੰਫੈਂਟਰੀ ਬ੍ਰਿਗੇਡ ਦੇ ਕਰੀਬ 3000 ਫੌਜੀਆਂ ਨੇ ਉਨ੍ਹਾਂ ਦੀ ਪੋਸਟ 'ਤੇ ਹਮਲਾ ਕਰ ਦਿੱਤਾ। ਇਹ ਹੀ ਨਹੀਂ ਪਾਕਿਸਤਾਨ ਨੂੰ ਉਸ ਦੀ 22ਵੀਂ ਆਰਮਡ ਰੈਜੀਮੈਂਟ ਵੀ ਮਦਦ ਕਰ ਰਹੀ ਸੀ। ਕੁਲਦੀਪ ਸਿੰਘ ਨੇ ਆਪਣੇ 90 ਫੌਜੀਆਂ ਨਾਲ ਪਾਕਿਸਤਾਨ ਦੀ ਫੌਜ ਦਾ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਢੇਰ ਕਰ ਦਿੱਤਾ।

'ਬਾਰਡਰ' ਫਿਲਮ 'ਚ ਦਿਖਾਈ ਵੀਰਤਾ
ਲੌਂਗੇਵਾਲਾ 'ਚ ਜਿਸ ਤਰ੍ਹਾਂ ਕੁਲਦੀਪ ਸਿੰਘ ਚੰਦਪੁਰੀ ਨੇ ਆਪਣੇ ਕੁਝ ਫੌਜੀਆਂ ਨਾਲ ਲੜਾਈ ਲੜੀ, ਇਸ ਨੂੰ 1997 'ਚ ਇਸ ਲੜਾਈ 'ਤੇ ਆਧਾਰਿਤ ਫਿਲਮ 'ਬਾਰਡਰ' 'ਚ ਦਿਖਾਇਆ ਗਿਆ, ਜੋ ਕਿ ਸੁਪਰਹਿੱਟ ਸਾਬਿਤ ਹੋਈ ਸੀ। ਇਸ ਫਿਲਮ 'ਚ ਅਦਾਕਾਰ ਸੰਨੀ ਦਿਓਲ ਨੇ ਕੁਲਦੀਪ ਸਿੰਘ ਚੰਦਪੁਰੀ ਦੀ ਭੂਮਿਕਾ ਅਦਾ ਕੀਤੀ ਸੀ। 1971 ਤੋਂ ਬਾਅਦ ਜਨਮ ਲੈਣ ਵਾਲੀ ਜਿਸ ਪੀੜ੍ਹੀ ਨੇ ਕੁਲਦੀਪ ਸਿੰਘ ਦਾ ਨਾਂ ਨਹੀਂ ਸੁਣਿਆ ਸੀ, ਉਸ ਨੂੰ ਵੀ ਇਸ ਫਿਲਮ ਰਾਹੀਂ ਇਸ ਵੀਰ ਦੀ ਵੀਰਤਾ ਬਾਰੇ ਪਤਾ ਲੱਗਿਆ। 


ਮਹਾਂਵੀਰ ਚੱਕਰ ਨਾਲ ਕੀਤਾ ਗਿਆ ਸਨਮਾਨਿਤ
ਕੁਲਦੀਪ ਸਿੰਘ ਚੰਦਪੁਰੀ ਨੇ ਲੌਂਗੇਵਾਲਾ ਦੀ ਮਸ਼ਹੂਰ ਲੜਾਈ 'ਚ ਭਾਰਤੀ ਫੌਜ ਦੀ ਜਿਸ ਵੀਰਤਾ ਨਾਲ ਅਗਵਾਈ ਕੀਤੀ, ਉਸ ਦੇ ਲਈ ਉਨ੍ਹਾਂ ਨੂੰ 'ਮਹਾਂਵੀਰ ਚੱਕਰ' ਨਾਲ ਸਨਮਾਨਿਤ ਕੀਤਾ ਗਿਆ ਸੀ। 
 

Babita

This news is Content Editor Babita