ਰਿਸ਼ਵਤ ਕਾਂਡ ਤੋਂ ਬਾਅਦ ਵਿਜੀਲੈਂਸ ਦੀ ਰਾਡਾਰ ''ਤੇ ਪੰਜਾਬ GST ਵਿਭਾਗ ਦੇ 8 ਅਧਿਕਾਰੀ

01/31/2020 10:18:02 PM

ਲੁਧਿਆਣਾ,(ਧੀਮਾਨ)-ਵਿਜੀਲੈਂਸ ਵੱਲੋਂ ਹਾਲ ਹੀ 'ਚ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਫੜੇ ਗਏ ਮੋਬਾਇਲ ਵਿੰਗ ਦੇ ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਰਾਕੇਸ਼ ਭੰਡਾਰੀ ਤੋਂ ਬਾਅਦ ਵਿਜੀਲੈਂਸ ਦੀ ਰਾਡਾਰ 'ਤੇ ਜੀ. ਐੱਸ. ਟੀ. ਵਿਭਾਗ ਦੇ ਪੰਜਾਬ ਭਰ ਤੋਂ 8 ਅਧਿਕਾਰੀ ਆ ਗਏ ਹਨ। ਇਨ੍ਹਾਂ 'ਚ ਏ. ਈ. ਟੀ. ਸੀ. ਤੇ ਈ. ਟੀ. ਓ. ਪੱਧਰ 'ਤੇ ਅਧਿਕਾਰੀ ਹਨ ਅਤੇ ਇਨ੍ਹਾਂ ਵਿਚ ਜ਼ਿਆਦਾਤਰ ਮੋਬਾਇਲ ਵਿੰਗ ਵਿਚ ਤਾਇਨਾਤ ਹਨ। ਵਿਜੀਲੈਂਸ ਸੂਤਰਾਂ ਮੁਤਾਬਕ ਰਿਸ਼ਵਤ ਕਾਂਡ ਤੋਂ ਬਾਅਦ ਕਈ ਪਰਤਾਂ ਖੁੱਲ੍ਹਦੀਆਂ ਜਾ ਰਹੀਆਂ ਹਨ। ਹੁਣ ਉਨ੍ਹਾਂ ਅਧਿਕਾਰੀਆਂ ਦੀ ਲਿਸਟ ਬਣਾਈ ਗਈ ਹੈ, ਜੋ ਸਭ ਤੋਂ ਜ਼ਿਆਦਾ ਨਿੱਜੀ ਫੀਸ ਲੈ ਕੇ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਜਾਣਕਾਰੀ ਮੁਤਾਬਕ ਲੁਧਿਆਣਾ ਵਿਚ ਲੰਬੇ ਸਮੇਂ ਤੋਂ ਬੈਠੇ ਇਕ ਸੀਨੀਆਰ ਅਧਿਕਾਰੀ ਅਤੇ ਇਕ ਈ. ਟੀ. ਓ. ਦਾ ਨਾਂ ਸੂਚੀ ਵਿਚ ਸਭ ਤੋਂ ਉੱਪਰ ਹੈ। ਇਸ ਤੋਂ ਇਲਾਵਾ ਜਲੰਧਰ ਤੋਂ ਇਕ ਸੀਨੀਅਰ ਅਧਿਕਾਰੀ, ਅੰਮ੍ਰਿਤਸਰ ਤੋਂ ਈ. ਟੀ. ਓ. ਪੱਧਰ ਦਾ ਇਕ ਅਧਿਕਾਰੀ ਹੈ।
