ਮਾਸੂਮ ਦਿਖਣ ਵਾਲੀ ਇਸ ਦੁਲਹਨ ਦਾ ਖੌਫਨਾਕ ਸੱਚ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼

07/03/2017 1:03:13 PM

ਮੰਡੀ ਗੋਬਿੰਦਗੜ੍ਹ — ਜੇਕਰ ਤੁਸੀਂ ਵਿਆਹ ਲਈ ਲੜਕੀ ਦੀ ਤਲਾਸ਼ 'ਚ ਹੈ ਤਾਂ ਸਾਵਧਾਨ ਹੋ ਜਾਵੋ। ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਰੋਕੀ ਨੇ ਇਕ ਅਜਿਹੀ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਜਲਦ ਤੋਂ ਜਲਦ ਅਮੀਰ ਬਣਨ ਦੀ ਆਪਣੀ ਇੱਛਾ ਨੂੰ ਪੂਰਾ ਕਰਨ ਲਈ ਮਹਿਲਾਵਾਂ ਦੇ ਅਧਿਕਾਰਾਂ ਦੀ ਰਾਖੀ ਲਈ ਬਣੇ ਕਾਨੂੰਨ ਦਾ ਹੀ ਗਲਤ ਇਸਤੇਮਾਲ ਕਰਦੇ ਹੋਏ ਵਿਆਹ ਦੇ ਕੁਝ ਸਮੇਂ ਬਾਅਦ ਹੀ ਆਪਣੇ ਸਹੁਰਿਆਂ ਨਾਲ ਲੜਾਈ ਕਰਕੇ ਉਨ੍ਹਾਂ ਕੋਲੋਂ ਮੋਟੀ ਰਕਮ ਠੱਗਣੀ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਸ ਨੇ ਇਸ ਮਾਮਲੇ 'ਚ ਨਾ ਸਿਰਫ ਲਾੜੀ ਨੂੰ ਗ੍ਰਿਫਤਾਰ ਕਰ ਲਿਆ ਸਗੋਂ ਇਸ ਦੇ ਕਰੀਬ 3 ਸਾਥੀਆਂ ਨੂੰ ਵੀ ਜੇਲ ਦੀ ਸਲਾਖਾਂ ਦੇ ਪਿੱਛੇ ਭੇਜਣ ਦਾ ਦਾਅਵਾ ਕੀਤਾ ਹੈ।
ਕੀ ਹੈ ਮਾਮਲਾ 
ਥਾਣੇਦਾਰ ਰੌਕੀ ਨੇ ਦੱਸਿਆ ਕਿ ਵਰਿੰਦਰ ਸਿੰਘ ਪੁੱਤਰ ਸਿਕੰਦਰ ਸਿੰਘ ਨਿਵਾਸੀ ਜ਼ਿਲਾ ਫਤਿਹਗੜ੍ਹ ਸਾਹਿਬ ਨੇ ਪੁਲਸ ਨੂੰ ਇਕ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਵਿਆਹ ਗੁਰਦੁਆਰਾ ਸ੍ਰੀ ਰੇਰੂ ਸਾਹਿਬ  ਸਾਹਨੇਵਾਲ 'ਚ 26 ਮਾਰਚ ਨੂੰ ਰਮਨਜੀਤ ਕੌਰ ਨੂੰ ਕਰੀਬ 1 ਲੱਖ 43 ਹਜ਼ਾਰ 510 ਰੁਪਏ ਦੀ ਲਾਗਤ ਦੇ ਸੋਨੇ ਦਾ ਹਾਰ, ਸੋਨੇ ਦਾ ਟਿੱਕਾ, ਕਾਂਟੇ, 2 ਸੋਨੇ ਦੀਆਂ ਚੂੜੀਆਂ, ਇਕ ਅੰਗੂਠੀ ਤੇ ਇਕ ਜੋੜੀ ਝਾਂਜਰ ਆਦਿ ਪਹਿਨਾਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਆਹ ਦੀ ਖੁਸ਼ੀ 'ਚ ਰਖੀ ਰਿਸੈਪਸ਼ਨ 'ਤੇ ਵੀ ਕਰੀਬ 4.5 ਲੱਖ ਰੁਪਏ ਖਰਚ ਕੀਤੇ। ਇਸ ਤੋਂ ਇਲਾਵਾ ਵਿਆਹ ਕਰਵਾਉਣ ਵਾਲੇ ਬਿਚੌਲੇ ਹਰਦੀਪ ਸਿੰਘ ਅਮਰਜੀਤ ਕੌਰ, ਛਿੰਦਰ ਕੌਰ ਤੇ ਕਰਮਜੀਤ ਕੌਰ ਆਦਿ ਨੇ ਵਿਆਹ ਕਰਵਾਉਣ ਦੇ ਬਦਲੇ 1 ਲੱਖ ਰੁਪਏ ਦੀ ਮੰਗ ਕੀਤੀ ਸੀ, ਜਦ ਕਿ ਉਸ ਵਲੋਂ ਇਨ੍ਹਾਂ ਲੋਕਾਂ ਨੂੰ ਬੈਂਕ ਤੋਂ 10 ਹਜ਼ਾਰ ਤੇ 30 ਹਜ਼ਾਰ ਰੁਪਏ ਨਕਦ ਦਿੱਤੇ ਗਏ। ਵਿਆਹ ਦੇ ਕੁਝ ਦਿਨ ਬਾਅਦ ਜਦ ਰਮਨਜੀਤ ਕੌਰ ਆਪਣੇ ਪੇਕੇ ਸਾਹਨੇਵਾਲ ਉਸ ਦੇ ਨਾਲ ਗਈ ਤਾਂ ਉਥੋਂ ਉਸ ਨੇ ਨਾ ਆਉਣ ਦਾ ਕਹਿੰਦੇ ਹੋਏ ਖੁਦ ਨੂੰ ਇਕ ਕਮਰੇ 'ਚ ਬੰਦ ਕਰਕੇ ਅੰਦਰੋਂ ਕੁੰਡੀ ਲਗਾ ਦਿੱਤੀ ਪਰ ਵਰਿੰਦਰ ਸਿੰਘ ਦੇ ਪੁਲਸ ਨੂੰ ਬੁਲਾਉਣ ਦੀ ਧਮਕੀ ਦੇਣ ਤੋਂ ਬਾਅਦ ਉਹ ਵਾਪਸ ਆਪਣੇ ਸਹੁਰੇ ਮੁਲਾਂਪੁਰ ਆ ਗਈ।
ਪਹਿਲਾਂ ਵੀ 2 ਵਿਆਹ ਕਰ ਚੁੱਕੀ ਹੈ ਰਮਨਜੀਤ ਕੌਰ
ਇਸ ਤੋਂ ਬਾਅਦ ਰਮਨਜੀਤ ਕੌਰ ਨੇ ਇਕ ਵਾਰ ਫਿਰ ਤੋਂ ਸਾਜਿਸ਼ ਰਚੀ ਤੇ 24 ਅਪ੍ਰੈਲ ਨੂੰ ਪੇਟ 'ਚ ਦਰਦ ਦਾ ਬਹਾਨਾ ਕਰਦੇ ਹੋਏ ਵਰਿੰਦਰ ਸਿੰਘ ਨੂੰ ਆਪਣੇ ਨਾਲ ਮੰਡੀ ਗੋਬਿੰਦਗੜ੍ਹ ਦੇ ਸਬ ਡਿਵੀਜ਼ਨ ਹਸਪਤਾਲ ਤੋਂ ਦਵਾਈ ਲੈਣ ਲਈ ਲੈ ਆਈ।  ਜਿਥੋਂ ਦਵਾਈ ਲੈਣ ਤੋਂ ਬਾਅਦ ਰਮਨਜੀਤ ਕੌਰ ਆਪਣੇ ਪਤੀ ਦੇ ਨਾਲ ਗੋਬਿੰਦਗੜ੍ਹ ਦੇ ਹੀ ਗਊਸ਼ਾਲਾ ਰੋਡ 'ਤੇ ਆਪਣੇ ਚਾਚੇ ਦੀ ਲੜਕੀ ਦੇ ਘਰ ਚਲੀ ਗਈ। ਜਿਥੇ ਉਸ ਨੂੰ ਇਕ ਅਣ-ਪਛਾਤੀ ਔਰਤ ਮਿਲੀ, ਜਿਸ ਨੇ ਰਮਨਜੀਤ ਕੌਰ ਨੂੰ ਆਪਣੀ ਧੀ ਦੱਸਦੇ ਹੋਏ ਉਸ ਨੂੰ ਬੇਦਖਲ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਇਸੇ ਦੌਰਾਨ ਰਮਨਜੀਤ ਕੌਰ ਆਪਣੀ ਚਚੇਰੀ ਭੈਣ ਦੇ ਘਰ  ਤੋਂ ਫਰਾਰ ਹੋ ਗਈ। ਜਦ ਵਰਿੰਦਰ ਸਿੰਘ ਨੇ ਰਮਨਜੀਤ ਕੌਰ ਦੀ ਚਚੇਰੀ ਭੈਣ ਦੇ ਗੁਆਂਢੀਆਂ ਤੋਂ ਪਤਾ ਲੱਗਾ ਕਿ ਰਮਨਜੀਤ ਕੌਰ ਦੇ ਪਹਿਲਾਂ ਵੀ ਦੋ ਵਿਆਹ ਹੋ ਚੁੱਕੇ ਹਨ ਤੇ ਉਸ ਦਾ ਇਕ ਪੁੱਤਰ ਵੀ ਹੈ। ਮਾਮਲੇ ਦੀ ਜਾਣਕਾਰੀ ਵਰਿੰਦਰ ਸਿੰਘ ਨੇ ਉਸ ਦਾ ਵਿਆਹ ਕਰਵਾਉਣ ਵਾਲੇ ਬਿਚੌਲੇ ਹਰਦੀਪ ਸਿੰਘ ਨੂੰ ਦੇਣ ਤੋਂ ਬਾਅਦ ਉਸ ਦੀ ਸ਼ਿਕਾਇਤ ਸਥਾਨਕ ਪੁਲਸ ਨੂੰ ਦੇ ਦਿੱਤੀ।  

ਰਮਨਜੀਤ ਕੌਰ ਵਲੋਂ ਬਿਚੌਲੇ ਦੇ ਨਾਲ ਮਿਲ ਕੇ ਵਰਿੰਦਰ ਸਿੰਘ ਨਾਲ ਵਿਆਹ ਦੇ ਬਹਾਨੇ ਠੱਗੀ ਕਰਨ ਤੇ ਧੋਖਾ ਦੇਣ ਦੀ ਸ਼ਿਕਾਇਤ 'ਤੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਰੌਕੀ ਨੇ ਜਦ ਮਾਮਲੇ ਦੀ ਜਾਂਚ ਕੀਤੀ ਤਾਂ ਇਸ 'ਚ ਬਿਚੌਲੇ ਹਰਦੀਪ ਸਿੰਘ, ਅਮਰਜੀਤ ਕੌਰ ਪਤਨੀ ਜੀਤ ਸਿੰਘ ਨਿਵਾਸੀ ਖੰਨਾ, ਛਿੰਦਰ ਕੌਰ ਪਤਨੀ ਚਰਣਜੀਤ ਸਿੰਘ ਨਿਵਾਸੀ ਪਿੰਡ ਘੁੰਗਰਾਲੀ, ਕਰਮਜੀਤ ਕੌਰ ਪਤਨੀ ਸ਼ੰਕਰ ਸਿੰਘ ਨਿਵਾਸੀ ਸਾਹਨੇਵਾਲ ਤੇ ਰਮਨਜੀਤ ਕੌਰ ਦੇ ਵਿਰੁੱਧ ਧਾਰਾ 420,350 ਆਈ. ਪੀ. ਸੀ. ਅਧੀਨ ਧੋਖਾਧੜੀ ਦਾ ਮੁਕਦਮਾ ਦਰਜ ਕਰ ਕੇ ਹਰਦੀਪ ਸਿੰਘ, ਛਿੰਦਰ ਕੌਰ ਤੇ ਅਮਰਜੀਤ ਕੌਰ ਨੂੰ ਗ੍ਰਿਫਤਾਰ ਕਰ ਕੇ ਅਦਾਲਤ 'ਚ ਪੇਸ਼ ਕਰ ਦਿੱਤਾ, ਜਿਥੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ 'ਚ ਨਾਭਾ ਜੇਲ ਭੇਜ ਦਿੱਤਾ ਗਿਆ, ਜਦ ਕਿ ਮਾਮਲੇ ਦੀ ਮੁੱਖ ਦੋਸ਼ੀ ਰਮਨਜੀਤ ਕੌਰ ਨੂੰ ਪੁਲਸ ਨੇ ਅੱਜ ਸਥਾਨਕ ਅਮਲੋਹ ਰੋਡ ਤੋਂ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਜਦ ਕਿ ਇਸ ਮਾਮਲੇ 'ਚ ਅਜੇ ਵੀ ਇਕ ਮਹਿਲਾ ਦੋਸ਼ੀ ਕਰਮਜੀਤ ਕੌਰ ਪਤਨੀ ਸ਼ੰਕਰ ਸਿੰਘ ਨਿਵਾਸੀ ਸਾਹਨੇਵਾਲ ਪੁਲਸ ਦੀ ਗ੍ਰਿਫਤਾਰੀ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਸਥਾਨਕ ਪੁਲਸ ਨੇ ਇਕ ਅਜਿਹਾ ਹੀ ਮੁਕਦਮੇ 'ਚ 6 ਮਹਿਲਾਵਾਂ ਸਮੇਤ ਕੁੱਲ 7 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਣ 'ਚ ਸਫਲਤਾ ਹਾਸਲ ਕੀਤੀ ਸੀ, ਜੋ ਕਿ ਇਸ ਤਰਜ 'ਤੇ ਵਿਆਹ ਤੋਂ ਬਾਅਦ ਘਰੇਲੂ ਝਗੜੇ ਤੇ ਦਹੇਜ ਦੀ ਮੰਗ ਦੀ ਸ਼ਿਕਾਇਤ ਦੇ ਚਲਦੇ ਸਮਝੌਤੇ ਦੇ ਨਾਂ 'ਤੇ ਲਾੜਾ ਪਰਿਵਾਰ ਤੋਂ ਪੈਸੇ ਠੱਗਦੇ ਸਨ।