8 ਵਿਆਹ ਕਰਾਉਣ ਵਾਲੀ ਲੁਟੇਰੀ ਲਾੜੀ ਦੀ ਖੁੱਲ੍ਹੀ ਪੋਲ, ਇੰਝ ਜਾਲ 'ਚ ਫਸਾਉਂਦੀ ਸੀ ਭੋਲੇ-ਭਾਲੇ ਮੁੰਡੇ

08/27/2021 10:40:31 AM

ਪਟਿਆਲਾ (ਬਲਜਿੰਦਰ) : ਥਾਣਾ ਜੁਲਕਾਂ ਦੀ ਪੁਲਸ ਨੇ ਐੱਸ. ਐੱਚ. ਓ. ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਫਰਜ਼ੀ ਵਿਆਹ ਕਰਵਾ ਕੇ ਠੱਗੀਆਂ ਮਾਰਨ ਵਾਲੀ ਲੁਟੇਰੀ ਲਾੜੀ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ’ਚ ਪੁਲਸ ਨੇ 3 ਔਰਤਾਂ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ. ਪੀ. ਸਿਟੀ ਨੇ ਵਰੁਣ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਿਰੋਹ ਦੇ ਮੈਂਬਰਾਂ ’ਚ ਵੀਰਪਾਲ ਕੌਰ, ਉਮਾ ਪਤਨੀ ਰਿਸ਼ੀਪਾਲ ਵਾਸੀ ਪਾਵਲਾ ਥਾਣਾ ਡਾਂਡ ਜ਼ਿਲ੍ਹਾ ਕੈਥਲ ਹਰਿਆਣਾ, ਪਰਮਜੀਤ ਕੌਰ ਵਾਸੀ ਪਟਿਆਲਾ ਅਤੇ ਰਣਵੀਰ ਸਿੰਘ ਉਰਫ਼ ਰਾਣਾ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਢੰਡਰੀਆਂ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਵਿਧਾਇਕਾਂ 'ਚੋਂ ਪ੍ਰਕਾਸ਼ ਸਿੰਘ ਬਾਦਲ ਤੇ ਮਜੀਠੀਆ ਨਹੀਂ ਲੈਂਦੇ ਸਫ਼ਰ ਭੱਤਾ ਤੇ ਤੇਲ ਖ਼ਰਚਾ

ਇਨ੍ਹਾਂ ਖ਼ਿਲਾਫ਼ ਥਾਣਾ ਜੁਲਕਾਂ ਵਿਖੇ 379, 384, 420, 120 ਬੀ, 467, 468 ਅਤੇ 471 ਆਈ. ਪੀ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡੀ. ਐੱਸ. ਪੀ. ਦਿਹਾਤੀ ਸੁਖਵਿੰਦਰ ਸਿੰਘ ਚੌਹਾਨ ਦੀ ਅਗਵਾਈ ਹੇਠ ਹੋਈ ਤਫਤੀਸ਼ ’ਚ ਸਾਹਮਣੇ ਆਇਆ ਕਿ ਇਹ ਗਿਰੋਹ ਭੋਲੇ-ਭਾਲੇ ਅਤੇ ਲੋੜਵੰਦ ਲੋਕਾਂ ਨੂੰ ਫਸਾ ਕੇ ਪਹਿਲਾਂ ਮੰਦਿਰ ਅਤੇ ਗੁਰਦੁਆਰਾ ਸਹਿਬ ਵਿਖੇ ਮੁੰਡਿਆਂ ਨਾਲ ਵਿਆਹ ਕਰ ਕੇ ਕੁੜੀਆਂ ਨੂੰ ਉਨ੍ਹਾਂ ਨਾਲ ਘਰ ਰਹਿਣ ਲਈ ਭੇਜ ਦਿੰਦੇ ਸਨ। ਫਿਰ ਕੁੱਝ ਦਿਨਾਂ ਬਾਅਦ ਇਹ ਕੁੜੀਆਂ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਸੋਨੇ ਦੇ ਗਹਿਣੇ ਅਤੇ ਹੋਰ ਸਮਾਨ ਲੈ ਕੇ ਰਫੂਚੱਕਰ ਹੋ ਜਾਂਦੀਆਂ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪਟਿਆਲਾ 'ਚ ਪ੍ਰਦਰਸ਼ਨ ਦੌਰਾਨ ਅਧਿਆਪਕਾਂ ਨੇ ਨਹਿਰ 'ਚ ਮਾਰੀ ਛਾਲ (ਤਸਵੀਰਾਂ)

