ਭਗੌੜੇ ਲਾੜਿਆਂ ਖਿਲਾਫ ਪੀੜਤ ਪਤਨੀਆਂ ਨੇ ਛੇੜੀ ਜੰਗ (ਵੀਡੀਓ)

09/12/2018 5:50:53 PM

ਲੁਧਿਆਣਾ (ਨਰਿੰਦਰ ਮਹਿੰਦਰੂ) : ਪੰਜਾਬ ਦੀਆਂ ਕੁੜੀਆਂ ਨਾਲ ਵਿਆਹ ਕਰਕੇ ਮਗਰੋਂ ਸਾਰ ਨਾ ਲੈਣ ਵਾਲੇ ਵਿਦੇਸ਼ੀ ਲਾੜਿਆਂ ਖਿਲਾਫ ਪੀੜਤ ਪਤਨੀਆਂ ਨੇ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ। ਅਜਿਹੀ ਹਿੰਮਤ ਦੀ ਮਿਸਾਲ ਪੈਦਾ ਕੀਤੀ ਹੈ ਲੁਧਿਆਣਾ ਦੇ ਪਿੰਡ ਟੂਸੇ ਦੀ 38 ਸਾਲਾ ਸਤਵਿੰਦਰ ਸੱਤੀ ਨੇ, ਜਿਸ ਦਾ ਪਤੀ ਉਸ ਨੂੰ ਛੱਡ ਕੇ ਵਿਦੇਸ਼ ਚਲਾ ਗਿਆ ਅਤੇ ਮੁੜ ਕੇ ਉਸ ਦੀ ਕੋਈ ਖਬਰਸਾਰ ਨਾ ਲਈ। ਆਪਣੀ ਜ਼ਿੰਦਗੀ ਨੂੰ ਨਰਕ ਬਣਦੀ ਦੇਖ ਸੱਤੀ ਨੇ ਇਕ ਸੰਸਥਾ ਬਣਾਉਣ ਦਾ ਫੈਸਲਾ ਕੀਤਾ, ਜਿਸ 'ਚ ਉਸ ਨੇ ਭਗੌੜੇ ਲਾੜਿਆਂ ਦੀਆਂ ਪੀੜਤ ਪਤਨੀਆਂ ਨੂੰ ਨਾਲ ਜੋੜਿਆ ਅਤੇ ਉਨ੍ਹਾਂ ਧੋਖੇਬਾਜ਼ ਪਤੀਆਂ ਦੇ ਪਾਸਪੋਰਟ ਵੀ ਜ਼ਬਤ ਕਰਵਾਏ। 

ਪੀੜਤ ਪਤਨੀਆਂ ਨੇ ਭਾਰਤ ਸਰਕਾਰ 'ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਜਲਦ ਡਿਪੋਰਟ ਕਰਾਵੇ। ਕਈ ਪੀੜਤਾਂ ਅਜਿਹੀਆਂ ਵੀ ਸਨ ਜੋ 40-40 ਸਾਲਾਂ ਤੋਂ ਆਪਣੇ ਪਤੀ ਦੀ ਉਡੀਕ ਕਰ ਰਹੀਆਂ ਹਨ, ਜਿਹੜੇ ਉਨ੍ਹਾਂ ਨੂੰ ਛੱਡ ਵਿਦੇਸ਼ਾਂ 'ਚ ਆਪਣੀ ਐਸ਼ ਵਾਲੀ ਜ਼ਿੰਦਗੀ ਜੀਅ ਰਹੇ ਹਨ। ਜਿਥੇ ਸਰਕਾਰਾਂ ਨੂੰ ਅਜਿਹੇ ਭਗੌੜੇ ਲਾੜਿਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ, ਉਥੇ ਹੀ ਮਾਪਿਆਂ ਨੂੰ ਵੀ ਇਨ੍ਹਾਂ ਦੀ ਦਾਸਤਾਨ ਤੋਂ ਕੁਝ ਸਿਖ ਲੈਣ ਦੀ ਜ਼ਰੂਰਤ ਹੈ।