ਦੱਸਿਆ ਜਾਂਦਾ ਹੈ ਕਿ ਅੰਮ੍ਰਿਤਸਰ ਦਾ ਇਹ ਅਧਿਕਾਰੀ ਪੂਰੇ ਪੰਜਾਬ ਦੇ ਮੋਬਾਇਲ ਵਿੰਗ ਨੂੰ ਆਪ੍ਰੇਟ ਕਰਦਾ ਹੈ। ਇਸ ਤੋਂ ਇਲਾਵਾ ਪਟਿਆਲਾ ਵਿਚ ਇਕ ਅਜਿਹਾ ਈ. ਟੀ. ਓ. ਤਾਇਨਾਤ ਹੈ, ਜੋ ਆਪਣੇ ਆਪ ਨੂੰ ਕਿਸੇ ਜਾਂਚ ਏਜੰਸੀ ਵਿਚ ਲੱਗੇ ਰਿਸ਼ਤੇਦਾਰ ਦਾ ਹਵਾਲਾ ਦੇ ਕੇ ਖੂਬ ਜੇਬਾਂ ਭਰਦਾ ਹੈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਵੀ ਉਸ ਦੀ ਬਦਲੀ ਕਰਨ ਦੀ ਹਿੰਮਤ ਨਹੀਂ ਹੁੰਦੀ। ਇਸ ਤੋਂ ਇਲਾਵਾ ਬਠਿੰਡਾ ਵਿਚ ਇਕ ਈ. ਟੀ. ਓ. ਹੈ ਜੋ ਆਪਣੇ ਲਗਜ਼ਰੀ ਲਾਈਫ ਸਟਾਈਲ ਲਈ ਕਾਫੀ ਮਸ਼ਹੂਰ ਹੈ। ਇਸ ਦਾ ਨਾਂ ਪ੍ਰਮੁੱਖਤਾ ਨਾਲ ਵਿਜੀਲੈਂਸ ਦੀ ਸੂਚੀ ਵਿਚ ਹੈ। ਮੋਹਾਲੀ ਵਿਚ ਵੀ ਇਕ ਈ. ਟੀ. ਓ. ਹੈ ਜੋ ਪਹਿਲਾਂ ਵੀ ਵਿਜੀਲੈਂਸ ਜਾਂਚ ਦੇ ਦਾਇਰੇ ਵਿਚ ਆ ਚੁੱਕਾ ਹੈ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਜੀਲੈਂਸ ਨੇ ਇਨ੍ਹਾਂ ਦੀ ਨੌਕਰੀ ਸਬੰਧੀ ਸਾਰੀ ਜਾਣਕਾਰੀ ਹਾਸਲ ਕਰ ਲਈ ਹੈ ਕਿ ਕਿਹੜਾ, ਕਦੋਂ ਤੋਂ ਕਿਸ ਪੋਸਟ 'ਤੇ ਤਾਇਨਾਤ ਹੈ। ਇਨ੍ਹਾਂ ਦੀ ਬਦਲੀ ਨਾ ਹੋਣ ਪਿੱਛੇ ਕੀ ਕਾਰਨ ਹੈ। ਇਸ ਤੋਂ ਇਲਾਵਾ ਇਨ੍ਹਾਂ ਨੇ ਅੱਜ ਤੱਕ ਕਿੰਨੇ ਕੇਸ ਫੜੇ ਅਤੇ ਉਨ੍ਹਾਂ ਤੋਂ ਕਿੰਨੀ ਰਿਕਵਰੀ ਕੀਤੀ, ਵਿਜੀਲੈਂਸ ਇਨ੍ਹਾਂ ਹੀ ਤੱਥਾਂ 'ਤੇ ਜਾਂਚ ਕਰ ਲਵੇ ਤਾਂ ਭ੍ਰਿਸ਼ਟਾਚਾਰ ਦੀ ਸਾਰੀ ਖੇਡ ਈਮਾਨਦਾਰੀ ਦਾ ਅਕਸ ਰੱਖਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਆ ਜਾਵੇਗੀ।

ਪਾਸਰਾਂ ਨਾਲੋਂ ਨਹੀਂ ਟੁੱਟ ਰਹੀ ਅਫਸਰਾਂ ਦੀ ਗੰਢਤੁਪ
ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਤੋਂ ਬਿਨਾਂ ਬਿੱਲ ਦੇ ਮਾਲ ਕਢਵਾਉਣ ਵਾਲੇ ਪਾਸਰਾਂ ਦੇ ਨਾਲ ਜੀ. ਐੱਸ. ਟੀ. ਦੇ ਅਫਸਰਾਂ ਦੀ ਗੰਢਤੁਪ ਨਹੀਂ ਟੁੱਟ ਰਹੀ। ਦੋ ਦਿਨ ਪਹਿਲਾਂ ਜਦੋਂ 'ਜਗ ਬਾਣੀ' ਨੇ ਪਾਸਰਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਸੀ ਤਾਂ ਉਸ ਸਮੇਂ ਵਧੀਕ ਕਮਿਸ਼ਨਰ ਨੇ ਕਿਹਾ ਸੀ ਕਿ ਉਹ ਸਿੰਡੀਕੇਟ ਤੋੜ ਦੇਣਗੇ ਪਰ ਇਸ ਤੋਂ ਬਾਅਦ ਅੱਜ ਵੀ ਸਿੰਡੀਕੇਟ ਬਣਾ ਕੇ ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਤੋਂ ਜਮ ਕੇ ਗੱਡੀਆਂ ਪੰਜਾਬ ਭਰ ਵਿਚ ਬਿਨਾਂ ਬਿੱਲ ਦੇ ਇਧਰੋਂ-ਉਧਰ ਗਈਆਂ। ਆਈ ਵਾਸ਼ ਕਰਨ ਲਈ ਹਾਲ ਹੀ ਵਿਚ ਵਿਭਾਗ ਨੇ 25 ਗੱਡੀਆਂ ਜ਼ਬਤ ਕੀਤੀਆਂ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਨੂੰ ਜੁਰਮਾਨਾ ਲੈ ਕੇ ਛੱਡ ਦਿੱਤਾ ਗਿਆ ਪਰ ਜਿਨ੍ਹਾਂ ਪਾਸਰਾਂ ਦੀਆਂ ਇਹ ਗੱਡੀਆਂ ਸਨ, ਉਨ੍ਹਾਂ 'ਤੇ ਜੁਰਮਾਨੇ ਤੋਂ ਇਲਾਵਾ ਕੋਈ ਕਾਰਵਾਈ ਨਹੀਂ ਕੀਤੀ ਗਈ। ਅੱਜ ਬਿਨਾਂ ਬਿੱਲ ਦੇ ਕਰੀਬ 200 ਗੱਡੀਆਂ ਇੱਧਰੋਂ-ਉਧਰ ਗਈਆਂ ਅਤੇ ਅਫਸਰ ਆਪਣੇ ਕਮਰਿਆਂ ਤੋਂ ਬਾਹਰ ਨਹੀਂ ਆਏ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਨ੍ਹਾਂ ਪਾਸਰਾਂ ਦੀਆਂ ਗੱਡੀਆਂ ਗਈਆਂ ਹਨ ਉਨ੍ਹਾਂ ਵਿਚ ਜੀਟਰ, ਗਗਨ, ਬੱਬੂ, ਰਾਜੂ, ਸਰਪੰਚ, ਗੋਗੀ, ਸਚਿਨ, ਰੌਕੀ, ਕਮਲ ਪ੍ਰਮੁੱਖ ਹਨ। ਧਿਆਨ ਰਹੇ ਕਿ ਰਿਸ਼ਵਤ ਕਾਂਡ ਤੋਂ ਬਾਅਦ ਤੋਂ ਕਈ ਪਾਸਰ ਵਿਜੀਲੈਂਸ ਦੇ ਕੋਲ ਜਾ ਕੇ ਆਪਣੀ ਸਟੇਟਮੈਂਟ ਵੀ ਦਰਜ ਕਰਵਾ ਚੁੱਕੇ ਹਨ।


Related News