ਕੁੱਝ ਮਾਮਲਿਆਂ ’ਚ ਦਾਜ ਤੇ ਝੂਠੇ ਮੁਕੱਦਮਿਆਂ ’ਚ ਫਸਾ ਕੇ ਮੋਟੀ ਰਕਮ ਗਿਰੋਹ ਵੱਲੋਂ ਵਸੂਲੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੈਂਬਰਾਂ ’ਚ ਵੀਰਪਾਲ ਕੌਰ ਲਾੜੀ ਦਾ ਕੰਮ ਕਰਦੀ ਸੀ। ਉਸ ਦੀਆਂ ਪਹਿਲੇ ਵਿਆਹਾਂ ਦੀਆਂ ਕਾਫੀ ਤਸਵੀਰਾਂ ਅਤੇ ਹੋਰ ਦਸਤਾਵੇਜ਼ ਬਰਾਮਦ ਕਰ ਲਏ ਗਏ ਹਨ। ਇਨ੍ਹਾਂ ’ਚ ਉਮਾ ਅਤੇ ਪਰਮਜੀਤ ਕੌਰ ਵਿਚੋਲਣ ਦਾ ਕੰਮ ਕਰਦੀਆਂ ਸਨ, ਜੋ ਕਿ ਭੋਲੇ ਅਤੇ ਲੋੜਵੰਦ ਮੁੰਡਿਆਂ ਨੂੰ ਲੱਭ ਕੇ ਉਨ੍ਹਾਂ ਦਾ ਵਿਆਹ ਵੀਰਪਾਲ ਕੌਰ ਅਤੇ ਹੋਰ ਅਣਪਛਾਤੀ ਕੁੜੀਆਂ ਨਾਲ ਕਰਵਾ ਦਿੰਦੀਆਂ ਸਨ। ਜਦੋਂ ਕਿ ਰਣਵੀਰ ਸਿੰਘ ਉਰਫ਼ ਰਾਣਾ ਮੁੰਡਿਆਂ ਨੂੰ ਝੂਠੇ ਕੇਸਾਂ ’ਚ ਫਸਾਉਣ ਦਾ ਡਰਾਵਾ ਦੇ ਕੇ ਸੌਦੇਬਾਜ਼ੀ ਕਰ ਕੇ ਮੋਟੀ ਰਕਮ ਵਸੂਲ ਕਰਦਾ ਸੀ।

ਇਹ ਵੀ ਪੜ੍ਹੋ : ਹਰੀਸ਼ ਰਾਵਤ ਦੀ ਨਸੀਹਤ ਮਗਰੋਂ ਵੀ ਨਾ ਬਦਲੇ ਬਾਗੀ ਮੰਤਰੀਆਂ ਦੇ ਤੇਵਰ, ਕੈਬਨਿਟ ਬੈਠਕ 'ਚੋਂ ਰਹੇ ਗੈਰ-ਹਾਜ਼ਰ

ਉਨ੍ਹਾਂ ਦੱਸਿਆ ਕਿ ਇਹ ਫਰਜ਼ੀ ਦਸਤਾਵੇਜ਼ ਤਿਆਰ ਕਰਨ, ਝੂਠ ਬੋਲਣ ਅਤੇ ਡਰਾਉਣ-ਧਮਕਾਉਣ ਦੇ ਮਾਹਿਰ ਹਨ। ਹੁਣ ਤੱਕ ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਏ 8 ਵਿਅਕਤੀ ਸਾਹਮਣੇ ਆ ਚੁੱਕੇ ਹਨ ਅਤੇ ਹੋਰ ਕੇਸ ਸਾਹਮਣੇ ਆਉਣ ਦੀ ਉਮੀਦ ਹੈ। ਇਸ ਮੌਕੇ ਡੀ. ਐੱਸ. ਪੀ. ਦਿਹਾਤੀ ਸੁਖਵਿੰਦਰ ਸਿੰਘ ਚੌਹਾਨ, ਐੱਸ. ਐੱਚ. ਓ. ਜੁਲਕਾਂ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਵੀ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita